0.2 C
Toronto
Wednesday, December 3, 2025
spot_img
Homeਕੈਨੇਡਾਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਪੰਜਾਬੀ ਸ਼ਾਇਰ ਮਲੂਕ ਸਿੰਘ ਕਾਹਲੋਂ ਨਾਲ ਰਚਾਇਆ ਭਾਵਪੂਰਤ...

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਪੰਜਾਬੀ ਸ਼ਾਇਰ ਮਲੂਕ ਸਿੰਘ ਕਾਹਲੋਂ ਨਾਲ ਰਚਾਇਆ ਭਾਵਪੂਰਤ ਸੰਵਾਦ

ਬਰੈਂਪਟਨ/ਡਾ. ਹਰਕੰਵਲ ਕੋਰਪਾਲ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਪੰਜਾਬੀ ਲੇਖਕਾਂ ਦੇ ਸਾਹਿਤਕ ਯੋਗਦਾਨ ਤੇ ਜੀਵਨ ਸੰਘਰਸ਼ ਨੂੰ ਉਜਾਗਰ ਕਰਨ ਲਈ ਕੀਤੇ ਜਾਂਦੇ ਪ੍ਰੋਗਰਾਮ ‘ਸਿਰਜਣਾ ਦੇ ਆਰ ਪਾਰ’ ਦੀ 37ਵੀਂ ਲੜੀ ਤਹਿਤ ਲੰਘੇ ਐਤਵਾਰ ਬਰੈਂਪਟਨ ਨਿਵਾਸੀ ਪੰਜਾਬੀ ਸ਼ਾਇਰ, ਚਿੰਤਕ ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੁੱਢਲੇ ਮੈਂਬਰ ਨਾਲ ਵਿਸ਼ੇਸ਼ ਸਾਹਿਤਕ ਮੁਲਾਕਾਤ ਕੀਤੀ ਗਈ। ਉਕਤ ਸੰਗਠਨ ਦੀ ਫਾਊਂਡਰ ਤੇ ਪ੍ਰਬੰਧਕ ਰਮਿੰਦਰ ਵਾਲੀਆ ਦੀ ਦਿਸ਼ਾ ਨਿਰਦੇਸ਼ਨਾ ਹੇਠ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਿੱਥੇ ਮਲੂਕ ਸਿੰਘ ਕਾਹਲੋਂ ਨੇ ਆਪਣੇ ਪ੍ਰੇਰਨਾਤਮਿਕ ਜੀਵਨ ਸੰਘਰਸ਼ ਤੇ ਸਿਰਜਨਾਤਮਿਕ ਸਫਰ ਉੱਪਰ ਵਿਸਥਾਰ ਪੂਰਵਕ ਰੌਸ਼ਨੀ ਪਾਈ, ਉੱਥੇ ਪ੍ਰੋਗਰਾਮ ਵਿੱਚ ਸ਼ਾਮਲ ਅਦੀਬਾਂ ਨੇ ਉਨ੍ਹਾਂ ਦੀ ਕਾਵਿ-ਰਚਨਾ ਦੇ ਵਿਭਿੰਨ ਵਿਚਾਰਧਾਰਾਈ ਪਹਿਲੂਆਂ ਬਾਰੇ ਨਿੱਠ ਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬੀ ਭਾਸ਼ਾ ਤੇ ਸੰਚਾਰ ਲਈ ਉਨ੍ਹਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਰੱਜਵੀ ਪ੍ਰਸ਼ੰਸਾ ਕੀਤੀ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਪ੍ਰਧਾਨ ਰਿੰਟੂ ਭਾਟੀਆ ਵੱਲੋਂ ਕਹੇ ਗਏ ਸੁਆਗਤੀ ਸ਼ਬਦਾਂ ਨਾਲ ਆਰੰਭ ਹੋਏ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਸਦੀ ਚੇਅਰਪਰਸਨ ਪ੍ਰਸਿੱਧ ਪੰਜਾਬੀ ਕਹਾਣੀਕਾਰਾ ਤੇ ਸ਼ਾਇਰਾ ਡਾ. ਸਰਬਜੀਤ ਕੌਰ ਸੋਹਲ ਨੇ ਅਮਰੀਕਾ ਤੇ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਸਮੂਹ ਚਿੰਤਨਸ਼ੀਲ ਧਿਰਾਂ ਨੂੰ ਮਨੁੱਖ, ਪ੍ਰਕਿਰਤੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਰਤਾਰੇ ਵਿਚਕਾਰ ਇੱਕ ਸੰਤੁਲਿਤ ਤੇ ਸਹਿਚਾਰੀ ਸਬੰਧ ਸਥਾਪਿਤ ਕਰਨ ਲਈ ਕਾਰਜਸ਼ੀਲ ਹੋਣ ‘ਤੇ ਜ਼ੋਰ ਦਿੱਤਾ। ਇਸ ਮੌਕੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ ਨੇ ਮਲੂਕ ਸਿੰਘ ਕਾਹਲੋਂ ਦਾ ਤੁਆਰਫ ਕਰਾਉਂਦਿਆਂ ਕਿਹਾ ਕਿ ਬੀਤੇ ਸਮੇਂ ਦੌਰਾਨ ਸਿਹਤ ਪੱਖੋਂ ਕੁਝ ਢਿੱਲ-ਮੱਠਤਾ ਝੱਲਣ ਦੇ ਬਾਵਜੂਦ ਉਨ੍ਹਾਂ ਨੇ ਸਾਹਿਤ ਸਭਾ ਦੀਆਂ ਸਰਗਰਮੀਆਂ ਨੂੰ ਆਪਣੇ ਕੇਂਦਰੀ ਏਜੰਡੇ ‘ਤੇ ਰੱਖਿਆ ਅਤੇ ਉਹ ਇੱਕ ਉੱਦਮੀ, ਉਦਾਰ-ਚਿੱਤ ਤੇ ਸਰਗ਼ਰਮ ਮੈਂਬਰ ਵਜੋਂ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਰਹੇ। ਪ੍ਰੋਗਰਾਮ ਦੀ ਮਾਡਰੇਟਰ ਪ੍ਰੋ. ਕੁਲਜੀਤ ਕੌਰ ਵੱਲੋਂ ਕਾਹਲੋਂ ਸਾਬ੍ਹ ਦੇ ਪਰਿਵਾਰਿਕ ਪਿਛੋਕੜ, ਜੀਵਨ ਸੰਘਰਸ਼, ਸਾਹਿਤਕ ਪ੍ਰਾਪਤੀਆ ਅਤੇ ਪਰਵਾਸ ਨਾਲ ਜੁੜੇ ਉਨ੍ਹਾਂ ਦੇ ਅਨੁਭਵ ਨੂੰ ਲੈ ਕੇ ਖੂਬਸੂਰਤ ਸੁਆਲ ਪੁੱਛੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਬੜੇ ਠਰ੍ਹੱਮੇ ਨਾਲ ਵਿਸਥਾਰ ਪੂਰਵਕ ਦਿੱਤੇ ਗਏ।
ਆਪਣੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਲੂਕ ਸਿੰਘ ਕਾਹਲੋਂ ਨੇ ਦੱਸਿਆ ਕਿ ਉਹ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਖਾਨੋਵਾਲ ਵਿੱਚ ਲਘੂ ਕਿਸਾਨੀ ਪਰਿਵਾਰ ਵਿੱਚ ਪੈਦਾਇਸ਼ ਲੈ ਕੇ ਵੱਡੇ ਹੋਏ। ਬਚਪਨ ਵਿਚ ਹੀ ਮਾਂ ਦਾ ਸਾਇਆ ਸਿਰ ਤੋਂ ਉੱਠ ਜਾਣ ਪਿੱਛੋਂ ਧਾਰਮਿਕ ਬਿਰਤੀ ਵਾਲੇ ਬਾਪ ਦੀ ਨਰੋਈ ਸੋਚ ਨੂੰ ਇੱਕ ਮਾਰਗ ਦਰਸ਼ਕ ਵਜੋਂ ਅਪਨਾਇਆ। ਉਨ੍ਹਾਂ ਦੱਸਿਆ ਕਿ ਘਰੇਲੂ ਤੰਗੀਆਂ-ਤੁਰਸ਼ੀਆਂ ਕਾਰਨ ਦਸਵੀਂ ਦੀ ਪ੍ਰੀਖਿਆ ਉਨ੍ਹਾਂ ਪ੍ਰਾਈਵੇਟ ਵਿਦਿਆਰਥੀ ਵਜੋਂ ਪਾਸ ਕੀਤੀ। ਬੀ. ਕਾਮ. ਕਰਕੇ ਪਹਿਲਾਂ ਉਹ ਬੈਂਕ ਕਰਮਚਾਰੀ ਬਣੇ ਤੇ ਬੈਂਕ ਅਧਿਕਾਰੀ ਵਜੋਂ ਸੇਵਾ-ਮੁਕਤ ਹੋਏ ਅਤੇ ਇਸ ਦੌਰਾਨ ਉਹ ਬੈਂਕ ਕਰਮਚਾਰੀ ਯੂਨੀਅਨ ਵਿੱਚ ਵੀ ਕਾਫੀ ਸਰਗਰਮ ਰਹੇ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਪੜ੍ਹਨ ਦੀ ਰੁਚੀ ਉਨ੍ਹਾਂ ਦੀ ਬੈਂਕ ਵਿਚ ਸਰਵਿਸ ਦੌਰਾਨ ਬਾਕਾਇਦਾ ਜਾਰੀ ਰਹੀ ਅਤੇ ਵੱਡੇ ਭਰਾ ਡਾ. ਅਨੂਪ ਸਿੰਘ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੇ ਇਸ ਦੌਰਾਨ ਪੰਜਾਬੀ ਵਿੱਚ ਐੱਮ. ਏ. ਵੀ ਕਰ ਲਈ।
ਕੈਨੇਡਾ ਵਿੱਚ ਰਹਿੰਦਿਆਂ ਉਹ ਇੱਥੋਂ ਬਰੈਂਪਟਨ ਤੋਂ ਪ੍ਰਕਾਸ਼ਿਤ ਹੁੰਦੇ ਰਹੇ ਹਫਤਾਵਾਰੀ ਅਖ਼ਬਾਰ ‘ਸਿੱਖ ਸਪੋਕਸਮੈਨ’ ਨਾਲ ਉਹ ਇੱਕ ਦਹਾਕੇ ਤੋਂ ਵਧੀਕ ਜੁੜੇ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਹੁਣ ਤੀਕ ਕਵਿਤਾਵਾਂ ਦੀਆਂ ਤਿੰਨ ਪੁਸਤਕਾਂ ‘ਕਾਵਿ ਵੇਦਨਾ’, ‘ਵਿਰਸੇ ਦੇ ਵਾਰਿਸ’ ਅਤੇ ‘ਕੂਕ ਫ਼ਕੀਰਾ ਕੂਕ ਤੂੰ’ ਛਪ ਚੁੱਕੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਸਮਾਜਿਕ ਅਨਿਆਂ, ਰਾਜਸੀ-ਤੰਤਰ ਦੀਆਂ ਧੱਕੇਸ਼ਾਹੀਆਂ, ਧਾਰਮਿਕ ਮੂਲਵਾਦ, ਸਿੱਖੀ ਸਿਧਾਂਤਾ, ਆਦਿ ਵਿਸ਼ਿਆਂ ਬਾਰੇ ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ।
ਇਸ ਦੌਰਾਨ ਉਨ੍ਹਾਂ ਆਪਣੀ ਕੁਝ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ।
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਕਨਵੀਨਰ ਤਲਵਿੰਦਰ ਸਿੰਘ ਮੰਡ ਨੇ ਕਿਹਾ ਕਿ ਮਲੂਕ ਕਾਹਲੋਂ ਦੀ ਕਵਿਤਾ ਬਾਗ਼ੀ ਸੁਰ ਦੀ ਨਿਸ਼ਾਨਦੇਹੀ ਕਰਦਿਆਂ ਰਾਜਸੀ ਤੰਤਰ ਨੂੰ ਤਿਰਛੀ ਨਜ਼ਰ ਨਾਲ ਵੇਖਦੀ ਹੈ। ਸੀਨੀਅਰ ਪੰਜਾਬੀ ਪੱਤਰਕਾਰ ਤੇ ਚਿੰਤਕ ਹਰਕੰਵਲ ਕੋਰਪਾਲ ਨੇ ਕਾਹਲੋਂ ਦੀ 2024 ਵਿੱਚ ਛਪੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਦੇ ਹਵਾਲੇ ਨਾਲ ਕਿਹਾ ਕਿ ਇੱਥੇ ਇਹ ਕੂਕ ਕੋਈ ਨਿੱਜੀ ਸੰਵੇਦਨਾ ਦੀ ਸੂਚਕ ਨਹੀਂ ਹੈ, ਸਗੋਂ ਇਹ ਕਵੀ ਦੀ ਅੰਤਰੀਵੀ ਚੇਤਨਾ ਦੀ ਲਖਾਇਕ ਹੈ ਜੋ ਸਮੁੱਚੀ ਮਾਨਵਤਾ ਦੇ ਦਰਦ ਨੂੰ ਕਲਾਵੇ ਵਿੱਚ ਲੈ ਕੇ ਮਨੁੱਖ ਨੂੰ ਸਮਾਜਿਕ ਅਨਿਆਂ ਅਤੇ ਸਰਮਾਏਦਾਰੀ ਦੇ ਵਿਰੁੱਧ ਹਲੂਣਦਾ ਹੈ।
ਅੰਤਰਰਸ਼ਟਰੀ ਸਾਹਿਤਕ ਸਾਂਝਾਂ ਦੀ ਕਨਵੀਨਰ ਡਾ. ਬਲਜੀਤ ਕੌਰ ਰਿਆੜ ਨੇ ਵਿਰਾਸਤ ਜੀਵਨ ਮੁੱਲਾਂ ਅਤੇ ਸਾਹਿਤਕ ਚੇਤਨਾ ਨਾਲ ਪ੍ਰਨਾਏ ਮਲੂਕ ਸਿੰਘ ਕਾਹਲੋਂ ਦੀ ਸ਼ਖ਼ਸੀਅਤ ਤੇ ਲੇਖਣੀ ਨੂੰ ਸਮਾਜ ਲਾਹੇਵੰਦ ਤੇ ਸੇਧਮੰਦ ਦੱਸਿਆ, ਜਦਕਿ ਇਸ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਪ੍ਰੋਗਰਾਮ ਵਿੱਚ ਹੋਈ ਵਿਚਾਰ-ਚਰਚਾ ਨੂੰ ਖ਼ੂਬਸੂਰਤ ਅੰਦਾਜ਼ ਵਿਚ ਸਮੇਟਦਿਆਂ ਹੋਇਆਂ ਇਸਦੇ ਆਰੰਭ ਵਿੱਚ ਉੱਘੇ ਪੰਜਾਬੀ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੂੰ ਸਮੁੱਚੇ ਸੰਗਠਨ ਵੱਲੋਂ ਭਾਵਪੂਰਤ ਸ਼ਰਧਾਂਜਲੀ ਵੀ ਅਰਪਿਤ ਕੀਤੀ।
ਪ੍ਰੋਗਰਾਮ ਦਾ ਅਨੰਦ ਮਾਨਣ ਵਾਲਿਆਂ ਵਿੱਚ ਕਵੀ ਗੁਰਚਰਨ ਸਿੰਘ ਜੋਗੀ, ਪਿਆਰਾ ਸਿੰਘ ਗਹਿਲੋਤ, ਡਾ. ਗੁਰਚਰਨ ਸਿੰਘ, ਨਸ਼ੱਤਰ ਸਿੰਘ ਬਦੇਸ਼ਾ, ਮਹਿੰਦਰ ਸਿੰਘ ਕਟਾਰੀਆ, ਪੁਸ਼ਪਿੰਦਰ ਕੌਰ, ਹਰਦਿਆਲ ਸਿੰਘ ਝੀਤਾ, ਜੱਸੀ ਭੁੱਲਰ, ਪਰਮਜੀਤ ਦਿਓਲ, ਹਰਭਜਨ ਕੌਰ ਗਿੱਲ, ਭੁਪਿੰਦਰ ਕੌਰ, ਹਰਦੀਪ ਕੌਰ, ਡਾ. ਬਲਵਿੰਦਰ ਝਬਾਲ, ਹਰਸ਼ਰਨ ਕੌਰ, ਜ਼ੈਲੀ ਗੇਰਾ, ਆਦਿ ਦੇ ਨਾਂ ਵਰਨਣਯੋਗ ਹਨ।

RELATED ARTICLES
POPULAR POSTS