ਦੋਵਾਂ ਦੇਸ਼ਾਂ ਵਿਚਕਾਰ ਉਡਾਣਾਂ ਵਧਣ ਦੀ ਸੰਭਾਵਨਾ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਅਤੇ ਭਾਰਤ ਵਿਚਕਾਰ ਜਹਾਜ਼ਾਂ ਦੀ ਆਵਾਜਾਈ ਬਾਰੇ ਸੰਧੀ ਦਾ ਘੇਰਾ ਵਧਾਏ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸ਼ਹਿਰਾਂ ਵਿਚ ਹਵਾਈ ਉਡਾਣਾਂ ਵਧਣ ਅਤੇ ਸਿੱਟੇ ਵਜੋਂ ਕਿਰਾਏ ਕੁਝ ਘਟਣ ਦੀ ਸੰਭਾਵਨਾ ਬਣ ਗਈ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 1 ਵਿਚ ਕੈਨੇਡਾ ਦੇ ਹਵਾਬਾਜ਼ੀ ਮੰਤਰੀ ਓਮਾਰ ਅਲਗਾਬਰਾ ਅਤੇ ਭਾਰਤ ਦੀ ਕੌਂਸਲ ਜਨਰਲ ਅਪੂਰਵਾ ਸ੍ਰੀਵਾਸਤਵਾ ਨੇ ਦੋਵਾਂ ਦੇਸ਼ਾਂ ਵਿਚ 1982 ਵਿਚ ਕੀਤੇ ਟਰਾਂਸਪੋਰਟ ਐਗਰੀਮੈਂਟ ਦਾ ਘੇਰਾ ਵਧਾਉਣ ਅਤੇ ਹਵਾਈ ਕੰਪਨੀਆਂ ਨੂੰ ਵੱਧ ਉਡਾਣਾਂ ਚਲਾਉਣ ਦੀ ਖੁੱਲ੍ਹ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਹਵਾਬਾਜ਼ੀ ਮੰਤਰੀ ਅਲਗਾਬਰਾ ਨੇ ਕਿਹਾ ਕਿ ਨਵੇਂ ਸਮਝੌਤੇ ਨਾਲ ਦੋਵੇਂ ਦੇਸ਼ਾਂ ਵਿਚ ਨਿਵੇਸ਼ ਅਤੇ ਵਪਾਰਕ ਸੰਬੰਧ ਵਧਣ ਦੀ ਆਸ ਹੈ।
ਹੁਣ ਤੱਕ ਭਾਰਤ ਅਤੇ ਕੈਨੇਡਾ ਵਿਚਕਾਰ ਦੋਵੇਂ ਦੇਸ਼ਾਂ ਦੀਆ ਹਵਾਈ ਕੰਪਨੀਆਂ ਵਲੋਂ ਹਫ਼ਤੇ ਵਿਚ 35 ਤੋਂ ਵੱਧ ਉਡਾਣਾਂ ਨਹੀਂ ਚਲਾਈਆਂ ਜਾ ਸਕਦੀਆਂ ਸਨ।
ਨਵੇਂ ਸਮਝੌਤੇ ਵਿਚ ਉਡਾਣਾਂ ਦੀ ਸੀਮਤ ਗਿਣਤੀ ਖ਼ਤਮ ਕਰਕੇ ਤੁਰੰਤ ਪ੍ਰਭਾਵ ਨਾਲ ਅਣਗਿਣਤ ਉਡਾਣਾਂ ਚਲਾਉਣ ਦੀ ਵਿਵਸਥਾ ਕਰ ਦਿੱਤੀ ਗਈ ਹੈ। ਬੀਤੇ ਸਾਲਾਂ ਤੋਂ ਭਾਰਤ ਅਤੇ ਕੈਨੇਡਾ ਵਿਚਕਾਰ ਹਵਾਈ ਆਵਾਜਾਈ ਅਤੇ ਮਾਲ ਦੀ ਢੋਆ ਢੁਆਈ ਵਿਚ ਵਾਧਾ ਹੁੰਦਾ ਰਿਹਾ ਪਰ ਉਡਾਣਾਂ ਦੀ ਘੱਟ ਉਪਲਬਧੀ ਕਾਰਨ ਲੋਕਾਂ ਨੂੰ ਵੱਧ ਕਿਰਾਏ ਖ਼ਰਚਣੇ ਪੈ ਰਹੇ ਹਨ।
ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ 1982 ਕੀਤੀ ਉਪਰੋਕਤ ਸੰਧੀ ਨੂੰ 2011 ਵਿਚ ਸੋਧਿਆ ਗਿਆ ਸੀ, ਜਿਸ ਤਹਿਤ ਕੈਨੇਡਾ ਦੀਆਂ ਹਵਾਈ ਕੰਪਨੀਆਂ ਵਲੋਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਤੋਂ ਉਡਾਣਾਂ ਚਲਾਈਆਂ ਜਾ ਸਕਦੀਆਂ ਸਨ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਜਾਣ ਵਾਲੇ ਮੁਸਾਫ਼ਰਾਂ ਲਈ (ਕੋਡ ਸ਼ੇਅਰਿੰਗ ਤਹਿਤ) ਜਹਾਜ਼ ਬਦਲਣਾ ਜ਼ਰੂਰੀ ਸੀ। ਇਸੇ ਤਰ੍ਹਾਂ ਭਾਰਤ ਦੀਆਂ ਹਵਾਈ ਕੰਪਨੀਆਂ ਨੂੰ ਕੈਨੇਡਾ ‘ਚ ਟੋਰਾਂਟੋ, ਵੈਨਕੂਵਰ, ਮਾਂਟਰੀਅਲ, ਐਡਮਿੰਟਨ ਅਤੇ ਦੋ ਹੋਰ ਹਵਾਈ ਅੱਡੇ ਚੁਣਨ ਦੀ ਖੁੱਲ੍ਹ ਦਿੱਤੀ ਗਈ ਸੀ। ਸੋਧ ਕੇ ਐਲਾਨੇ ਗਏ ਸਮਝੌਤੇ ਤਹਿਤ ਭਾਰਤ ਦੇ ਹੋਰ ਸ਼ਹਿਰਾਂ ਦੇ ਨਾਲ-ਨਾਲ ਕੈਨੇਡਾ ਦੇ ਸ਼ਹਿਰਾਂ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਚਲਾਉਣ ਦੀ ਸੰਭਾਵਨਾ ਵੀ ਬਣ ਸਕਦੀ ਹੈ।