Breaking News
Home / ਸੰਪਾਦਕੀ / ਪੰਜਾਬ ਦੇ ਅਮਨ ਕਾਨੂੰਨ ਲਈ ਨਵੀਆਂ ਚੁਣੌਤੀਆਂ

ਪੰਜਾਬ ਦੇ ਅਮਨ ਕਾਨੂੰਨ ਲਈ ਨਵੀਆਂ ਚੁਣੌਤੀਆਂ

ਕੁਝ ਦਹਾਕੇ ਪਹਿਲਾਂ ਪੰਜਾਬ ਬੇਹੱਦ ਮੁਸ਼ਕਿਲ ਦੌਰ ‘ਚੋਂ ਗੁਜ਼ਰਿਆ ਸੀ। ਇਸ ਦਾ ਪਿੰਡਾਂ ਲਹੂ-ਲੁਹਾਨ ਹੋਇਆ ਸੀ। ਇਸ ਦੀ ਆਰਥਿਕਤਾ ਪੂਰੀ ਤਰ੍ਹਾਂ ਡੋਲ ਗਈ ਸੀ। ਮਾਯੂਸੀ ਦਾ ਇਹ ਦੌਰ ਲੰਮਾ ਸਮਾਂ ਜਾਰੀ ਰਿਹਾ, ਪਰ ਹੌਲੀ-ਹੌਲੀ ਇਸ ਦੀ ਆਮ ਧੜਕਣ ਵਾਪਸ ਆ ਗਈ, ਪਰ ਇਸ ਤੋਂ ਬਾਅਦ ਵੀ ਆਰਥਿਕ ਤੌਰ ‘ਤੇ ਇਹ ਪੂਰੀ ਤਰ੍ਹਾਂ ਉੱਠ ਨਹੀਂ ਸੀ ਸਕਿਆ। ਤਤਕਾਲੀ ਸਰਕਾਰਾਂ ਨੇ ਨਿਸ਼ਾਨੇ ਮਿੱਥੇ, ਤੇਜ਼ ਦੌੜਨ ਦਾ ਯਤਨ ਵੀ ਕੀਤਾ, ਪਰ ਉਹ ਵੀ ਅਕਸਰ ਅੱਧ ਵਿਚਾਲਿਓਂ ਹਫ਼ਦੀਆਂ ਨਜ਼ਰ ਆਈਆਂ। ਇਸ ਦੀ ਆਰਥਿਕਤਾ ਸਥਿਰ ਨਾ ਕੀਤੀ ਜਾ ਸਕੀ। ਨੌਜੁਆਨ ਨਿਰਾਸ਼ਾ ਦੇ ਆਲਮ ਵਿਚ ਵਿਚਰਨ ਲੱਗੇ। ਸੂਬੇ ਵਿਚ ਮੁਢਲੀਆਂ ਸਹੂਲਤਾਂ ਦੀ ਘਾਟ ਰੜਕਣ ਲੱਗੀ। ਇਸ ਦੇ ਨਾਲ-ਨਾਲ ਹੀ ਇਥੋਂ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਬਾਹਰ ਨਿਕਲਣ ਦੀ ਹੋੜ ਵੀ ਮਚ ਗਈ। ਇਹ ਪਲਾਇਨ ਚਾਹੇ ਵਿਦੇਸ਼ਾਂ ਨੂੰ ਕੀਤਾ ਗਿਆ ਹੋਵੇ, ਚਾਹੇ ਦੇਸ਼ ਦੇ ਹੋਰ ਹਿੱਸਿਆਂ ਵਿਚ ਹੋਇਆ, ਪਰ ਇਹ ਸੂਬੇ ਦੀ ਦਰਦਨਾਕ ਹੋਣੀ ਨੂੰ ਜ਼ਰੂਰ ਬਿਆਨਦਾ ਹੈ।
ਜਿਸ ਕਦਰ ਇਥੇ ਸਮੱਸਿਆਵਾਂ ਨੇ ਸਿਰ ਉੱਚੇ ਚੁੱਕ ਲਏ ਹਨ, ਪ੍ਰਸ਼ਾਸਨ ਅਤੇ ਸਰਕਾਰਾਂ ਉਨ੍ਹਾਂ ‘ਤੇ ਕਾਬੂ ਪਾਉਣ ਵਿਚ ਅਸਮਰੱਥ ਨਜ਼ਰ ਆਈਆਂ। ਅਜਿਹੇ ਅਨੇਕਾਂ ਹੋਰ ਕਾਰਨਾਂ ਕਰਕੇ ਲੋਕਾਂ ਨੇ ਸਰਕਾਰਾਂ ਨੂੰ ਬਦਲਣ ਨੂੰ ਤਰਜੀਹ ਦਿੱਤੀ। ਮੌਜੂਦਾ ਸਰਕਾਰ ਵੀ ਅਜਿਹੀ ਸਥਿਤੀ ਕਰਕੇ ਹੀ ਹੋਂਦ ਵਿਚ ਆਈ ਹੈ, ਪਰ ਜਿਸ ਤਰ੍ਹਾਂ ਇਸ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ, ਉਨ੍ਹਾਂ ਨੂੰ ਸੰਬੋਧਿਤ ਹੋ ਸਕਣਾ, ਇਸ ਲਈ ਵੀ ਇਕ ਵੱਡੀ ਚੁਣੌਤੀ ਬਣਿਆ ਨਜ਼ਰ ਆਉਂਦਾ ਹੈ। ਵਿਸ਼ੇਸ਼ ਤੌਰ ‘ਤੇ ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ ਅਤੇ ਨਸ਼ਿਆਂ ਦੀ ਹੋਈ ਭਰਮਾਰ ਨੇ ਸੂਬੇ ਦੀ ਤਾਣੀ ਹੀ ਉਲਝਾ ਕੇ ਰੱਖ ਦਿੱਤੀ ਹੈ। ਹੁਣ ਸਰਕਾਰ ਨੇ ਪੂਰਾ ਮਨ ਬਣਾ ਕੇ ਜਿਨ੍ਹਾਂ ਦੋ ਵੱਡੀਆਂ ਸਮੱਸਿਆਵਾਂ ਨਾਲ ਨਜਿੱਠਣ ਦਾ ਤਹੱਈਆ ਕੀਤਾ ਹੈ, ਉਨ੍ਹਾਂ ਵਿਚ ਨਸ਼ਿਆਂ ਦੇ ਵਰਤਾਰੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣਾ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ‘ਤੇ ਕਾਬੂ ਪਾਉਣਾ ਸ਼ਾਮਿਲ ਹੈ। ਅਮਨ ਅਤੇ ਕਾਨੂੰਨ ਦੀ ਵਿਗੜੀ ਸਥਿਤੀ ਸੰਬੰਧੀ ਪ੍ਰਸ਼ਾਸਨ ਨੇ ਵੱਡੇ ਕਦਮ ਉਠਾਉਣ ਦਾ ਤਹੱਈਆ ਕੀਤਾ ਹੈ, ਪਰ ਇਸ ਲਈ ਉਸ ਨੂੰ ਅਨੇਕਾਂ ਮੁਹਾਜ਼ਾਂ ‘ਤੇ ਲੜਾਈ ਲੜਨੀ ਪਵੇਗੀ। ਇਨ੍ਹਾਂ ‘ਚੋਂ ਇਕ ਅਹਿਮ ਪਹਿਲੂ ਵਧਦੀ ਹੋਈ ਹਿੰਸਾ ਹੈ। ਦੇਸ਼ ਤੇ ਖ਼ਾਸ ਕਰਕੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਵਧਾਉਣ ਲਈ ਗੁਆਂਢੀ ਦੇਸ਼ ਪਾਕਿਸਤਾਨ ਵੀ ਲਗਾਤਾਰ ਸਰਗਰਮ ਰਿਹਾ ਹੈ। ਉਸ ਨੇ 2 ਮੁਹਾਜ਼ਾਂ ‘ਤੇ ਲਗਾਤਾਰ ਭਾਰਤ ਦੀ ਪ੍ਰੇਸ਼ਾਨੀ ਨੂੰ ਵਧਾਈ ਰੱਖਿਆ ਹੈ। ਇਕ ਹੈ ਵੱਡੀ ਮਾਤਰਾ ਵਿਚ ਸਰਹੱਦ ਪਾਰੋਂ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦੀਆਂ ਖੇਪਾਂ ਭੇਜਣਾ ਅਤੇ ਦੂਸਰਾ ਦੇਸ਼ ਨੂੰ ਅਸਿੱਧੇ ਰੂਪ ਵਿਚ ਲਹੂ-ਲੁਹਾਨ ਕਰਨਾ। ਇਸ ਵਿਚ ਸਮਾਜ ਵਿਰੋਧੀ ਅਨਸਰਾਂ ਦਾ ਵੱਡਾ ਹੱਥ ਕਿਹਾ ਜਾ ਸਕਦਾ ਹੈ। ਪਿਛਲੇ ਦਿਨੀਂ ਜਲੰਧਰ ਵਿਚ ਭਾਜਪਾ ਦੇ ਵੱਡੇ ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਹੈਂਡ ਗ੍ਰਨੇਡ ਸੁੱਟਣ ਦੀ ਬਣਾਈ ਗਈ ਯੋਜਨਾ ਇਸੇ ਕੜੀ ਦਾ ਹਿੱਸਾ ਹੈ। ਸੂਚਨਾਵਾਂ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਅਜਿਹੇ ਗ੍ਰਨੇਡ ਅਤੇ ਹਥਿਆਰ ਵੱਖ-ਵੱਖ ਢੰਗ ਤਰੀਕਿਆਂ ਰਾਹੀਂ ਸਰਹੱਦ ਪਾਰੋਂ ਇਧਰ ਆਉਂਦੇ ਰਹੇ ਹਨ। ਇਹ ਵੀ ਇਕ ਵੱਡਾ ਕਾਰਨ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਸੂਬੇ ਵਿਚ ਗ੍ਰਨੇਡ ਸੁੱਟਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਨ੍ਹਾਂ ਦਾ ਮੁੱਖ ਮੰਤਵ ਦਹਿਸ਼ਤ ਪੈਦਾ ਕਰਨਾ ਅਤੇ ਪ੍ਰਸ਼ਾਸਨ ਨੂੰ ਚੁਣੌਤੀ ਦੇਣਾ ਹੈ। ਵਾਪਰੀਆਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਿਚ ਫੜੇ ਗਏ ਦੋਸ਼ੀਆਂ ਨੇ ਇਹ ਇਕਬਾਲ ਕੀਤਾ ਹੈ ਕਿ ਅਜਿਹਾ ਕੁਝ ਉਹ ਸਰਹੱਦ ਪਾਰੋਂ ਆਉਂਦੀ ਹਰ ਤਰ੍ਹਾਂ ਦੀ ਸਹਾਇਤਾ ਨਾਲ ਕਰ ਹੀ ਰਹੇ ਹਨ।
ਬਿਨਾਂ ਸ਼ੱਕ ਸੂਬਾ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜੰਗ ਛੇੜੀ ਹੋਈ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਦਾ ਵੀ ਤਹੱਈਆ ਕੀਤਾ ਹੋਇਆ ਹੈ, ਪਰ ਜਲੰਧਰ ਵਿਚ ਵੱਡੇ ਸਿਆਸੀ ਆਗੂ ਦੇ ਘਰ ‘ਤੇ ਗ੍ਰਨੇਡ ਸੁੱਟਣ ਦੀ ਕਾਰਵਾਈ ਨਾਲ ਦੇਸ਼ ਵਿਰੋਧੀ ਅਨਸਰਾਂ ਨੇ ਜਿਥੇ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਬਚਾਓ ਦੀ ਸਥਿਤੀ ਵਿਚ ਲਿਆ ਖੜ੍ਹਾ ਕੀਤਾ ਹੈ, ਉੱਥੇ ਅਜਿਹੀ ਸਖ਼ਤ ਚੁਣੌਤੀ ਵੀ ਪੇਸ਼ ਕੀਤੀ ਹੈ, ਜੋ ਉਸ ਲਈ ਇਕ ਵੱਡੇ ਇਮਤਿਹਾਨ ਦੀ ਤਰ੍ਹਾਂ ਹੈ। ਇਸ ਦਾ ਸਾਹਮਣਾ ਕਰਨ ਲਈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਹੋਰ ਵਧੇਰੇ ਦ੍ਰਿੜ੍ਹਤਾ ਅਤੇ ਯੋਜਨਾਬੰਦੀ ਨਾਲ ਕੰਮ ਕਰਨਾ ਪਵੇਗਾ।

Check Also

ਗੰਭੀਰ ਸਥਿਤੀ ਵਿਚ ਪੰਥ ਸੰਕਟ

ਇਸ ਵਾਰ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025-26 ਦਾ ਬਜਟ ਪਾਸ ਕਰਨ …