17.5 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਰਾਜ ਕਪੂਰ ਤੇ ਦਲੀਪ ਕੁਮਾਰ ਦੇ ਪੁਸ਼ਤੈਨੀ ਘਰ ਖਰੀਦੇਗੀ ਖੈਬਰ ਪਖਤੂਨਵਾ ਸਰਕਾਰ

ਰਾਜ ਕਪੂਰ ਤੇ ਦਲੀਪ ਕੁਮਾਰ ਦੇ ਪੁਸ਼ਤੈਨੀ ਘਰ ਖਰੀਦੇਗੀ ਖੈਬਰ ਪਖਤੂਨਵਾ ਸਰਕਾਰ

1918 ਤੋਂ 1922 ਦਰਮਿਆਨ ਬਣੀਆਂ ਇਹ ਦੋਵੇਂ ਇਮਾਰਤਾਂ ਹਨ ਪਾਕਿਸਤਾਨ ਦੀ ਰਾਸ਼ਟਰੀ ਵਿਰਾਸਤ
ਪਿਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਦੀ ਸੂਬਾ ਸਰਕਾਰ ਨੇ ਬੌਲੀਵੁੱਡ ਦੇ ਮਹਾਨ ਅਦਾਕਾਰਾਂ ਰਾਜ ਕਪੂਰ ਤੇ ਦਿਲੀਪ ਕੁਮਾਰ ਦੇ ਜੱਦੀ ਘਰਾਂ ਨੂੰ ਖਰੀਦਣ ਦਾ ਫੈਸਲਾ ਕੀਤਾ ਹੈ। ਮੌਜੂਦਾ ਸਮੇਂ ਇਨ੍ਹਾਂ ਘਰਾਂ ਦੀ ਹਾਲਤ ਕਾਫ਼ੀ ਮਾੜੀ ਹੈ ਤੇ ਇਨ੍ਹਾਂ ਨੂੰ ਕਿਸੇ ਵੇਲੇ ਵੀ ਢਾਹਿਆ ਜਾ ਸਕਦਾ ਹੈ। ਸੂਬਾ ਸਰਕਾਰ ਖਰੀਦ ਮਗਰੋਂ ਇਨ੍ਹਾਂ ਘਰਾਂ ਦੀ ਇਤਿਹਾਸਕ ਇਮਾਰਤਾਂ ਵੱਜੋਂ ਸਾਂਭ ਸੰਭਾਲ ਕਰੇਗੀ।
ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਪੁਰਾਤੱਤਵ ਵਿਭਾਗ ਨੇ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਇਨ੍ਹਾਂ ਦੋ ਇਮਾਰਤਾਂ ਦੀ ਖਰੀਦ ਲਈ ਉਚਿਤ ਫੰਡ ਦੇਣ ਦਾ ਫੈਸਲਾ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਦੋਵੇਂ ਇਮਾਰਤਾਂ ਪਿਸ਼ਾਵਰ ਸ਼ਹਿਰ ਦੇ ਐਨ ਵਿਚਾਲੇ ਪੈਂਦੀਆਂ ਹਨ ਤੇ ਇਨ੍ਹਾਂ ਨੂੰ ਕੌਮੀ ਵਿਰਾਸਤ ਐਲਾਨਿਆ ਜਾ ਚੁੱਕਾ ਹੈ। ਇਨ੍ਹਾਂ ਇਤਿਹਾਸਕ ਇਮਾਰਤਾਂ ਦੀ ਅਸਲ ਕੀਮਤ ਦਾ ਪਤਾ ਲਾਉਣ ਲਈ ਪਿਸ਼ਾਵਰ ਦੇ ਡਿਪਟੀ ਕਮਿਸ਼ਨਰ ਨੂੰ ਸਰਕਾਰੀ ਪੱਤਰ ਭੇਜ ਦਿੱਤਾ ਗਿਆ ਹੈ। ਪੁਰਾਤੱਤਵ ਵਿਭਾਗ ਦੇ ਮੁਖੀ ਡਾ.ਅਬਦੁਸ ਸਮਦ ਖ਼ਾਨ ਨੇ ਕਿਹਾ ਕਿ ਭਾਰਤੀ ਸਿਨੇਮਾ ਦੇ ਦੋ ਮਹਾਨ ਅਦਾਕਾਰ ਦੇਸ਼ ਵੰਡ ਤੋਂ ਪਹਿਲਾਂ ਦੇ ਸ਼ੁਰੂਆਤੀ ਦਿਨਾਂ ਵਿੱਚ ਇਨ੍ਹਾਂ ਘਰਾਂ ਵਿਚ ਹੀ ਜੰਮੇ ਪਲੇ ਸਨ। ਕਪੂਰ ਹਵੇਲੀ ਦੇ ਨਾਂ ਨਾਲ ਮਕਬੂਲ ਰਾਜ ਕਪੂਰ ਦਾ ਪੁਸ਼ਤੈਨੀ ਘਰ ਕਿੱਸਾ ਖਵਾਨੀ ਬਾਜ਼ਾਰ ਵਿੱਚ ਹੈ ਤੇ ਇਸ ਦੀ ਉਸਾਰੀ ਸਾਲ 1918 ਤੋਂ 1922 ਦਰਮਿਆਨ ਰਾਜ ਕਪੂਰ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ ਕਰਵਾਈ ਸੀ। ਉਧਰ ਉੱਘੇ ਅਦਾਕਾਰ ਦਿਲੀਪ ਕੁਮਾਰ ਦਾ ਇਕ ਸਦੀ ਪੁਰਾਣਾ ਪੁਸ਼ਤੈਨੀ ਘਰ ਵੀ ਇਸੇ ਇਲਾਕੇ ਵਿੱਚ ਹੈ। ਨਵਾਜ਼ ਸ਼ਰੀਫ਼ ਸਰਕਾਰ ਨੇ ਸਾਲ 2014 ਵਿੱਚ ਇਸ ਨੂੰ ਕੌਮੀ ਵਿਰਾਸਤ ਐਲਾਨ ਦਿੱਤਾ ਸੀ।

RELATED ARTICLES
POPULAR POSTS