ਪੰਜਾਬ ਦੇ ਦਰਜਨ ਦੇ ਕਰੀਬ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਚੱਲ ਰਹੀ ਹੈ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਵਿੱਚ ਕੀਤੀ ਗ੍ਰਿਫਤਾਰੀ ਨੇ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਸੂਬੇ ਦੇ ਦਰਜਨ ਦੇ ਕਰੀਬ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਸਰੋਤਾਂ ਤੋਂ ਜ਼ਿਆਦਾ ਆਮਦਨੀ ਦੇ ਮਾਮਲੇ ਵਿੱਚ ਜਾਂਚ ਆਰੰਭੀ ਹੋਈ ਹੈ। ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਜਿਨ੍ਹਾਂ ਕਾਂਗਰਸੀ ਆਗੂਆਂ ਖਿਲਾਫ ਜਾਂਚ ਵਿੱਢੀ ਹੋਈ ਹੈ ਉਨ੍ਹਾਂ ਵਿੱਚ ਓਮ ਪ੍ਰਕਾਸ਼ ਸੋਨੀ, ਭਾਰਤ ਭੂਸ਼ਨ ਆਸ਼ੂ, ਸੁੰਦਰ ਸ਼ਾਮ ਅਰੋੜਾ, ਵਿਜੈਇੰਦਰ ਸਿੰਗਲਾ, ਬ੍ਰਹਮ ਮਹਿੰਦਰਾ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਬਰਿੰਦਰਮੀਤ ਸਿੰਘ ਪਾਹੜਾ, ਮਦਨ ਲਾਲ ਜਲਾਲਪੁਰ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਅਤੇ ਭਾਜਪਾ ‘ਚ ਸ਼ਮੂਲੀਅਤ ਕਰਨ ਵਾਲੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਦਿ ਦਾ ਨਾਮ ਸ਼ਾਮਲ ਹੈ।
ਇਸੇ ਤਰ੍ਹਾਂ ਪੁਲਿਸ ਦੇ ਕਈ ਅਫ਼ਸਰਾਂ ਖਿਲਾਫ਼ ਵੀ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ। ਵਿਜੀਲੈਂਸ ਨੇ ਓਪੀ ਸੋਨੀ, ਕੁਸ਼ਲਦੀਪ ਸਿੰਘ ਢਿੱਲੋਂ, ਪਾਹੜਾ ਤੇ ਮਦਨਲਾਲ ਜਲਾਲਪੁਰ ਦੀਆਂ ਜਾਇਦਾਦਾਂ ਸਬੰਧੀ ਜਾਣਕਾਰੀ ਇਕੱਤਰ ਕਰਨ ‘ਚ ਤੇਜ਼ੀ ਲਿਆਂਦੀ ਹੋਈ ਹੈ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ਦੌਰਾਨ ਹੋਰਨਾਂ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਵਿਜੀਲੈਂਸ ਦੀ ਮਾਰ ਹੇਠ ਆੳਣ ਵਾਲੇ ਕਾਂਗਰਸੀ ਆਗੂਆਂ ਵੱਲੋਂ ਭੱਜ-ਨੱਠ ਕੀਤੀ ਜਾਣ ਲੱਗੀ ਹੈ ਤੇ ਇਹ ਆਗੂ ਹਾਈਕੋਰਟ ਦੇ ਸੀਨੀਅਰ ਵਕੀਲਾਂ ਦਾ ਸਹਾਰਾ ਲੈ ਰਹੇ ਹਨ।
ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਦੀ ਜਾਇਦਾਦ ਦੇ ਵੇਰਵੇ ਇਕੱਤਰ ਕਰਨ ‘ਚ ਹਾਲ ਦੀ ਘੜੀ ਸਮਾਂ ਲੱਗ ਰਿਹਾ ਹੈ। ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਕਾਂਗਰਸ ਸਰਕਾਰ ਦਾ ਕਰੀਬੀ ਰਿਹਾ ਇੱਕ ਪੁਲਿਸ ਅਧਿਕਾਰੀ ਆਪਣੀ ਜਾਇਦਾਦ ਵੇਚ ਵੱਟ ਕੇ ਵਿਦੇਸ਼ ਚਲਾ ਗਿਆ ਹੈ। ਇਹ ਸਾਬਕਾ ਅਧਿਕਾਰੀ ਵੀ ਵਿਜੀਲੈਂਸ ਦੀ ਤਲਵਾਰ ਲਟਕਦੀ ਹੋਈ ਮਹਿਸੂਸ ਕਰ ਰਿਹਾ ਸੀ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਕਾਲੀ-ਭਾਜਪਾ ਸਰਕਾਰ ਸਮੇਂ ਸਿੰਜਾਈ ਵਿਭਾਗ ਵਿੱਚ ਹੋਏ ਬਹੁ ਕਰੋੜੀ ਘਪਲੇ ਦੇ ਮਾਮਲੇ ਵਿੱਚ ਵੀ ਮੁੜ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਵਿੱਚ ਹੁਣ ਤੱਕ ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਸਮੇਤ ਤਿੰਨ ਸਾਬਕਾ ਆਈਏਐਸ ਅਧਿਕਾਰੀਆਂ ਸਰਵੇਸ਼ ਕੌਸ਼ਲ, ਕੇ.ਬੀ.ਐਸ. ਸਿੱਧੂ ਅਤੇ ਕਾਹਨ ਸਿੰਘ ਪੰਨੂ ਨੂੰ ਦੋ ਵਾਰੀ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਾ ਹੈ।
ਸਿੰਚਾਈ ਘੁਟਾਲੇ ਵਿਚ ਦੋ ਸਾਬਕਾ ਮੰਤਰੀਆਂ ‘ਤੇ ਸ਼ਿਕੰਜਾ
ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਫਿਰ ਪੁੱਛਗਿੱਛ ਲਈ ਬੁਲਾ ਸਕਦੀ ਹੈ ਵਿਜੀਲੈਂਸ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਕਰੋੜਾਂ ਰੁਪਏ ਦੇ ਹੋਏ ਸਿੰਚਾਈ ਘੁਟਾਲੇ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਦੀ ਜਾਂਚ ਦਾ ਫੋਕਸ ਹੁਣ ਦੋਵੇਂ ਸਾਬਕਾ ਮੰਤਰੀਆਂ ‘ਤੇ ਆ ਗਿਆ ਹੈ। ਅਕਾਲੀ ਦਲ ਦੀ ਸਰਕਾਰ ‘ਚ ਮੰਤਰੀ ਰਹੇ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਜੀਲੈਂਸ ਹੁਣ ਤੀਜੀ ਵਾਰ ਪੁੱਛਗਿੱਛ ਲਈ ਬੁਲਾ ਸਕਦੀ ਹੈ। ਕਿਉਂਕਿ ਵਿਜੀਲੈਂਸ ਦੀ ਜਾਂਚ ਟੀਮ ਨੇ ਦੋਵੇਂ ਸਾਬਕਾ ਮੰਤਰੀਆਂ ਵਲੋਂ ਦਿੱਤੇ ਗਏ ਆਪਣੀ ਜਾਇਦਾਦ ਦੇ ਬਿਓਰੇ ਦੀ ਕਰਾਸ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਜੀਲੈਂਸ ਦੀ ਰਡਾਰ ‘ਤੇ ਉਕਤ ਦੋਵੇਂ ਮੰਤਰੀਆਂ ਤੋਂ ਇਲਾਵਾ ਰਿਟਾਇਰਡ ਆਈਏਐਸ ਅਧਿਕਾਰੀ ਸਰਵੇਸ਼ ਕੌਸ਼ਲ ਅਤੇ ਕਾਹਨ ਸਿੰਘ ਪੰਨੂ ਵੀ ਹਨ। ਵਿਜੀਲੈਂਸ ਦੀ ਜਾਂਚ ਟੀਮ ਇਨ੍ਹਾਂ ਅਧਿਕਾਰੀਆਂ ਕੋਲੋਂ ਵੀ ਪੁੱਛਗਿੱਛ ਕਰ ਚੁੱਕੀ ਹੈ ਅਤੇ ਇਨ੍ਹਾਂ ਦੀ ਜਾਇਦਾਦ ਦੀ ਵੀ ਕਰਾਸ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਅਧਿਕਾਰੀਆਂ ਕੋਲੋਂ ਇਨ੍ਹਾਂ ਦੇ ਸੇਵਾ ਕਾਲ ਦੇ ਦੌਰਾਨ ਟੈਂਡਰ ਪ੍ਰਕਿਰਿਆ ਤੋਂ ਲੈ ਕੇ ਪੇਮੈਂਟ ਅਤੇ ਫਾਈਲ ਕਲੀਰਿੰਗ ਨਾਲ ਸਬੰਧਤ ਸਵਾਲ-ਜਵਾਬ ਕੀਤੇ ਜਾ ਚੁੱਕੇ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਸਿੰਚਾਈ ਵਿਭਾਗ ਵਿਚ 1200 ਕਰੋੜ ਰੁਪਏ ਦਾ ਇਹ ਘੁਟਾਲਾ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਵਿਚ ਹੋਇਆ ਸੀ। ਧਿਆਨ ਰਹੇ ਕਿ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ, ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਹੋਏ ਘੁਟਾਲਿਆਂ ਦੀ ਜਾਂਚ ਕਰਵਾ ਰਹੇ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …