Breaking News
Home / ਸੰਪਾਦਕੀ / ਚੀਨ ਦੀ ਚੁਣੌਤੀ ਵਿਸ਼ਵ ਸ਼ਾਂਤੀ ਲਈ ਨਵੀਂ ਮੁਸੀਬਤ

ਚੀਨ ਦੀ ਚੁਣੌਤੀ ਵਿਸ਼ਵ ਸ਼ਾਂਤੀ ਲਈ ਨਵੀਂ ਮੁਸੀਬਤ

ਦੁਨੀਆ ਵਿਚ ਇਸ ਸਮੇਂ ਦੋ ਵੱਡੀਆਂ ਜੰਗਾਂ ਲੱਗੀਆਂ ਹੋਈਆਂ ਹਨ। ਪੱਛਮੀ ਏਸ਼ੀਆ ਵਿਚ ਇਜ਼ਰਾਈਲ ਤੇ ਹਮਾਸ ਦੀ ਜੰਗ ਬੜੇ ਖ਼ਤਰਨਾਕ ਮੋੜ ‘ਤੇ ਪੁੱਜ ਚੁੱਕੀ ਹੈ। ਇਜ਼ਰਾਈਲ ਦੀ ਹਮਾਇਤ ‘ਤੇ ਅਮਰੀਕਾ ਵਰਗੀ ਮਹਾਸ਼ਕਤੀ ਉੱਤਰੀ ਹੋਈ ਹੈ। ਦੂਸਰੇ ਪਾਸੇ ਹਮਾਸ ਨਾਲ ਬਹੁਤ ਸਾਰੇ ਅਰਬ ਮੁਲਕ ਖੜ੍ਹੇ ਦਿਖਾਈ ਦੇ ਰਹੇ ਹਨ। ਚਾਹੇ ਇਸ ਜੰਗ ਦੀ ਸ਼ੁਰੂਆਤ ਗਾਜ਼ਾ ਵਿਚ ਹਕੂਮਤ ਸਾਂਭੀ ਬੈਠੇ ਹਮਾਸ ਨੇ ਇਜ਼ਰਾਈਲ ਉੱਤੇ ਹਮਲਾ ਕਰ ਕੇ ਕੀਤੀ ਸੀ ਪਰ ਜਿਸ ਤਰ੍ਹਾਂ ਗਾਜ਼ਾ ਪੱਟੀ ‘ਚ ਘੁਸ ਕੇ ਇਜ਼ਰਾਈਲੀ ਫ਼ੌਜਾਂ ਲਗਾਤਾਰ ਬੰਬਾਰੀ ਕਰ ਕੇ ਤਬਾਹੀ ਕਰ ਰਹੀਆਂ ਹਨ, ਉਸ ਨਾਲ ਬਹੁਤੇ ਫਲਸਤੀਨੀ ਵੱਡੀ ਗਿਣਤੀ ਵਿਚ ਔਰਤਾਂ ਤੇ ਬੱਚਿਆਂ ਸਮੇਤ ਮਾਰੇ ਜਾ ਰਹੇ ਹਨ। ਇਸ ਨਾਲ ਦੁਨੀਆ ਭਰ ਵਿਚ ਇਜ਼ਰਾਈਲ ਵਿਰੁੱਧ ਗੁੱਸਾ ਪੈਦਾ ਹੋ ਰਿਹਾ ਹੈ।
ਇਸੇ ਹੀ ਤਰ੍ਹਾਂ ਰੂਸ ਵਲੋਂ ਕੀਤੇ ਆਪਣੇ ਗੁਆਂਢੀ ਦੇਸ਼ ਯੂਕਰੇਨ ਉਤੇ ਹਮਲੇ ਵਿਚ ਵੱਡੀ ਤਬਾਹੀ ਹੋ ਰਹੀ ਹੈ। ਚਾਹੇ ਇਹ ਤਬਾਹੀ ਦਾ ਦ੍ਰਿਸ਼ ਯੂਕਰੇਨ ਵਿਚ ਦੇਖਿਆ ਜਾ ਰਿਹਾ ਹੈ ਪਰ ਅਮਰੀਕਾ ਸਮੇਤ ਬਹੁਤੇ ਪੱਛਮੀ ਯੂਰਪ ਦੇ ਦੇਸ਼ਾਂ ਦੀ ਹਥਿਆਰਾਂ ਦੀ ਮਦਦ ਮਿਲਣ ਕਰਕੇ ਯੂਕਰੇਨ ਨੇ ਮੈਦਾਨ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਭਵਿੱਖ ਵਿਚ ਹੋਰ ਤਬਾਹੀ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸ ਦੇ ਨਾਲ ਹੀ ਤਾਈਵਾਨ ਦੇ ਮਸਲੇ ‘ਤੇ ਵੀ ਚੀਨ ਦੇ ਤੇਵਰ ਤਿੱਖੇ ਹੁੰਦੇ ਜਾ ਰਹੇ ਹਨ। ਸਾਲ 1949 ਤੋਂ ਬਾਅਦ ਤਾਈਵਾਨ ਨੇ ਮੁੱਖ ਧਰਤੀ ਚੀਨ ਤੋਂ ਵੱਖ ਹੋ ਕੇ ਆਪਣੀ ਵੱਖਰੀ ਹੋਂਦ ਦਾ ਐਲਾਨ ਕਰ ਦਿੱਤਾ ਸੀ। ਇਸ ਲਈ ਅਮਰੀਕਾ ਨੇ ਵੀ ਉਸ ਦੀ ਪੂਰੀ ਮਦਦ ਕੀਤੀ ਸੀ। ਪਰ ਚੀਨ ਨੇ ਕਦੇ ਵੀ ਤਾਈਵਾਨ ਨੂੰ ਇਕ ਵੱਖਰਾ ਦੇਸ਼ ਨਹੀਂ ਮੰਨਿਆ। ਚੀਨੀ ਹਾਕਮਾਂ ਨੇ ਸਦਾ ਇਸ ਨੂੰ ਆਪਣਾ ਇਕ ਹਿੱਸਾ ਕਹਿੰਦੇ ਹੋਏ ਇਸ ਉਤੇ ਕਬਜ਼ਾ ਕਰਨ ਦੀ ਨੀਤੀ ਅਪਣਾਈ ਰੱਖੀ ਹੈ। ਇਸੇ ਹੀ ਤਰ੍ਹਾਂ ਚੀਨ ਦਾ ਹਿੱਸਾ ਰਹੇ ਹਾਂਗਕਾਂਗ ਤੋਂ 100 ਸਾਲ ਬਾਅਦ ਅੰਗਰੇਜ਼ ਸਾਮਰਾਜ ਨੇ ਆਪਣਾ ਅਧਿਕਾਰ ਵਾਪਸ ਲੈ ਲਿਆ ਸੀ ਅਤੇ ਇਸ ਨੂੰ ਚੀਨ ਦੇ ਹਵਾਲੇ ਕਰ ਦਿੱਤਾ ਸੀ। ਹਾਂਗਕਾਂਗ ਨੇ ਉਸ ਤੋਂ ਬਾਅਦ ਵੀ ਆਪਣੀ ਵੱਖਰੀ ਹਸਤੀ ਕਾਇਮ ਕਰਨ ਲਈ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਇਥੇ ਹੀ ਬਸ ਨਹੀਂ, ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਕਾਰਨ ਅੱਜ ਹਿੰਦ-ਪ੍ਰਸ਼ਾਂਤ ਖੇਤਰ ਵੱਡੇ ਤਣਾਅ ਵਿਚੀਂ ਗੁਜ਼ਰ ਰਿਹਾ ਹੈ, ਕਿਉਂਕਿ ਚੀਨ ਦੱਖਣੀ ਚੀਨ ਸਾਗਰ ਦੇ ਬਹੁਤੇ ਹਿੱਸੇ ‘ਤੇ ਆਪਣਾ ਅਧਿਕਾਰ ਸਮਝਦਾ ਹੈ, ਜਿਸ ਨਾਲ ਦੱਖਣੀ ਏਸ਼ੀਆ ਦੇ ਬਹੁਤੇ ਦੇਸ਼ ਪ੍ਰਭਾਵਿਤ ਹੋ ਰਹੇ ਹਨ। ਅੱਜ ਇਸੇ ਗੱਲ ਨੂੰ ਲੈ ਕੇ ਫਿਲਪਾਈਨ, ਵੀਅਤਨਾਮ, ਕੰਬੋਡੀਆ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਬਰੂਨੀ ਅਤੇ ਇੰਡੋਨੇਸ਼ੀਆ ਆਦਿ ਦੇਸ਼ ਚੀਨ ਦੇ ਰਵੱਈਏ ਤੋਂ ਪੂਰੀ ਤਰ੍ਹਾਂ ਖ਼ਫ਼ਾ ਹਨ। ਆਸਟ੍ਰੇਲੀਆ, ਅਮਰੀਕਾ, ਜਾਪਾਨ ਅਤੇ ਭਾਰਤ ਨੇ ਵੀ ਚੀਨ ਦੇ ਇਸ ਰਵੱਈਏ ਵਿਰੁੱਧ ‘ਕੁਆਡ’ ਨਾਂਅ ਦਾ ਇਕ ਸੰਗਠਨ ਬਣਾਇਆ ਹੋਇਆ ਹੈ, ਜੋ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਵਿਚ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਸਮੁੰਦਰ ਰਾਹੀਂ ਖੁੱਲ੍ਹੇ ਵਪਾਰ ਅਤੇ ਆਵਾਜਾਈ ਦੇ ਮੁੱਦੇ ‘ਤੇ ਚੀਨ ਦੇ ਖਿਲਾਫ ਆਪਣੇ-ਆਪ ਨੂੰ ਮਜ਼ਬੂਤ ਕਰ ਰਿਹਾ ਹੈ।
ਇਸੇ ਹੀ ਸਮੇਂ ਦੌਰਾਨ ਜਿਥੇ ਚੀਨ ਵਿਚ ਸ਼ੀ-ਜਿਨਪਿੰਗ ਦੀ ਅਗਵਾਈ ਵਾਲੀ ਤਾਨਾਸ਼ਾਹੀ ਹਕੂਮਤ ਦਾ ਸਮਾਂ ਲੰਬਾ ਤੇ ਮਜ਼ਬੂਤ ਹੁੰਦਾ ਜਾ ਰਿਹਾ ਹੈ, ਉਥੇ ਤਾਈਵਾਨ ਨੇ ਵੀ ਆਪਣੇ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ। ਪਿਛਲੇ 8 ਸਾਲ ਤੋਂ ਉਥੇ ਡੈਮੋਕ੍ਰੇਟਿਕ ਪ੍ਰੋਗ੍ਰੈਸਿਵ ਪਾਰਟੀ ਦੀ ਹਕੂਮਤ ਰਹੀ ਹੈ, ਜਿਸ ਨੂੰ ਚੀਨ ਦੀ ਵਿਰੋਧੀ ਪਾਰਟੀ ਕਿਹਾ ਜਾਂਦਾ ਹੈ। ਇਸੇ ਮਹੀਨੇ ਹੋਈਆਂ ਚੋਣਾਂ ਵਿਚ ਇਕ ਵਾਰ ਫਿਰ ਇਸ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਹੈ। ਇਸ ਦੇ ਆਗੂ ਲਾਈ ਚਿੰਗ ਟੀ. ਰਾਸ਼ਟਰਪਤੀ ਚੁਣੇ ਗਏ ਹਨ। ਇਸ ਪਾਰਟੀ ਨੇ ਹਮੇਸ਼ਾ ਚੀਨ ਨਾਲ ਰਲੇਵੇਂ ਦਾ ਵਿਰੋਧ ਕੀਤਾ ਹੈ, ਜਦੋਂ ਕਿ ਦੂਜੀਆਂ ਦੋ ਪਾਰਟੀਆਂ ਕੋ ਮਿਨ ਤੈਂਗ ਪਾਰਟੀ ਤੇ ਤਾਈਵਾਨ ਪੀਪਲਜ਼ ਪਾਰਟੀ ਚਾਹੇ ਤਾਈਵਾਨ ਦੀ ਵੱਖਰੀ ਹੋਂਦ ਦੇ ਹੱਕ ਵਿਚ ਹਨ, ਪਰ ਚੀਨ ਵੱਲ ਉਨ੍ਹਾਂ ਦਾ ਰਵੱਈਆ ਗੱਲਬਾਤ ਅਤੇ ਮਿਲਵਰਤਣ ਵਾਲਾ ਰਿਹਾ ਹੈ। ਡੈਮੋਕ੍ਰੇਟਿਕ ਪ੍ਰੋਗ੍ਰੈਸਿਵ ਪਾਰਟੀ ਨੂੰ ਸਾਲ 2016 ਵਿਚ, ਫਿਰ 2020 ਵਿਚ ਤੇ ਹੁਣ ਤੀਸਰੀ ਵਾਰ ਜਿਤਾ ਕੇ ਬਹੁਤੇ ਤਾਈਵਾਨ ਵਾਸੀਆਂ ਨੇ ਚੀਨ ਨੂੰ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਸ ਨਾਲ ਰਲੇਵੇਂ ਲਈ ਉਹ ਬਿਲਕੁਲ ਤਿਆਰ ਨਹੀਂ ਹਨ। ਚੀਨ ਨੇ ਪਿਛਲੇ ਸਮੇਂ ਵਿਚ ਤਾਈਵਾਨ ਦੀ ਘੇਰਾਬੰਦੀ ਲਈ ਵੱਡੀਆਂ ਕਾਰਵਾਈਆਂ ਕੀਤੀਆਂ ਹਨ। ਉਸ ਨੇ ਆਪਣੇ ਸਮੁੰਦਰੀ ਬੇੜੇ ਅਤੇ ਫ਼ੌਜੀ ਹਵਾਈ ਜਹਾਜ਼ਾਂ ਨਾਲ ਚਾਰੇ ਪਾਸਿਓਂ ਇਸ ਟਾਪੂ ਨੂੰ ਘੇਰਨ ਲਈ ਕਈ ਵਾਰ ਵਿਉਂਤਬੰਦੀ ਕੀਤੀ ਹੈ, ਜਿਸ ਦਾ ਵਿਸਥਾਰ ਲਗਾਤਾਰ ਮਿਲਦਾ ਰਹਿੰਦਾ ਹੈ। ਦੂਜੇ ਪਾਸੇ ਤਾਈਵਾਨ ਨੇ ਆਪਣੇ ਬਲਬੂਤੇ ‘ਤੇ ਵੱਡਾ ਵਿਕਾਸ ਕੀਤਾ ਹੈ।
ਅੱਜ ਦੁਨੀਆ ਦੇ ਬਹੁਤੇ ਦੇਸ਼ਾਂ ਨਾਲ ਇਸ ਦਾ ਵਪਾਰਕ ਮਿਲਵਰਤਣ ਗੂੜਾ ਹੁੰਦਾ ਜਾ ਰਿਹਾ ਹੈ। ਭਾਰਤ ਨਾਲ ਵੀ ਇਸ ਦਾ ਪਿਛਲੇ ਦਹਾਕਿਆਂ ਵਿਚ ਵਪਾਰ ਵਧਿਆ ਹੈ। ਸਾਲ 2001 ਵਿਚ ਦੋਹਾਂ ਦੇਸ਼ਾਂ ਦਾ ਵਪਾਰ 1.19 ਬਿਲੀਅਨ ਡਾਲਰ (98 ਸੌ 95 ਕਰੋੜ ਰੁਪਈਏ) ਸੀ, ਜੋ ਸਾਲ 2022 ਵਿਚ ਵਧ ਕੇ 8.45 ਬਿਲੀਅਨ ਡਾਲਰ (70 ਹਜ਼ਾਰ ਦੋ ਸੌ ਪੈਂਹਠ ਕਰੋੜ ਰੁਪਈਏ) ਹੋ ਚੁੱਕਾ ਹੈ। ਅੱਜ ਤਾਈਵਾਨ ਦੀਆਂ 250 ਦੇ ਲਗਭਗ ਵੱਡੀਆਂ ਕੰਪਨੀਆਂ ਭਾਰਤ ਵਿਚ ਸਥਾਪਿਤ ਹਨ, ਜਿਨ੍ਹਾਂ ਦਾ ਕੁਲ ਮਿਲਾ ਕੇ ਅਸਾਸਾ 4 ਬਿਲੀਅਨ ਡਾਲਰ (33 ਹਜ਼ਾਰ ਦੋ ਸੌ ਤਰੇਹਠ ਕਰੋੜ) ਬਣਦਾ ਹੈ। ਹਿੰਦ ਪ੍ਰਸ਼ਾਂਤ ਸਾਗਰ ਦੀ ਸੁਰੱਖਿਆ ਲਈ ਬਣੇ ਵੱਖ-ਵੱਖ ਸੰਗਠਨਾਂ ਵਿਚ ਤਾਈਵਾਨ ਵੀ ਬਰਾਬਰ ਦਾ ਭਾਈਵਾਲ ਬਣਿਆ ਹੋਇਆ ਹੈ। ਅਜਿਹੀ ਸੂਰਤ ਵਿਚ ਜੇਕਰ ਚੀਨ ਇਸ ਟਾਪੂ ‘ਤੇ ਹਮਲਾਵਰ ਹੁੰਦਾ ਹੈ, ਤਾਂ ਇਸ ਨਾਲ ਇਕ ਹੋਰ ਵੱਡੀ ਜੰਗ ਸ਼ੁਰੂ ਹੋਣ ਦੀ ਸੰਭਾਵਨਾ ਬਣ ਜਾਏਗੀ, ਜੋ ਦੁਨੀਆ ਲਈ ਇਕ ਹੋਰ ਵੱਡੀ ਤਬਾਹੀ ਦਾ ਸੁਨੇਹਾ ਹੋਵੇਗੀ। ਬਿਨਾਂ ਸ਼ੱਕ ਇਹ ਛਿੜੀਆਂ ਹੋਈਆਂ ਅਤੇ ਨੇੜ ਭਵਿੱਖ ਦੀਆਂ ਹੋਰ ਸੰਭਾਵੀ ਜੰਗਾਂ ਸੰਸਾਰ ਲਈ ਇਕ ਵੱਡੀ ਤਬਾਹੀ ਦਾ ਸੁਨੇਹਾ ਬਣ ਸਕਦੀਆਂ ਹਨ।

Check Also

ਪੰਜਾਬ ਦੀਆਂ ਜੇਲ੍ਹਾਂ ‘ਚ ਵਧਦੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ

ਪੰਜਾਬ ਦੀਆਂ ਜੇਲ੍ਹਾਂ ‘ਚ ਹਿੰਸਾ, ਹੱਤਿਆਵਾਂ ਅਤੇ ਦੰਗਾ-ਫਸਾਦ ਦੀਆਂ ਇਕ ਤੋਂ ਬਾਅਦ ਇਕ ਹੁੰਦੀਆਂ ਘਟਨਾਵਾਂ …