ਇਕ ਜੁਲਾਈ ਦਾ ਦਿਨ ਕੈਨੇਡਾ ਦੇ ਲੋਕਾਂ ਲਈ ਕਿਸੇ ਇਤਿਹਾਸਕ ਦਿਹਾੜੇ ਤੋਂ ਘੱਟ ਮਹੱਤਤਾ ਨਹੀਂ ਰੱਖਦਾ। ਕੈਨੇਡਾ ਦੇ ‘ਬਹੁ-ਸੱਭਿਆਚਾਰੀ ਸਮਾਜ’ ਲਈ ਇਹ ਦਿਨ ਇਕ ਹਰਸੋ-ਹੁਲਾਸ ਵਾਲਾ ਪਰਵ ਹੈ। 142 ਸਾਲ ਪਹਿਲਾਂ 1867 ਵਿਚ ਇਕ ਜੁਲਾਈ ਵਾਲੇ ਦਿਨ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਤਹਿਤ ਕੈਨੇਡਾ ਦੀ ਰਿਆਸਤ ਹੋਂਦ ਵਿਚ ਆਈ, ਜਿਸ ਨੂੰ ਅੰਗਰੇਜ਼ੀ ਵਿਚ ‘ਡੋਮੀਨੀਅਨ’ ਕਿਹਾ ਜਾਂਦਾ ਹੈ। ਇਸ ਲਈ ਇਸ ਦਿਵਸ ਨੂੰ ‘ਡੋਮੀਨੀਅਨ ਡੇਅ’ ਕਿਹਾ ਜਾਂਦਾ ਸੀ। 1982 ਵਿਚ ਕੈਨੇਡੀਅਨ ਪਾਰਲੀਮੈਂਟ ਨੇ ਕਾਂਸਟੀਚਿਊਸ਼ਨ ਐਕਟ ਪਾਸ ਕਰਕੇ ਕੈਨੇਡਾ ਨੂੰ ਇਕ ਆਜ਼ਾਦ ਦੇਸ਼ ਬਣਾ ਦਿੱਤਾ। ਉਸ ਵੇਲੇ ‘ਡੋਮੀਨੀਅਨ ਡੇਅ’ ਤੋਂ ‘ਕੈਨੇਡਾ ਡੇਅ’ ਬਣ ਗਿਆ। ਉਸ ਵੇਲੇ ਤੱਕ ਸੀਮਤ ਰੂਪ ਵਿਚ ਕੈਨੇਡਾ ਕਾਨੂੰਨਨ ਤੌਰ ‘ਤੇ ਬ੍ਰਿਟਿਸ਼ ਦੀ ਬਸਤੀ ਹੀ ਸੀ, ਪਹਿਲੀ ਜੁਲਾਈ 1867 ਵਿਚ ਚਾਰ ਸੂਬਿਆਂ ਨੋਵਾ ਸਕਾਸ਼ੀਆ, ਨਿਊ ਬਰਨਸਵਿਕ, ਓਂਟਾਰੀਓ ਤੇ ਕਿਊਬੈਕ ਨੂੰ ਮਿਲਾ ਕੇ ਕੈਨੇਡਾ ਡੋਮੀਨੀਅਨ (ਕੈਨੇਡਾ ਰਿਆਸਤ) ਬਣਾਈ ਗਈ ਸੀ। ਡੋਮੀਨੀਅਨ ਬਣਨ ਤੋਂ ਬਾਅਦ ਡੋਮੀਨੀਅਨ ਡੇਅ ਬਹੁਤ ਦੱਬੀ ਹੋਈ ਸੁਰ ਵਿਚ ਮਨਾਇਆ ਜਾਂਦਾ ਸੀ ਤਾਂ ਜੋ ਬ੍ਰਿਟਿਸ਼ ਨੂੰ ਇਹ ਮਹਿਸੂਸ ਨਾ ਹੋਵੇ ਕਿ ਕੈਨੇਡਾ ਆਪਣੀ ਆਜ਼ਾਦ ਹੋਂਦ ਦਾ ਦਾਅਵਾ ਕਰਨ ਵਿਚ ਅੱਗੇ ਵੱਧ ਰਿਹਾ ਹੈ। ਦੂਜੇ ਸੰਸਾਰ ਯੁੱਧ ਤੋਂ ਬਾਅਦ ਕੈਨੇਡਾ ਵਿਚ ਆਪਣੀ ਆਜ਼ਾਦ ਹੋਂਦ ਬਾਰੇ ਭਾਵਨਾ ਵੱਧਣ ਲੱਗੀ ਅਤੇ ਡੋਮੀਨੀਅਨ ਡੇਅ ਮਨਾਉਣਾ ਸ਼ੁਰੂ ਹੋ ਗਿਆ। ਪਰ ਪਹਿਲਾਂ ਪਹਿਲ ਡੋਮੀਨੀਅਨ ਡੇਅ ਮਨਾਉਣ ਦੇ ਜਸ਼ਨ ਬ੍ਰਿਟਿਸ਼ ਪ੍ਰੰਪਰਾਵਾਂ ਤੱਕ ਹੀ ਸੀਮਤ ਸਨ।
1967 ਵਿਚ ਪਹਿਲੀ ਵਾਰ ਡੋਮੀਨੀਅਨ ਡੇਅ ਨੂੰ ਬਹੁ-ਸੱਭਿਆਚਾਰੀ ਢੰਗ ਨਾਲ ਮਨਾਇਆ ਗਿਆ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਕੈਨੇਡਾ ਲਈ ਬਹੁ-ਸੱਭਿਆਚਾਰੀ ਸਮਾਜ ਦਾ ਸੰਕਲਪ ਕੈਨੇਡਾ ਦੀ ਆਜ਼ਾਦ ਹੋਂਦ ਦਾ ਦਾਅਵਾ ਕਰਨ ਨਾਲ ਜੁੜਿਆ ਹੋਇਆ ਹੈ। ਇਸੇ ਲਈ ਸਮੁੱਚੇ ਤੌਰ ‘ਤੇ ਗੁਆਂਢੀ ਦੇਸ਼ ਅਮਰੀਕਾ ਦੇ ਮੁਕਾਬਲੇ ਵਿਚ ਬਹੁ-ਸੱਭਿਆਚਾਰੀ ਸਮਾਜ ਦਾ ਸੰਕਲਪ ਕੈਨੇਡਾ ਵਿਚ ਹਾਂ-ਪੱਖੀ ਦ੍ਰਿਸ਼ਟੀਕੋਣ ਤੋਂ ਦੇਖਿਆ ਗਿਆ ਹੈ।
ਕੈਨੇਡਾ ਦੇ ਵਿਕਾਸ ਵਿਚ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਇਸ ਦਿਨ ਨਾਲ ਜੁੜੀਆਂ ਹੋਈਆਂ ਹਨ। 1927 ਵਿਚ ਪਹਿਲਾ ਰਾਸ਼ਟਰੀ ਰੇਡੀਓ ( ਫ਼ਸਟ ਨੈਸ਼ਨਲ ਰੇਡੀਓ ਨੈਟਵਰਕ) ਇਸ ਦਿਨ ਸ਼ੁਰੂ ਕੀਤਾ ਗਿਆ। 1958 ਵਿਚ ਇਸੇ ਦਿਨ ਕੈਨੇਡਾ ਵਿਚ ਕੈਨੇਡੀਅਨ ਟੀ.ਵੀ. (ਬੀ.ਬੀ.ਸੀ.) ਸ਼ੁਰੂ ਕੀਤਾ ਗਿਆ ਅਤੇ 1966 ਵਿਚ ਇਸੇ ਦਿਨ ਹੀ ਪਹਿਲੀ ਵਾਰ ਕੈਨੇਡਾ ਵਿਚ ਰੰਗਦਾਰ ਟੀ.ਵੀ. ਸ਼ੁਰੂ ਹੋਇਆ। 1967 ਵਿਚ ਕੈਨੇਡਾ ਦਾ ਸਨਮਾਨ ‘ਆਰਡਰ ਆਫ਼ ਕੈਨੇਡਾ’ ਵੀ ਇਸੇ ਦਿਨ ਸ਼ੁਰੂ ਕੀਤਾ ਗਿਆ। 1980 ਵਿਚ ਇਸੇ ਦਿਨ ਕੈਨੇਡਾ ਦਾ ਰਾਸ਼ਟਰੀ ਗੀਤ ‘ਓ ਕੈਨੇਡਾ’ ਸ਼ੁਰੂ ਕੀਤਾ ਗਿਆ। ਇਸ ਦਿਨ ਨਾਲ ਇਕ ਨਾਂਹ-ਪੱਖੀ ਘਟਨਾ ਵੀ ਜੁੜ ਗਈ ਸੀ, 1923 ਵਿਚ ਇਸੇ ਦਿਨ ‘ਚਾਇਨੀਜ਼ ਇਮੀਗਰੇਂਟ’ ਨੇ ਇਸ ਦਿਨ ਨੂੰ ‘ਹਿਊਮੀਨੇਸ਼ਨ ਡੇਅ’ ਅਰਥਾਤ ਆਪਣੀ ਬੇਇੱਜ਼ਤੀ ਦਾ ਦਿਨ ਕਹਿ ਕੇ ਇਸ ਦਿਨ ਦਾ ਬਾਈਕਾਟ ਕਰ ਦਿੱਤਾ, ਜੋ ਕਿ 1947 ਤੱਕ ਚੱਲਿਆ ਜਦੋਂਕਿ ਇਹ ਕਾਨੂੰਨ ਵਾਪਸ ਲੈ ਲਿਆ ਗਿਆ।
ਸਮੁੱਚੇ ਤੌਰ ‘ਤੇ ਅੱਜ ਵੀ ਕੈਨੇਡਾ ਦੀ ਬਹੁ-ਸੱਭਿਆਚਾਰੀ ਸਮਾਜ ਲਈ ਪ੍ਰਤੀਬੱਧਤਾ ਕਾਇਮ ਹੈ। ਇਸੇ ਸੰਦਰਭ ਵਿਚ ਇਸ ਤੱਥ ਨੂੰ ਵਿਚਾਰਨ ਦੀ ਲੋੜ ਹੈ ਕਿ ਅੱਜ ਜੋ ਸਥਾਨ ਪੰਜਾਬੀ ਭਾਈਚਾਰੇ ਅਤੇ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਨੂੰ ਕੈਨੇਡਾ ਵਿਚ ਹਾਸਲ ਹੈ, ਉਹ ਪੰਜਾਬ ਤੋਂ ਬਾਹਰ ਕਿਸੇ ਜਗ੍ਹਾ ‘ਤੇ ਸ਼ਾਇਦ ਨਹੀਂ ਮਿਲ ਸਕਿਆ। ਭਾਵੇਂਕਿ ਇਤਿਹਾਸ ਦਾ ਸਫ਼ਰ ਕਦੇ ਵੀ ਮਿੱਥੀ ਰੇਖਾ ਵਿਚ ਨਹੀਂ ਹੁੰਦਾ ਅਤੇ ਵਲ-ਛਲ ਖਾਣੇ ਪੈਂਦੇ ਹਨ ਪਰ ਸਮੁੱਚੇ ਤੌਰ ‘ਤੇ ਕੈਨੇਡਾ ਵਿਚ ਪੰਜਾਬੀ ਭਾਈਚਾਰਾ ਲਗਾਤਾਰ ਪ੍ਰਫ਼ੁਲਤ ਹੋ ਰਿਹਾ ਹੈ। ਸੰਸਾਰ ਦੇ ਕਈ ਦੇਸ਼ਾਂ ਵਿਚ ਜਿਥੇ ਕਿ ਪੰਜਾਬੀਆਂ ਦੀ ਚੋਖੀ ਵੱਸੋਂ ਹੈ, ਵਿਚੋਂ ਸ਼ਾਇਦ ਕੈਨੇਡਾ ਹੀ ਅਜਿਹਾ ਦੇਸ਼ ਹੈ, ਜਿੱਥੇ ਪੰਜਾਬੀ ਭਾਈਚਾਰਾ ਅਤੇ ਖ਼ਾਸ ਕਰਕੇ ਸਿੱਖ ਸਮਾਜ ਸਭ ਤੋਂ ਵਧੇਰੇ ਸਹਿਜ, ਸੁਰੱਖਿਆ, ਆਜ਼ਾਦੀ ਅਤੇ ਮਾਣ ਨਾਲ ਜ਼ਿੰਦਗੀ ਜੀਅ ਰਿਹਾ ਹੈ। ਜੋ ਸਥਾਨ ਪੰਜਾਬੀਆਂ ਅਤੇ ਸਿੱਖਾਂ ਨੂੰ ਕੈਨੇਡਾ ਵਿਚ ਹਾਸਲ ਹੈ ਉਹ ਹੋਰ ਕਿਤੇ ਨਹੀਂ ਹਾਸਲ ਹੋ ਸਕਿਆ। ਕੈਨੇਡਾ ਦੀ ਰਾਜਨੀਤੀ, ਆਰਥਿਕਤਾ, ਸਮਾਜ ਜਾਂ ਕੋਈ ਵੀ ਖੇਤਰ ਹੋਵੇ, ਪੰਜਾਬੀਆਂ ਨੂੰ ਅਣਡਿੱਠ ਨਹੀਂ ਕੀਤਾ ਜਾਂਦਾ। ਇੱਕੀਵੀਂ ਸਦੀ ਵਿਚ ਕੈਨੇਡਾ ਵਿਚ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਸਮਾਜ ਇਕ ਪ੍ਰਭਾਵਸ਼ਾਲੀ ਹਿੱਸੇ ਵਜੋਂ ਵਿਕਸਿਤ ਹੋ ਰਿਹਾ ਹੈ। ਕੈਨੇਡਾ ਦੀ ਉਨਤੀ ਅਤੇ ਤਾਕਤ ਵਿਚ ਸਿੱਖਾਂ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਦਾ ਸਭ ਤੋਂ ਅਹਿਮ ‘ਰੱਖਿਆ ਮੰਤਰੀ’ ਇਕ ਸਾਬਤ-ਸੂਰਤ ਗੁਰਸਿੱਖ ਸ. ਹਰਜੀਤ ਸਿੰਘ ਸੱਜਨ ਹੈ। ਖੋਜ, ਸਾਇੰਸ ਅਤੇ ਆਰਥਿਕ ਵਿਕਾਸ ਦਾ ਮੰਤਰਾਲਾ ਵੀ ਦਸਤਾਰਧਾਰੀ ਗੁਰਸਿੱਖ ਸ. ਨਵਦੀਪ ਸਿੰਘ ਬੈਂਸ ਕੋਲ ਹੈ। ਲੋਕ ਨਿਰਮਾਣ ਮੰਤਰੀ ਸ. ਅਮਰਜੀਤ ਸਿੰਘ ਸੋਹੀ ਅਤੇ ਛੋਟੇ ਕਾਰੋਬਾਰਾਂ ਬਾਰੇ ਮੰਤਰੀ ਬੀਬੀ ਬਰਦੀਸ਼ ਚੱਗਰ ਹਨ। ਕੈਨੇਡਾ ਦੀ ਪਾਰਲੀਮੈਂਟ ਵਿਚ 17 ਪੰਜਾਬੀ ਸੰਸਦ ਮੈਂਬਰ ਹਨ। ਪਿਛੇ ਜਿਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਸੰਮੇਲਨ ਵਿਚ ਮਜ਼ਾਹੀਆ ਅੰਦਾਜ਼ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਨਜ਼ ਕਰਦਿਆਂ ਮਾਣ ਨਾਲ ਕਿਹਾ ਸੀ ਕਿ ਮੇਰੀ ਕੈਬਨਿਟ ਵਿਚ ਭਾਰਤ ਦੀ ਮੋਦੀ ਕੈਬਨਿਟ ਨਾਲੋਂ ਵੀ ਜ਼ਿਆਦਾ ਸਿੱਖ ਮੰਤਰੀ ਹਨ। ਕੈਨੇਡਾ ਸੁਚੇਤ ਰੂਪ ਵਿਚ ਆਪਣੇ ‘ਬਹੁ-ਸੱਭਿਆਚਾਰੀ’ ਸੰਕਲਪ ਵਿਚ ਦ੍ਰਿੜ੍ਹਤਾ ਦਿਖਾਉਂਦਿਆਂ ਪੰਜਾਬੀ ਸਮਾਜ ਨੂੰ ਕਿੰਨੀ ਮਹੱਤਤਾ ਦੇ ਰਿਹਾ ਹੈ, 102 ਸਾਲ ਬਾਅਦ ਕਾਮਾਗਾਟਾਮਾਰੂ ਦੇ ਇਤਿਹਾਸਕ ਦੁਖਾਂਤ ‘ਤੇ ਪਾਰਲੀਮੈਂਟ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਮੁਆਫ਼ੀ ਮੰਗਣੀ ਇਸ ਦੀ ਸਭ ਤੋਂ ਉਘੜਵੀਂ ਮਿਸਾਲ ਹੈ।
ਪੰਜਾਬੀ ਜੀਵਨ-ਧਾਰਾ ਦੀ ਕੈਨੇਡਾਈ ‘ਬਹੁ-ਸੱਭਿਆਚਾਰੀ’ ਸਮਾਜ ਵਿਚ ਲਗਾਤਾਰ ਵੱਧ ਰਹੀ ਪ੍ਰਤੀਨਿੱਧਤਾ ਦੇ ਬਾਵਜੂਦ ਇੰਜ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਜੀਵਨ ਧਾਰਾ ਉਸ ਪੱਧਰ ‘ਤੇ ਕੈਨੇਡਾਈ ਸਮਾਜ ਲਈ ਸੇਧ ਨਹੀਂ ਬਣ ਸਕੀ, ਜਿਸ ਤਰ੍ਹਾਂ ਦੀ ਸਮਰੱਥਾ ਦੀ ਉਸ ਕੋਲੋਂ ਉਮੀਦ ਕੀਤੀ ਜਾਣੀ ਚਾਹੀਦੀ ਹੈ। ਕੁਝ ਅਰਸਾ ਪਹਿਲਾਂ ਇਕ ਅਖ਼ਬਾਰ ਦੇ ਸਰਵੇਖਣ ਅਨੁਸਾਰ ਕੈਨੇਡਾ ਦੀ ਬਹੁਗਿਣਤੀ ਵੱਸੋਂ ਸਿੱਖਾਂ ਬਾਰੇ ਨਾਂਹ-ਪੱਖੀ ਪ੍ਰਭਾਵ ਰੱਖਦੀ ਹੈ। ਜ਼ਾਹਰ ਹੈ ਕਿ ਹਾਲੇ ਤੱਕ ਅਸੀਂ ਆਪਣੇ ਬਾਰੇ ਸਹੀ ਜਾਣਕਾਰੀ ਦੇਣ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੇ। ਇਹੀ ਕਾਰਨ ਹੈ ਕਿ ਪਿਛੇ ਜਿਹੇ ਕੈਨੇਡਾ ਦੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪਾਰਲੀਮੈਂਟ ਵਿਚ ਇਕ ਵਿਰੋਧੀ ਧਿਰ ਦੇ ਮੈਂਬਰ ਨੇ ਨਸਲੀ ਟਿੱਪਣੀ ਕੀਤੀ ਸੀ। ਭਾਵੇਂਕਿ ਅਮਰੀਕਾ ਜਾਂ ਹੋਰ ਪੱਛਮੀ ਦੇਸ਼ਾਂ ਵਾਂਗ ਕੈਨੇਡਾ ਵਿਚ ਸਿੱਖਾਂ ‘ਤੇ ਨਸਲੀ ਵਿਤਕਰੇ ਵਾਲੀਆਂ ਘਟਨਾਵਾਂ ਨਹੀਂ ਵਾਪਰਦੀਆਂ ਪਰ ਕਦੇ ਕਦਾਈਂ ਸਿੱਖਾਂ ਪ੍ਰਤੀ ਨਸਲੀ ਨਫ਼ਰਤ ਦੇ ਕੰਧਾਂ ‘ਤੇ ਪੋਸਟਰ ਲਗਾਉਣ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ। ਜੇਕਰ ਅਸੀਂ ਕੈਨੇਡਾਈ ਸਮਾਜ ਵਿਚ ਆਪਣੀਆਂ ਪੂਰਬੀ ਅਮੀਰ ਕਦਰਾਂ-ਕੀਮਤਾਂ ਅਤੇ ਵਿਚਾਰਧਾਰਾ ਬਾਰੇ ਸਹੀ ਜਾਣਕਾਰੀ ਦੇਣ ਦੀ ਸੁਹਿਰਦ ਕੋਸ਼ਿਸ਼ ਕਰਦੇ ਤਾਂ ਸ਼ਾਇਦ ਇਹ ਘਟਨਾਵਾਂ ਵੀ ਨਾ ਵਾਪਰਦੀਆਂ। ਸਾਨੂੰ ਅੱਜ ਆਪਣੀ ਪੂਰਬੀ ਸਿਆਣਪ ਵਿਚਲੇ ਆਲਮੀ ਭਾਈਚਾਰੇ ਅਤੇ ਸਮਾਨਤਾ ਵਾਲੇ ਰਾਜ ਸਿਧਾਂਤ ਨੂੰ ਨਵੀਆਂ ਅੰਤਰ-ਦ੍ਰਿਸ਼ਟੀਆਂ ਨਾਲ ਕੈਨੇਡੀਆਈ ਵਿਵਸਥਾ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ, ਕਿਉਂਕਿ ਕੈਨੇਡਾ ਦੀ ਵਿਚਾਰਧਾਰਾ ਨਾਲ ਇਨ੍ਹਾਂ ਦੋ ਨੁਕਤਿਆਂ ਤੇ ਸਾਡੀ ਸਿੱਖ ਦਰਸ਼ਨ ਦੀ ਡੂੰਘੀ ਸਾਂਝ ਜੁੜਦੀ ਹੈ। ਅਖ਼ੀਰ ਵਿਚ ਅਸੀਂ ਸਾਡੇ ਕੈਨੇਡਾ ਵਾਸੀਆਂ ਨੂੰ ‘ਕੈਨੇਡਾ ਡੇਅ’ ਦੀ ਵਧਾਈ ਦਿੰਦਿਆਂ ਆਸ ਕਰਦੇ ਹਾਂ ਕਿ ਪੰਜਾਬੀ ਅਤੇ ਸਿੱਖ ਸਮਾਜ ਆਪਣੇ ਮੌਲਿਕ ਫ਼ਲਸਫ਼ੇ ਨੂੰ ਕੈਨੇਡੀਅਨ ਮੁੱਖ ਧਾਰਾ ਤੱਕ ਪਹੁੰਚਾਉਣ ਅਤੇ ਕੈਨੇਡਾ ਦੇ ਬਹੁ-ਸੱਭਿਆਚਾਰੀ ਸਮਾਜ ਵਿਚ ਉਸਾਰੂ ਢੰਗ ਨਾਲ ਆਪਣਾ ਯੋਗਦਾਨ ਪਾਉਣ।
Check Also
ਅਮਰੀਕਾ ਦੀਆਂ ਆਮ ਚੋਣਾਂ ਦੇ ਨਤੀਜੇ
ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਦੁਨੀਆ ਭਰ ਵਿਚ ਚਰਚਾ …