ਕੇਜਰੀਵਾਲ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਂਧਰਾ ਪ੍ਰਦੇਸ਼ ’ਚ ਲਗਾਉਣਗੇ ਧਿਆਨ
ਸੁਨੀਲ ਜਾਖੜ ਨੇ ਟਵੀਟ ਕਰਕੇ ਮੁੱਖ ਮੰਤਰੀ ਮਾਨ ’ਤੇ ਸਾਧਿਆ ਸਿਆਸੀ ਨਿਸ਼ਾਨਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਕਿ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਚਾਰ ਦਿਨਾਂ ਲਈ ਆਂਧਰਾ ਪ੍ਰਦੇਸ਼ ਵਿਚ ਧਿਆਨ ਲਗਾਉਣ ਲਈ ਜਾ ਰਹੇ ਹਨ। ਸੁਨੀਲ ਜਾਖੜ ਨੇ ਟਵੀਟ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿਆਸੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਇਹ ਫੈਸਲਾ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਕਿਉਂਕਿ ਮੁੱਖ ਮੰਤਰੀ ਦੇ ਆਂਧਰਾ ਪ੍ਰਦੇਸ਼ ਜਾਣ ਵਾਲੇ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਹੁਸ਼ਿਆਰਪੁਰ ’ਚ ਬਣਿਆ ਵਿਪਾਸਨਾ ਮੈਡੀਟੇਸ਼ਨ ਸੈਂਟਰ ਧਿਆਨ ਲਗਾਉਣ ਲਈ ਵਧੀਆ ਜਗ੍ਹਾ ਨਹੀਂ। ਜਾਖੜ ਨੇ ਅੱਗੇ ਕਿਹਾ ਕਿ ਇਸ ਤੋਂ ਸਾਫ਼ ਹੁੰਦਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਵਿਪਾਸਨਾ ਮੈਡੀਟੇਸ਼ਨ ਸੈਂਟਰ ਵਿਚ ਧਿਆਨ ਲਗਾਉਣ ਲਈ ਨਹੀਂ ਬਲਕਿ ਈਡੀ ਦੀ ਜਾਂਚ ਤੋਂ ਬਚਣ ਲਈ ਆਏ ਸਨ। ਧਿਆਨ ਰਹੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਲੰਘੇ ਦਿਨੀਂ ਹੁਸ਼ਿਆਰਪੁਰ ਦੇ ਵਿਪਾਸਨਾ ਮੈਡੀਟੇਸ਼ਨ ਸੈਂਟਰ ਵਿਚ 10 ਦਿਨਾਂ ਲਈ ਧਿਆਨ ਲਗਾਉਣ ਲਈ ਆਏ ਸਨ।