ਕਿਹਾ : ਸਿੱਖਾਂ ਨਾਲ ਕੀਤਾ ਜਾ ਰਿਹਾ ਹੈ ਪੱਖਪਾਤ
ਅੰਮਿ੍ਰਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ਼ੁੱਕਰਵਾਰ ਨੂੰ ਕੌਮ ਦੇ ਨਾਮ ਸੰਦੇਸ਼ ਦਿੰਦੇ ਹੋਏ ਸਰਕਾਰਾਂ ਪ੍ਰਤੀ ਨਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਿੱਖਾਂ ਦੇ ਮਸਲਿਆਂ ਨੂੰ ਜਲਦੀ ਹੱਲ ਕੀਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਪ੍ਰਤੀ ਹੋ ਰਹੇ ਪੱਖਪਾਤ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਪ੍ਰਤੀ ਨਫਰਤ ਫੈਲਾਉਣ ਦੇ ਮਾਮਲੇ ਸੋਸ਼ਲ ਮੀਡੀਆ ’ਤੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਸਿੱਖਾਂ ਦੀ ਨਸਲਕੁਸ਼ੀ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਜਦੋਂ ਕਿ ਅਜਿਹੇ ਮਾਹੌਲ ਵਿਚ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਜਥੇਦਾਰ ਹੋਰਾਂ ਨੇ ਕਿਹਾ ਕਿ ਸਿੱਖ ਅਜਿਹੀਆਂ ਗੱਲਾਂ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਦੇਸ਼ ਵਿਚ ਦੋ ਕਾਨੂੰਨ ਚੱਲ ਰਹੇ ਹਨ। ਬੰਦੀ ਸਿੱਖਾਂ ਸਬੰਧੀ ਸਰਕਾਰਾਂ ਫੈਸਲਾ ਨਹੀਂ ਲੈ ਰਹੀਆਂ। ਉਨ੍ਹਾਂ ਕਿਹਾ ਕਿ ਜੇਕਰ ਰਾਜੀਵ ਗਾਂਧੀ ਦੇ ਹੱਤਿਆਰਿਆਂ ਨੂੰ ਰਿਹਾਈ ਮਿਲ ਸਕਦੀ ਹੈ ਤਾਂ ਬੰਦੀ ਸਿੱਖਾਂ ਨੂੰ ਰਿਹਾਈ ਕਿਉਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਇਕ ਦੇਸ਼ ਵਿਚ ਹਰ ਧਰਮ ਲਈ ਵੱਖਰਾ ਨਿਯਮ ਚੱਲ ਰਿਹਾ ਹੈ ਤਾਂ ਇਹ ਦੇਸ਼ ਅਖੰਡ ਕਿਸ ਤਰ੍ਹਾਂ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਦੇਸ਼ ਨੂੰ ਅਖੰਡ ਬਣਾਉਣਾ ਹੈ ਤਾਂ ਪੂਰੇ ਰਾਸ਼ਟਰ ਨੂੰ ਪੱਖਪਾਤ ਤੋਂ ਮੁਕਤ ਰੱਖਣਾ ਹੋਵੇਗਾ।