Breaking News
Home / ਸੰਪਾਦਕੀ / ਭੂਚਾਲ ਨੇ ਹਿਲਾਈ ਵਿਸ਼ਵ ਮਾਨਵਤਾ

ਭੂਚਾਲ ਨੇ ਹਿਲਾਈ ਵਿਸ਼ਵ ਮਾਨਵਤਾ

ਭੂਚਾਲ ਨੇ ਇਕ ਵਾਰ ਫਿਰ ਵਿਸ਼ਵ ਮਾਨਵਤਾ ਨੂੰ ਦਹਿਲਾ ਦਿੱਤਾ ਹੈ। ਇਸ ਵਾਰ ਇਸ ਭੂਚਾਲ ਦਾ ਕੇਂਦਰ ਤੁਰਕੀ ਅਤੇ ਸੀਰੀਆ ਬਣੇ ਹਨ, ਜਿੱਥੇ 7.8 ਦੀ ਉੱਚ ਤੀਬਰਤਾ ਵਾਲੇ ਇਸ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੈ। ਭੂਚਾਲ ਦਾ ਕਹਿਰ ਸੀਰੀਆ ‘ਚ ਜ਼ਿਆਦਾ ਵਰਤਿਆ, ਜਦੋਂ ਕਿ ਤੁਰਕੀ ‘ਚ ਵੀ ਭੁਚਾਲ ਨੇ ਆਪਣਾ ਭਿਆਨਕ ਰੂਪ ਦਿਖਾਇਆ। ਇੰਨੀ ਜ਼ਿਆਦਾ ਤਬਾਹੀ ਦਾ ਇਕ ਕਾਰਨ ਇਹ ਵੀ ਰਿਹਾ ਕਿ ਭੂਚਾਲ ਦੇ ਝਟਕੇ ਵਾਰ-ਵਾਰ ਅਤੇ ਘੱਟ ਤੋਂ ਘੱਟ 40 ਵਾਰ ਤਾਂ ਜ਼ਰੂਰ ਮਹਿਸੂਸ ਕੀਤੇ ਗਏ, ਜਿਸ ਕਾਰਨ ਪੀੜਤਾਂ ਦੀ ਗਿਣਤੀ ਵਧਦੀ ਗਈ। ਹੁਣ ਤੱਕ ਦੇ ਪ੍ਰਾਪਤ ਹੋਏ ਅੰਕੜਿਆਂ ਮੁਤਾਬਿਕ ਦੋਵਾਂ ਦੇਸ਼ਾਂ ‘ਚ ਇਸ ਭੂਚਾਲ ਕਰਕੇ 20 ਹਜ਼ਾਰ ਦੇ ਕਰੀਬ ਵਿਅਕਤੀਆਂ ਦੀ ਜਾਨ ਚਲੇ ਗਈ ਹੈ, ਜਦੋਂ ਕਿ ਹਜ਼ਾਰਾਂ ਹੋਰ ਜ਼ਖ਼ਮੀ ਹੋਏ ਹਨ। ਭੂਚਾਲ ਨਾਲ ਪ੍ਰਭਾਵਿਤ ਹਜ਼ਾਰਾਂ ਇਮਾਰਤਾਂ ਵੀ ਜ਼ਮੀਨਦੋਜ਼ ਹੋ ਗਈਆਂ ਹਨ। ਆਰਥਿਕ ਪੱਧਰ ‘ਤੇ ਅਰਬਾਂ ਰੁਪਇਆਂ ਦੇ ਘਾਟੇ ਦਾ ਅਨੁਮਾਨ ਲਗਾਇਆ ਗਿਆ ਹੈ। ਭੂਚਾਲ ਦੀ ਉੱਚ ਤੀਬਰਤਾ ਦਾ ਕੇਂਦਰ ਬੇਸ਼ੱਕ ਤੁਰਕੀ ਅਤੇ ਸੀਰੀਆ ਬਣੇ ਪਰ ਇਨ੍ਹਾਂ ਦੇ ਗੁਆਂਢੀ ਦੇਸ਼ਾਂ ਲਿਬਨਾਨ, ਸਾਈਪ੍ਰਸ, ਇਰਾਕ, ਇਜ਼ਰਾਈਲ ਅਤੇ ਫਲਸਤੀਨ ‘ਚ ਵੀ ਭੂਚਾਲ ਦੇ ਘੱਟ ਤੀਬਰਤਾ ਵਾਲੇ ਲੰਮੇ ਸਮੇਂ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ, ਕਿਉਂਕਿ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਚਾਰ ਵਜੇ ਤੋਂ ਬਾਅਦ ਆਇਆ, ਇਸ ਲਈ ਜ਼ਿਆਦਾਤਰ ਲੋਕ ਸੁੱਤੇ ਹੋਏ ਹੋਣ ਕਾਰਨ ਇਸ ਦੀ ਲਪੇਟ ‘ਚ ਆ ਗਏ। ਇਸ ਨਾਲ ਲੋਕਾਂ ਨੂੰ ਬਚਾਅ ਦੇ ਘੱਟ ਹੀ ਮੌਕੇ ਮਿਲ ਸਕੇ ਅਤੇ ਸਥਾਨਕ ਪ੍ਰਸ਼ਾਸਨਾਂ ਨੂੰ ਵੀ ਰਾਹਤ ਕਾਰਜਾਂ ਲਈ ਮੁਸ਼ਕਲਾਂ ਪੇਸ਼ ਆਈਆਂ।
ਭੂਚਾਲ ਦੀ ਇਸ ਤਬਾਹੀ ਦੀਆਂ ਖ਼ਬਰਾਂ ਮਿਲਦਿਆਂ ਹੀ ਵਿਸ਼ਵ ਭਰ ਦੇ ਦੇਸ਼ਾਂ ਨੇ ਪੀੜਤ ਦੇਸ਼ਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਇਸ ਸੰਬੰਧੀ ਇਕ ਪਹਿਲ ਭਾਰਤ ਵਲੋਂ ਵੀ ਕੀਤੀ ਗਈ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਹਰੇਕ ਸੰਭਵ ਮਦਦ ਦਾ ਸੰਦੇਸ਼ ਭੇਜਿਆ। ਵਿਸ਼ਵ ਪੱਧਰ ‘ਤੇ ਵਿਗਿਆਨ ਅਤੇ ਸੂਚਨਾ ਕ੍ਰਾਂਤੀ ਕਾਰਨ ਦੁਨੀਆ ਅੱਜ ਇਕ ਵਿਸ਼ਵ-ਪਿੰਡ ‘ਚ ਤਬਦੀਲ ਹੋ ਗਈ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ‘ਚ ਵਾਪਰੀ ਘਟਨਾ ਦੀ ਸੂਚਨਾ ਤੁਰੰਤ ਚਾਰੇ ਪਾਸੇ ਫੈਲ ਜਾਂਦੀ ਹੈ ਅਤੇ ਇਸ ਆਧਾਰ ‘ਤੇ ਮਦਦ ਦੇ ਹੱਥ ਵੀ ਉਸੇ ਗਤੀ ਨਾਲ ਅੱਗੇ ਵਧਣ ਲਗਦੇ ਹਨ। ਮੌਜੂਦਾ ਸਮੇਂ ‘ਚ ਵੀ ਯੂਰਪੀ ਸੰਘ, ਬਰਤਾਨੀਆ, ਜਰਮਨੀ, ਅਮਰੀਕਾ, ਇਜ਼ਰਾਈਲ, ਸਪੇਨ ਤੇ ਜਾਪਾਨ ਆਦਿ ਦੇਸ਼ਾਂ ਨੇ ਆਪਣੇ-ਆਪਣੇ ਬਚਾਅ ਦਲ ਇਨ੍ਹਾਂ ਖੇਤਰਾਂ ‘ਚ ਭੇਜ ਦਿੱਤੇ ਹਨ। ਸੀਰੀਆ ‘ਚ ਪਹਿਲਾਂ ਤੋਂ ਮੌਜੂਦ ਰੂਸੀ ਸੈਨਿਕ ਵੀ ਤੁਰੰਤ ਸਰਗਰਮ ਹੋ ਗਏ ਸਨ।
ਭੂਚਾਲ ਆਉਣ ਦੇ ਵੱਡੇ ਕਾਰਨਾਂ ‘ਚ ਧਰਤੀ ਹੇਠਾਂ ਵਾਲੀਆਂ ਪਲੇਟਾਂ ਦੇ ਆਪਸੀ ਗਰੁੱਤਾ ਆਕਰਸ਼ਨ ਕਾਰਨ ਹੋਣ ਵਾਲੇ ਖਿਚਾਅ ਅਤੇ ਜਵਾਲਾਮੁਖੀ ਜਾਂ ਠੰਢੇ ਹੁੰਦੇ ਧਰਤੀ ਦੇ ਹਿੱਸੇ ‘ਚ ਉਪਜੀ ਭਾਫ਼ ਨੂੰ ਮੰਨਿਆ ਜਾਂਦਾ ਹੈ। ਸਮੁੰਦਰ ਦੇ ਹੇਠਾਂ ਵਾਲੀਆਂ ਤਹਿਆਂ ਦੀ ਹਿਲਜੁਲ ਨਾਲ ਉਪਜੀ ਸੁਨਾਮੀ ਵੀ ਭੂਚਾਲ ਦਾ ਕਾਰਨ ਬਣਦੀ ਹੈ। ਵਿਸ਼ਵ ਪੱਧਰ ‘ਤੇ ਉਪਜੇ ਹੁਣ ਤੱਕ ਦੇ ਭਿਆਨਕ ਭੂਚਾਲ ‘ਚ 26 ਜਨਵਰੀ, 2001 ਨੂੰ ਗੁਜਰਾਤ ‘ਚ 30 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ। ਇਸੇ ਤਰ੍ਹਾਂ 26 ਦਸੰਬਰ, 2004 ਨੂੰ ਦੇਸ਼ ਦੇ ਦੱਖਣੀ ਭਾਗ ‘ਚ 9.2 ਤੀਬਰਤਾ ਦੇ ਭੁਚਾਲ ਅਤੇ ਸੁਨਾਮੀ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ। ਪਾਕਿ ਦੇ ਕੋਇਟਾ ਦਾ ਭੁਚਾਲ ਵੀ ਬੜਾ ਘਾਤਕ ਮੰਨਿਆ ਜਾਂਦਾ ਹੈ, ਜਿਸ ‘ਚ 75 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ। 2010 ‘ਚ ਹੈਤੀ ਦੇ ਭੁਚਾਲ ‘ਚ ਇਕ ਲੱਖ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਸੀ। ਇਸ ਸਾਲ ਭਾਰਤ ਦੇ ਗੁਆਂਢੀ ਦੇਸ਼ ਨਿਪਾਲ ‘ਚ ਵੀ ਬੀਤੇ ਮਹੀਨੇ ਜਨਵਰੀ ‘ਚ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਨਾਲ ਇਕ ਵਿਅਕਤੀ ਦੀ ਮੌਤ ਅਤੇ ਕੁਝ ਹੋਰਾਂ ਦੇ ਜ਼ਖ਼ਮੀ ਹੋਣ ਅਤੇ ਕੁਝ ਭਵਨਾਂ ਦੇ ਨੁਕਸਾਨੇ ਜਾਣ ਦੀ ਸੂਚਨਾ ਮਿਲੀ ਸੀ। ਬੀਤੇ ਸਾਲ ਨਵੰਬਰ ‘ਚ ਵੀ ਨਿਪਾਲ ‘ਚ 6.3 ਦੀ ਤੀਬਰਤਾ ਵਾਲੇ ਭੁਚਾਲ ਦੇ ਕਾਰਨ 6 ਮੌਤਾਂ ਹੋਈਆਂ ਸਨ। ਬੀਤੇ ਸਾਲ ਤਾਈਵਾਨ ਅਤੇ ਚੀਨ ‘ਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭਾਰਤ ਦਾ ਕੁਝ ਹਿੱਸਾ ਹਿਮਾਲਿਆ ਖੇਤਰ ‘ਚ ਹੋਣ ਕਾਰਨ ਇਸ ਦੇ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਪਰਬਤੀ ਹਿੱਸੇ ਅਤੇ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਤਾਮਿਲਨਾਡੂ ਆਦਿ ਦੇ ਕੁਝ ਮੈਦਾਨੀ ਭਾਗ ਭੁਚਾਲ ਲਈ ਨਾਜ਼ੁਕ ਕੇਂਦਰ ਮੰਨੇ ਜਾਂਦੇ ਹਨ। ਕੁਦਰਤੀ ਆਫ਼ਤਾਂ ਵਾਲੇ ਖ਼ਤਰੇ ਤੋਂ ਇਲਾਵਾ ਭਾਰਤ ਦੇ ਪਰਬਤੀ ਖੇਤਰਾਂ ‘ਚ ਲਗਾਤਾਰ ਵਧਦੀ ਮਨੁੱਖੀ ਦਖ਼ਲਅੰਦਾਜ਼ੀ ਅਤੇ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਅਤੇ ਬੇਤਰਤੀਬੀ ਮਾਈਨਿੰਗ ਦੀ ਪ੍ਰਕਿਰਿਆ ਨੇ ਵੀ ਭੁਚਾਲ ਦੇ ਖ਼ਤਰੇ ਵਾਲੇ ਖੇਤਰਾਂ ਨੂੰ ਵਧਾਇਆ ਹੈ। ਇਸੇ ਕਾਰਨ ਉੱਤਰਾਖੰਡ ਜਿਹੇ ਖੇਤਰਾਂ ‘ਚ ਭੂਚਾਲ ਵਿਗਿਆਨੀਆਂ ਨੇ ਨਿਰੰਤਰ ਵਧਦੇ ਖ਼ਤਰਿਆਂ ਨੂੰ ਲੈ ਕੇ ਵਾਰ-ਵਾਰ ਚਿਤਾਵਨੀ ਦਿੱਤੀ ਹੈ।
ਬਿਨਾਂ ਸ਼ੱਕ ਵਿਗਿਆਨਕ ਤਰੱਕੀ ਅਤੇ ਤਕਨੀਕੀ ਖੋਜਾਂ ਕਾਰਨ ਮਾਹਿਰ ਅਕਸਰ ਆਪਣੀਆਂ ਭਵਿੱਖਬਾਣੀਆਂ ਰਾਹੀਂ ਚਿਤਾਵਨੀਆਂ ਦਿੰਦੇ ਰਹਿੰਦੇ ਹਨ। ਵਿਗਿਆਨੀਆਂ ਵਲੋਂ ਮੌਸਮਾਂ ਦੇ ਮਿਜ਼ਾਜ ਅਤੇ ਸੰਭਾਵੀ ਕਿਸੇ ਵੀ ਤਰ੍ਹਾਂ ਦੀ ਪਰਬਤੀ ਉਥਲ-ਪੁਥਲ ਦੀ ਸੂਚਨਾ ਵੀ ਅਕਸਰ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ, ਪਰ ਕੁਦਰਤੀ ਆਫ਼ਤਾਂ ਦਾ ਦਾਇਰਾ ਕਈ ਵਾਰ ਏਨਾ ਵਿਸ਼ਾਲ ਤੇ ਵਿਆਪਕ ਹੁੰਦਾ ਹੈ ਕਿ ਲੱਖਾਂ ਸਾਧਨਾਂ-ਉਪਕਰਨਾਂ ਦੇ ਬਾਵਜੂਦ ਇਸ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ। ਮਿਲੀਆਂ ਖ਼ਬਰਾਂ ਅਨੁਸਾਰ ਮੌਜੂਦਾ ਭੂਚਾਲ ਬਾਰੇ ਵੀ ਮਾਹਿਰਾਂ ਅਤੇ ਵਿਗਿਆਨੀਆਂ ਨੇ ਚਿਤਾਵਨੀ ਜਾਰੀ ਕੀਤੀ ਸੀ ਪਰ ਇਸ ਸਭ ਕੁਝ ਦੇ ਬਾਵਜੂਦ ਨਾ ਤਾਂ ਇਸ ਸੰਭਾਵਨਾ ਨੂੰ ਰੋਕਿਆ ਜਾ ਸਕਿਆ, ਨਾ ਹੀ ਇਸ ਦੀ ਤਬਾਹੀ ‘ਤੇ ਰੋਕ ਲਗਾਈ ਜਾ ਸਕੀ।
ਅਸੀਂ ਸਮਝਦੇ ਹਾਂ ਕਿ ਬੇਸ਼ੱਕ ਭੂਚਾਲ ਵਰਗੀਆਂ ਆਫ਼ਤਾਂ ਅਤੇ ਤਬਾਹੀਆਂ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ, ਪਰ ਇਨ੍ਹਾਂ ਤੋਂ ਉਪਜਣ ਵਾਲੀ ਤਬਾਹੀ ਦੀ ਤੀਬਰਤਾ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਕੁਝ ਵੱਡੇ ਅਤੇ ਵਿਕਸਤ ਦੇਸ਼ ਅਜਿਹਾ ਕਰ ਵੀ ਰਹੇ ਹਨ। ਭੂਚਾਲ ਕੇਂਦਰਿਤ ਅਤੇ ਨਾਜ਼ੁਕ ਖੇਤਰਾਂ ‘ਚ ਗ਼ੈਰ-ਜ਼ਰੂਰੀ ਦਖਲਅੰਦਾਜ਼ੀ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਕਾਸ ਦੀ ਲੜੀ ਨੂੰ ਤਰਤੀਬਵਾਰ ਅਤੇ ਯੋਜਨਾਬੱਧ ਢੰਗ ਨਾਲ ਕੰਟਰੋਲ ‘ਚ ਰੱਖਣਾ ਚਾਹੀਦਾ ਹੈ। ਭੂਚਾਲ ਨਾਲ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਖੇਤਰਾਂ ‘ਚ ਭਵਨਾਂ ਆਦਿ ਦਾ ਨਿਰਮਾਣ ਵੀ ਇਸ ਢੰਗ ਨਾਲ ਹੋਣਾ ਚਾਹੀਦਾ ਹੈ ਕਿ ਕਿਸੇ ਸੰਭਾਵੀ ਆਫ਼ਤ ਸਮੇਂ ਘੱਟ ਤੋਂ ਘੱਟ ਨੁਕਸਾਨ ਹੋਵੇ। ਜਾਪਾਨ ਜਿਹੇ ਦੇਸ਼ਾਂ ‘ਚ ਅਜਿਹੀ ਹੀ ਤਕਨੀਕ ਅਪਣਾਈ ਜਾਂਦੀ ਹੈ। ਕੁਝ ਇਸ ਤਰ੍ਹਾਂ ਦੇ ਬਚਾਅ ਦੇ ਤਰੀਕਿਆਂ ਅਤੇ ਅਗਾਊਂ ਪੇਸ਼ਬੰਦੀਆਂ ਨੂੰ ਅਪਣਾ ਕੇ ਹੀ ਭੂਚਾਲ ਜਿਹੀਆਂ ਕੁਦਰਤੀ ਆਫ਼ਤਾਂ ਰਾਹੀਂ ਹੋਣ ਵਾਲੀ ਤਬਾਹੀ ਨੂੰ ਘੱਟ ਕੀਤਾ ਜਾ ਸਕਦਾ ਹੈ।

Check Also

ਆਸਥਾ ਬਨਾਮ ਤਰਾਸਦੀ

ਪੱਛਮੀ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਹੈੱਡਕੁਆਰਟਰ ਤੋਂ 47 ਕਿਲੋਮੀਟਰ ਦੂਰ ਫੁਲਰਈ ਪਿੰਡ ਵਿਚ …