‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਵੀ ਰਹੇ ਮੌਜੂਦ
ਪਟਿਆਲਾ/ਬਿਊਰੋ ਨਿਊਜ਼ : ਆਮ ਆਦਮ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਬੁੱਧਵਾਰ ਨੂੰ ਪਟਿਆਲਾ ਪੁੱਜੇ ਹਨ। ਇੱਥੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ‘ਸੀਐੱਮ ਦੀ ਯੋਗਸ਼ਾਲਾ’ ਦੀ ਸ਼ੁਰੂਆਤ ਕੀਤੀ। ਲੰਘੇ ਦਿਨੀਂ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਭਾਰਤ ਦੀਆਂ ਸ਼ਾਨਦਾਰ ਪ੍ਰਾਚੀਨ ਰਵਾਇਤਾਂ ਦੇ ਸੁਮੇਲ ਨਾਲ ਇਹ ਯੋਗਸ਼ਾਲਾਵਾਂ ਸਰੀਰਕ ਅਤੇ ਮਾਨਿਸਕ ਤੌਰ ’ਤੇ ਪੰਜਾਬੀਆਂ ਨੂੰ ਸਿਹਤਮੰਦ ਬਣਾਉਣ ਵਿਚ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਾਇਲਟ ਪ੍ਰਾਜੈਕਟ ਵਜੋਂ ਇਸ ਦੀ ਸ਼ੁਰੂਆਤ ਅੰਮਿ੍ਰਤਸਰ, ਫਗਵਾੜਾ, ਪਟਿਆਲਾ ਅਤੇ ਲੁਧਿਆਣਾ ਦੇ ਸ਼ਹਿਰਾਂ ਤੋਂ ਕੀਤੀ ਜਾਵੇਗੀ ਜਿੱਥੇ ਟਰੇਂਡ ਯੋਗਾ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਲੋਕਾਂ ਨੂੰ ਮੁਫ਼ਤ ਯੋਗਾ ਸਿਖਲਾਈ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਸ ਦਾ ਮੁੱਖ ਉਦੇਸ਼ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਲੋਕਾਂ ਦੀ ਭਾਈਵਾਲੀ ਰਾਹੀਂ ਜਨਤਕ ਮੁਹਿੰਮ ਨੂੰ ਯਕੀਨੀ ਬਣਾਉਣਾ ਹੈ।