2.4 C
Toronto
Thursday, November 27, 2025
spot_img
Homeਜੀ.ਟੀ.ਏ. ਨਿਊਜ਼ਬੱਸ ਦੀ ਟਰਾਲੇ ਨਾਲ ਟੱਕਰ : 15 ਖਿਡਾਰੀਆਂ ਦੀ ਮੌਤ

ਬੱਸ ਦੀ ਟਰਾਲੇ ਨਾਲ ਟੱਕਰ : 15 ਖਿਡਾਰੀਆਂ ਦੀ ਮੌਤ

ਓਟਵਾ : ਕੈਨੇਡਾ ਦੀ ਜੂਨੀਅਰ ਹਾਕੀ ਟੀਮ ਦੀ ਬੱਸ ਦੀ ਪੇਂਡੂ ਇਲਾਕੇ ਸਸਕੈਚਵਨ ਵਿਖੇ ਟਰਾਲੇ ਨਾਲ ਟੱਕਰ ਹੋਣ ਨਾਲ 15 ਨੌਜਵਾਨ ਖਿਡਾਰੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 14 ਖਿਡਾਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ। ਬੱਸ ਵਿਚ ਹਮਬੋਲਡਟ ਬਰੋਨਕੋਸ ਟੀਮ ਦੇ ਖਿਡਾਰੀ ਸਨ ਤੇ ਇਹ ਸਸਕੈਚਵਨ ਜੂਨੀਅਰ ਲੀਗ ਹਾਕੀ ਮੁਕਾਬਲੇ ਲਈ ਬੱਸ ‘ਚ ਸਵਾਰ ਹੋ ਕੇ ਜਾ ਰਹੇ ਸਨ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਇੰਸਪੈਕਟਰ ਟੈਡ ਮੋਨਰੋ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਹਾਦਸੇ ਵਿਚ ਕਈ ਖਿਡਾਰੀਆਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਇਹ ਹਾਦਸਾ ਤਿਸਡੇਲ (ਸਸਕੈਚਵਨ) ਤੋਂ 28 ਕਿਲੋਮੀਟਰ ਦੂਰ ਉਦੋਂ ਵਾਪਰਿਆ ਜਦੋਂ ਇਹ ਬੱਸ ਹਾਈਵੇ 35 ‘ਤੇ ਜਾ ਰਹੀ ਸੀ। ਬਰੋਨਕੋਸ ਟੀਮ ਦੇ ਪ੍ਰਧਾਨ ਕੈਵਿਨ ਗੈਰਿੰਗਰ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਹਾਦਸੇ ਵਿਚ ਇੰਨਾ ਨੁਕਸਾਨ ਹੋ ਗਿਆ ਹੈ ਜਿੰਨਾ ਕੋਈ ਸੋਚ ਵੀ ਨਹੀਂ ਸਕਦਾ। ਬਰੋਨਕੋਸ ਟੀਮ ਦੇ 24 ਖਿਡਾਰੀ ਤੇ ਚਾਰ ਹੋਰ ਵਿਅਕਤੀ ਲੀਗ ਮੈਚ ਲਈ ਜਾ ਰਹੇ ਸਨ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ। ਟੀਮ ਵਿਚ 16 ਤੋਂ 21 ਸਾਲ ਉਮਰ ਦੇ ਖਿਡਾਰੀ ਸ਼ਾਮਲ ਸਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਿਆਨਕ ਹਾਦਸੇ ‘ਚ 15 ਖਿਡਾਰੀਆਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਟਵੀਟ ਵਿਚ ਟਰੂਡੋ ਨੇ ਕਿਹਾ ਕਿ ਮੈਂ ਉਨ੍ਹਾਂ ਮਾਪਿਆਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ, ਜਿਨ੍ਹਾਂ ਨੇ ਇਸ ਹਾਦਸੇ ਵਿਚ ਆਪਣੇ ਨੌਜਵਾਨ ਪੁੱਤਰ ਖੋਹ ਦਿੱਤੇ। ਸਸਕੈਚਵੈਨ ਲੀਗ ਦੇਸ਼ ‘ਚ ਚੋਟੀ ਦੇ ਹਾਕੀ ਖਿਡਾਰੀ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਕੈਨੇਡਾ ਦੇ ਚੋਟੀ ਦੇ ਹਾਕੀ ਖਿਡਾਰੀ ਇਸ ਲੀਗ ਨੂੰ ਖੇਡ ਚੁੱਕੇ ਹਨ। ਇਸ ਹਾਦਸੇ ਨੇ ਦਸੰਬਰ 1986 ਦੇ ਉਸ ਬੱਸ ਹਾਦਸੇ ਦੀ ਯਾਦ ਦਿਵਾ ਦਿੱਤੀ ਹੈ ਜੋ ਕਿ ਸਸਕੈਚਵਨ ਵਿਚ ਹੀ ਹੋਇਆ ਸੀ ਤੇ ਉਸ ਵਿਚ ਵੈਸਟਰਨ ਹਾਕੀ ਲੀਗ ਦੇ ਚਾਰ ਖਿਡਾਰੀ ਮਾਰੇ ਗਏ ਸਨ।

RELATED ARTICLES
POPULAR POSTS