Breaking News
Home / ਸੰਪਾਦਕੀ / ਪੰਜਾਬ ਦੀ ‘ਆਪ’ ਸਰਕਾਰ ਅਤੇ ਭ੍ਰਿਸ਼ਟਾਚਾਰ

ਪੰਜਾਬ ਦੀ ‘ਆਪ’ ਸਰਕਾਰ ਅਤੇ ਭ੍ਰਿਸ਼ਟਾਚਾਰ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ 7 ਮਹੀਨੇ ਪੂਰੇ ਕਰ ਲਏ ਹਨ। ਇਸ ਸਮੇਂ ਦੌਰਾਨ ਉਸ ਨੇ ਅਨੇਕਾਂ ਫੈਸਲੇ ਲਏ ਹਨ ਅਤੇ ਬਹੁਤ ਸਾਰੇ ਪ੍ਰਸ਼ਾਸਨਿਕ ਕਦਮ ਉਠਾਏ ਹਨ, ਜਿਨ੍ਹਾਂ ਬਾਰੇ ਵੱਖ-ਵੱਖ ਧਿਰਾਂ ਦੀ ਆਪੋ-ਆਪਣੀ ਰਾਇ ਹੋ ਸਕਦੀ ਹੈ। ਆਪਣੇ ਇਸ ਸਮੇਂ ਦੌਰਾਨ ਉਸ ਨੇ ਪਿਛਲੀਆਂ ਸਰਕਾਰਾਂ ਸਮੇਂ ਹੋਏ ਭ੍ਰਿਸ਼ਟਾਚਾਰ ਨੂੰ ਮੁੱਖ ਰੱਖ ਕੇ ਵੀ ਅਨੇਕਾਂ ਸਿਆਸਤਦਾਨਾਂ ਤੇ ਅਫ਼ਸਰਸ਼ਾਹਾਂ ਵਿਰੁੱਧ ਕਾਰਵਾਈ ਕੀਤੀ ਹੈ, ਇਸ ਨਾਲ ਇਕ ਤਰ੍ਹਾਂ ਨਾਲ ਹੜਕੰਪ ਮਚਿਆ ਨਜ਼ਰ ਆਉਂਦਾ ਹੈ। ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕਣ ਦਾ ਐਲਾਨ ਵੀ ਕੀਤਾ ਸੀ। ਜਿਥੋਂ ਤੱਕ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦਾ ਸੰਬੰਧ ਹੈ, ਇਹ ਅਲਾਮਤਾਂ ਸੂਬੇ ਦੀ ਰਗ-ਰਗ ਵਿਚ ਦਾਖਲ ਹੋ ਚੁੱਕੀਆਂ ਹਨ।
ਹੇਠਾਂ ਤੋਂ ਲੈ ਕੇ ਉੱਪਰ ਤੱਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸਾਰੀਆਂ ਹੀ ਤਤਕਾਲੀ ਸਰਕਾਰਾਂ ਨੇ ਇਨ੍ਹਾਂ ਅਲਾਮਤਾਂ ਨੂੰ ਜੜ੍ਹੋਂ ਪੁੱਟਣ ਲਈ ਬਿਆਨ ਦਿੱਤੇ ਪਰ ਉਹ ਇਸ ਸੰਬੰਧੀ ਬਹੁਤ ਕੁਝ ਕਰ ਸਕਣ ਤੋਂ ਅਸਮਰੱਥ ਰਹੀਆਂ। ਮਿਲਾਵਟਖੋਰੀ, ਧੋਖਾਧੜੀ ਅਤੇ ਹਰ ਤਰ੍ਹਾਂ ਦੇ ਕਬਜ਼ੇ ਜਨਤਕ ਜ਼ਿੰਦਗੀ ਦਾ ਹਿੱਸਾ ਹੀ ਬਣ ਚੁੱਕੇ ਹਨ। ਇਸ ਦੀ ਲਪੇਟ ਵਿਚ ਅੱਜ ਵੱਡੀ ਹੱਦ ਤੱਕ ਬਹੁਤ ਸਾਰੇ ਛੋਟੇ ਵੱਡੇ ਕਰਮਚਾਰੀ ਅਤੇ ਅਧਿਕਾਰੀ ਆਏ ਨਜ਼ਰ ਆਉਂਦੇ ਹਨ। ਚਾਹੇ ਅੱਜ ਬਹੁਤੇ ਕੰਮ ਕੰਪਿਊਟਰਾਂ ਰਾਹੀਂ ਜਾਂ ਡਿਜੀਟਲ ਤਕਨੀਕ ਦੀ ਵਰਤੋਂ ਕਰਦਿਆਂ ਆਨਲਾਈਨ ਹੁੰਦੇ ਹਨ, ਜਿਸ ਕਾਰਨ ਘਪਲਿਆਂ ਦੀਆਂ ਸੰਭਾਵਨਾਵਾਂ ਘਟ ਜਾਂਦੀਆਂ ਹਨ, ਪਰ ਸੰਬੰਧਿਤ ਵਿਅਕਤੀਆਂ ਵਲੋਂ ਇਸ ਦਾ ਕੋਈ ਹੋਰ ਢੰਗ ਤਰੀਕਾ ਕੱਢ ਹੀ ਲਿਆ ਜਾਂਦਾ ਹੈ ਪਰ ਹੈਰਾਨੀ ਉਸ ਸਮੇਂ ਹੁੰਦੀ ਹੈ, ਜਦੋਂ ਲੋਕਾਂ ਰਾਹੀਂ ਚੁਣੇ ਗਏ ਨੁਮਾਇੰਦੇ ਅਜਿਹੇ ਕੰਮਾਂ ਵਿਚ ਗਲਤਾਨ ਹੋ ਜਾਂਦੇ ਹਨ। ਹੁਣ ਜਿਸ ਤਰ੍ਹਾਂ ਵਾਰੋ-ਵਾਰੀ ਵੱਡੇ ਤੋਂ ਵੱਡੇ ਘੁਟਾਲਿਆਂ ਦੇ ਕੇਸ ਸਾਹਮਣੇ ਆ ਰਹੇ ਹਨ, ਉਸ ਤੋਂ ਤਾਂ ਇਹੀ ਪ੍ਰਭਾਵ ਮਿਲਦਾ ਹੈ ਕਿ ਅੱਜ ਦੀ ਸਿਆਸਤ ਬੇਹੱਦ ਗੰਧਲੀ ਹੋ ਚੁੱਕੀ ਹੈ। ਲੋਕਾਂ ਦੇ ਪ੍ਰਤੀਨਿਧਾਂ ਦਾ ਫਰਜ਼ ਲੋਕ ਭਲਾਈ ਅਤੇ ਲੋਕਾਂ ਦਾ ਕੰਮ ਕਰਨਾ ਨਾ ਰਹਿ ਕੇ ਹਰ ਢੰਗ-ਤਰੀਕੇ ਨਾਲ ਆਪਣੀਆਂ ਲਾਲਸਾਵਾਂ ਨੂੰ ਪੂਰਾ ਕਰਨਾ ਬਣ ਗਿਆ ਹੈ।
ਪਿਛਲੀ ਸਰਕਾਰ ਸਮੇਂ ਦੇ ਹੁਣ ਤੱਕ ਸਾਹਮਣੇ ਆਏ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਉਸ ਸਰਕਾਰ ਦੇ ਤਿੰਨ ਮੰਤਰੀ ਘੇਰੇ ਵਿਚ ਆ ਚੁੱਕੇ ਹਨ ਜਿਨ੍ਹਾਂ ਨੇ ਜੰਗਲਾਂ ਤੋਂ ਲੈ ਕੇ ਅਨਾਜ ਦੀ ਢੋਆ-ਢੁਆਈ ਅਤੇ ਲੋਕ ਜੀਵਨ ਵਿਚ ਨਿਤ ਦਿਨ ਕੰਮ ਆਉਣ ਵਾਲੀਆਂ ਚੀਜ਼ਾਂ ਨੂੰ ਵੀ ਨਹੀਂ ਛੱਡਿਆ। ਪਿਛਲੇ ਦਿਨੀਂ ਕਾਂਗਰਸ ਸਮੇਂ ਰਹੇ ਉਦਯੋਗ ਮੰਤਰੀ ਵਲੋਂ ਪੁਲਿਸ ਅਧਿਕਾਰੀਆਂ ਨੂੰ ਵੱਡੀ ਰਕਮ ਰਿਸ਼ਵਤ ਵਜੋਂ ਦੇਣ ਦਾ ਮਾਮਲਾ ਸਾਹਮਣੇ ਆਉਣ ਨੇ ਹਰ ਇਕ ਨੂੰ ਹੈਰਾਨ ਕਰ ਦਿੱਤਾ ਹੈ। ਬਿਨਾਂ ਸ਼ੱਕ ਸੂਬੇ ਲਈ ਅਜਿਹਾ ਘਟਨਾਕ੍ਰਮ ਬੇਹੱਦ ਪ੍ਰੇਸ਼ਾਨੀ ਵਾਲਾ ਹੈ। ਪਿਛਲੀ ਕਾਂਗਰਸ ਸਰਕਾਰ ਤੋਂ ਪਹਿਲੀਆਂ ਸਰਕਾਰਾਂ ‘ਤੇ ਵੀ ਅਜਿਹੇ ਹੀ ਦੋਸ਼ ਲਗਦੇ ਰਹੇ ਹਨ, ਜਿਨ੍ਹਾਂ ਨੇ ਦਰਿਆਵਾਂ ਦੇ ਰੇਤੇ ਅਤੇ ਬੱਜਰੀ ਤੱਕ ਨੂੰ ਵੀ ਨਹੀਂ ਸੀ ਛੱਡਿਆ। ਉਨ੍ਹਾਂ ਦੀ ਛਤਰ ਛਾਇਆ ਹੇਠ ਸ਼ਰਾਬ ਅਤੇ ਹੋਰ ਕਈ ਤਰ੍ਹਾਂ ਦੇ ਮਾਫ਼ੀਏ ਤਿਆਰ ਹੋ ਗਏ ਸਨ ਅਤੇ ਅਨੇਕਾਂ ਨਸ਼ਿਆਂ ਦੇ ਵਪਾਰੀ ਵੀ ਪੈਦਾ ਹੋ ਗਏ ਸਨ। ਅਨੇਕਾਂ ਤਰ੍ਹਾਂ ਦੇ ਇਨ੍ਹਾਂ ਮਾਫੀਆ ਨਾਲ ਸੰਬੰਧਿਤ ਲੋਕਾਂ ਦੇ ਨਕਲੀ ਧੰਦਿਆਂ ਦੇ ਕਾਰਖਾਨੇ ਵੀ ਫੜੇ ਗਏ ਸਨ।
ਇਹੀ ਕਾਰਨ ਸੀ ਕਿ ਲਗਾਤਾਰ ਪਿਛਲੀਆਂ ਸਰਕਾਰਾਂ ਤੋਂ ਤੰਗ ਆਏ ਲੋਕਾਂ ਨੇ ਕਿਸੇ ਤੀਸਰੇ ਬਦਲ ਬਾਰੇ ਸੋਚਣਾ ਸ਼ੁਰੂ ਕੀਤਾ ਸੀ ਜੋ ਉਨ੍ਹਾਂ ਨੂੰ ਅਜਿਹੀਆਂ ਅਲਾਮਤਾਂ ਤੋਂ ਨਿਜਾਤ ਦਿਵਾਉਣ ਦੇ ਸਮਰੱਥ ਹੋ ਸਕੇ। ਜਿਥੇ ਅਸੀਂ ਆਮ ਆਦਮੀ ਪਾਰਟੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਦੀ ਪ੍ਰਸੰਸਾ ਕਰਦੇ ਹਾਂ, ਉਥੇ ਉਸ ਨੂੰ ਸੁਚੇਤ ਕਰਨਾ ਵੀ ਆਪਣਾ ਫਰਜ਼ ਸਮਝਦੇ ਹਾਂ ਕਿ ਉਹ ਆਪ ਵੀ ਇਸ ਪੱਖੋਂ ਪੂਰਾ ਜ਼ਾਬਤਾ ਬਣਾਈ ਰੱਖੇ। ਪਿਛਲੇ ਦਿਨਾਂ ਤੋਂ ਕੁਝ ਅਜਿਹੀਆਂ ਖ਼ਬਰਾਂ ਮਿਲਣ ਲੱਗੀਆਂ ਹਨ ਜੋ ਚਿੰਤਾ ਪੈਦਾ ਕਰਨ ਅਤੇ ਆਮ ਆਦਮੀ ਪਾਰਟੀ ਦੇ ਅਕਸ ਨੂੰ ਧੁੰਦਲਾ ਕਰਨ ਵਾਲੀਆਂ ਹਨ। ਇਸ ਲਈ ਨਵੀਂ ਸਰਕਾਰ ਕੋਲੋਂ ਹਰ ਪੱਖੋਂ ਸੁਚੇਤ ਹੋ ਕੇ ਪੂਰੀ ਪਹਿਰੇਦਾਰੀ ਨਾਲ ਕੰਮ ਕਰਨ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ, ਜੋ ਲੋਕਾਂ ਅੰਦਰ ਚੰਗੀ ਆਸ ਪੈਦਾ ਕਰਨ ਦੇ ਸਮਰੱਥ ਹੋ ਸਕੇ, ਕਿਉਂਕਿ ਪੰਜਾਬ ਅਤੇ ਪੰਜਾਬੀਆਂ ਦਾ ਹਰ ਪੱਖੋਂ ਪਹਿਲਾਂ ਹੀ ਕਿੰਨਾ ਨੁਕਸਾਨ ਹੋ ਚੁੱਕਿਆ ਹੈ, ਜਿਸ ਦੀ ਛੇਤੀ ਕੀਤਿਆਂ ਪੂਰਤੀ ਨਹੀਂ ਹੋ ਸਕੇਗੀ।

Check Also

ਭਾਰਤ ਵਿਚ ਵਧ ਰਹੀ ਪਾਣੀ ਦੀ ਸਮੱਸਿਆ

ਭਾਰਤ ਸਾਹਮਣੇ ਦੋ ਅਤਿ ਗੰਭੀਰ ਸਮੱਸਿਆਵਾਂ ਖੜ੍ਹੀਆਂ ਹਨ, ਪਹਿਲੀ ਹੈ ਲਗਾਤਾਰ ਵਧਦੀ ਹੋਈ ਆਬਾਦੀ ਅਤੇ …