Breaking News
Home / ਕੈਨੇਡਾ / ਪੀਸੀਐਚਐਸ ਦੇ ਸ਼ੁੱਕਰਵਾਰ ਵਾਲੇ ਸੀਨੀਅਰਜ਼ ਗਰੁੱਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮਨਾਇਆ

ਪੀਸੀਐਚਐਸ ਦੇ ਸ਼ੁੱਕਰਵਾਰ ਵਾਲੇ ਸੀਨੀਅਰਜ਼ ਗਰੁੱਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮਨਾਇਆ

ਕੁਲਦੀਪ ਕਾਂਡਾ ਨੇ ਸੱਭਿਆਚਾਰਕ ਜਾਗਰੂਕਤਾ ਤੇ ਕੈਨੇਡਾ ਦੇ ਬਹੁ-ਸੱਭਿਆਚਾਰ ਬਾਰੇ ਦਿੱਤਾ ਭਾਵਪੂਰਤ ਭਾਸ਼ਨ
ਬਰੈਂਪਟਨ/ਡਾ. ਝੰਡ : ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਜ਼ (ਪੀਸੀਐੱਚਐੱਸ) ਦੇ ਸ਼ੁੱਕਰਵਾਰ ਵਾਲੇ ਸੀਨੀਅਰਜ਼ ਗਰੁੱਪ ਦੇ ਮੈਂਬਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼-ਪੁਰਬ ਲੰਘੇ ਦਿਨੀਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਦਿਨ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਨ ਵੀ ਸੀ। ਗਰੁੱਪ ਦੇ ਕੋਆਰਡੀਨੇਟਰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਦੋਹਾਂ ਗੁਰੂ ਸਾਹਿਬਾਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਕਰਮਜੀਤ ਕੌਰ ਕਲਸੀ ਤੇ ਸਰਬਜੀਤ ਕੌਰ ਕਾਹਲੋਂ ਵੱਲੋਂ ਗਾਏ ਗਏ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੇ ਪ੍ਰਵਚਨਾਂ ”ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਆ” ਨਾਲ ਕੀਤੀ ਗਈ, ਜਿਨ੍ਹਾਂ ਨੂੰ ਗੁਰਬਾਣੀ ਵਾਂਗ ਹੀ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ। ਕੰਵਲ ਪੁਰੀ ਨੇ ਧਾਰਮਿਕ ਗੀਤ ‘ਤੱਕਿਆ ਮੈਂ ਬਾਬਰ ਦੇ ਦਰਬਾਰ, ਇਕ ਮਸਤਾਨਾ ਜੋਗੀ’ ਗਾਇਆ। ਉਪਰੰਤ, ਡਾ. ਸੁਖਦੇਵ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਚਾਰ ਜ਼ਿਕਰ ਕਰਦਿਆਂ ਕਿਹਾ ਕਿ ਪੂਰਬ, ਪੱਛਮ, ਉੱਤਰ ਤੇ ਦੱਖਣ ਚਾਰੇ ਦਿਸ਼ਾਵਾਂ ਵਿਚ ਕੀਤੀਆਂ ਗਈਆਂ ਇਨ੍ਹਾਂ ਉਦਾਸੀਆਂ ਦੌਰਾਨ ਭਾਈ ਮਰਦਾਨਾ ਜੀ ਉਨ੍ਹਾਂ ਦੇ ਨਾਲ ਰਹੇ ਅਤੇ ਲੱਗਭੱਗ 40,000 ਮੀਲ ਦਾ ਪੈਂਡਾ ਪੈਦਲ ਤੈਅ ਕਰਕੇ ਗੁਰੂ ਜੀ ਨੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੱਤਾ। ਹਰਿਦੁਆਰ ਵਿਚ ਲੋਕਾਂ ਵੱਲੋਂ ‘ਸੂਰਜ ਨੂੰ ਪਾਣੀ ਦੇਣ’ ਅਤੇ ਮੱਕੇ ਵਿਚ ਗੁਰੂ ਜੀ ਵੱਲੋਂ ‘ਮੱਕਾ ਫੇਰਨ’ ਵਾਲੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਸੰਵਾਦ ਰਚਾ ਕੇ ਉਨ੍ਹਾਂ ਨੂੰ ਪ੍ਰੈਕਟੀਕਲ ਸਿੱਖਿਆ ਦਿੱਤੀ। ਇਸ ਦੌਰਾਨ ਗਰੁੱਪ ਦੇ ਮੈਂਬਰਾਂ ਪ੍ਰਿਤਪਾਲ ਸਿੰਘ ਘੁੰਮਣ ਅਤੇ ਯਸ਼ ਦੱਤਾ ਨੇ ਵੀ ਗੁਰੂ ਸਾਹਿਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇੰਗਲੈਂਡ ਤੋਂ ਆਏ ਡਾ. ਕ੍ਰਿਸ਼ਨ ਕੁਮਾਰ ਚੌਹਾਨ ਨੇ ਖ਼ਵਾਜਾ ਦਿਲ ਮੁਹੰਮਦ ਹੁਰਾਂ ਦੀ 1916 ਵਿਚ ਉਰਦੂ ਵਿਚ ਛਪੀ ਖ਼ੂਬਸੂਰਤ ਨਜ਼ਮ ਪੇਸ਼ ਕੀਤੀ। ਕਿਚਨਰ ਤੋਂ ਆਈ ਕੁਲਦੀਪ ਕਾਂਡਾ ਨੇ ‘ਸੱਭਿਆਚਾਰਕ ਜਾਗਰੂਕਤਾ ਤੇ ਕੈਨੇਡਾ ਦੇ ਬਹੁ-ਸੱਭਿਆਚਾਰ’ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੱਭਿਆਚਾਰ ਲੋਕ-ਸਮੂਹ ਦੇ ਖਾਣ-ਪੀਣ, ਪਹਿਨਣ-ਪਚਰਨ, ਵਿਚਰਨ, ਆਦਤਾਂ ਅਤੇ ਰੀਤੀ-ਰਿਵਾਜਾਂ ਦਾ ਸੁਮੇਲ ਹੈ। ਅਸੀਂ ਜਿੱਥੇ ਵੀ ਜਾਂਦੇ ਹਾਂ, ਆਪਣੀ ਬੋਲੀ ਤੇ ਸੱਭਿਆਚਾਰ ਆਪਣੇ ਨਾਲ ਹੀ ਲੈ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਬਹੁ-ਸੱਭਿਆਰਚਾਰੀ ਦੇਸ਼ ਹੈ ਅਤੇ ਇੱਥੇ ਇਸ ਸਮੇਂ ਡੇਢ ਸੌ ਤੋਂ ਵਧੀਕ ਦੇਸ਼ਾਂ ਦੇ ਲੋਕ ਆ ਕੇ ਵੱਸੇ ਹੋਏ ਹਨ। ਹਰੇਕ ਦੇਸ਼ ਦੇ ਲੋਕਾਂ ਦੀ ਆਪਣੀ ਬੋਲੀ ਤੇ ਆਪਣਾ ਸੱਭਿਆਚਾਰ ਹੈ ਪਰ ਉਹ ਇੱਥੇ ਸਾਂਝੇ ਤੌਰ ‘ਤੇ ਵਿਚਰ ਰਹੇ ਹਨ ਅਤੇ ਸਾਂਝੇ ‘ਬਹੁ-ਪੱਖੀ ਸੱਭਿਆਚਾਰ’ ਦੀ ਖੂਬਸੂਰਤ ਤਸਵੀਰ ਪੇਸ਼ ਕਰ ਰਹੇ ਹਨ।
ਪੰਜਾਬੀ ਸੱਭਿਆਚਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਖੁੱਲ੍ਹਾ ਖਾਣ-ਪੀਣ ਦੇ ਸ਼ੌਕੀਨ ਹਨ ਅਤੇ ਉਹ ਖੁੱਲ੍ਹੇ-ਡੁੱਲ੍ਹੇ ਸੁਭਾਅ ਦੇ ਮਾਲਕ ਹਨ ਪਰ ਕਈ ਵਾਰ ਉਹ ਕਿਸੇ ਹਿਚਕਚਾਹਟ ਵੱਸ ਜਾਂ ਬੋਲੀ ਦੀ ਸਮੱਸਿਆ (ਅੰਗਰੇਜ਼ੀ ਭਾਸ਼ਾ ਦੀ ਘੱਟ ਜਾਣਕਾਰੀ ਹੋਣ) ਕਾਰਨ ਦੂਸਰੇ ਸੱਭਿਆਚਾਰਾਂ ਨਾਲ ਵਿਚਰਨ ਤੋਂ ਕੰਨੀ ਕਤਰਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਇਹ ਹਿਚਕਚਾਹਟ ਦੂਰ ਕਰਕੇ ਦੂਸਰੀਆਂ ਕਮਿਊਨਿਟੀਆਂ ਦੇ ਲੋਕਾਂ ਨਾਲ ਖੁੱਲ੍ਹ ਕੇ ਵਿਚਰਨਾ ਚਾਹੀਦਾ ਹੈ ਅਤੇ ਕੈਨੇਡਾ ਦੇ ਸਾਂਝੇ ਬਹੁ-ਪੱਖੀ ਸੱਭਿਆਚਾਰ ਦਾ ਹਿੱਸਾ ਬਣਨਾ ਚਾਹੀਦਾ ਹੈ। ਆਪਣੇ ਨਿੱਜੀ ਜੀਵਨ ਵਿੱਚੋਂ ਕਈ ਉਦਾਹਰਣਾਂ ਦੇ ਕੇ ਉਨ੍ਹਾਂ ਦੂਸਰੀਆਂ ਕਮਿਊਨਿਟੀਆਂ ਨਾਲ ਮੇਲ਼-ਜੋਲ ਅਤੇ ਦੀਵਾਲੀ ਤੇ ਹੋਰ ਤਿਓਹਾਰ ਸਾਂਝੇ ਤੌਰ ‘ਤੇ ਮਨਾਉਣ ਦੀ ਗੱਲ ਬਾਖੂਬੀ ਕੀਤੀ। ਇਸ ਮੌਕੇ ਹੋਰ ਕਈ ਮੈਂਬਰਾਂ ਵੱਲੋਂ ਵੀ ਸੱਭਿਆਚਾਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਪ੍ਰੋਗਰਾਮ ਦੇ ਅਖ਼ੀਰ ਵੱਲ ਵੱਧਦਿਆਂ ਸਾਰਿਆਂ ਨੇ ਇੱਕ ਰੈਸਟੋਰੈਂਟ ਤੋਂ ਮੰਗਵਾਇਆ ਹੋਇਆ ਖਾਣਾ ਸਾਂਝੇ ਤੌਰ ‘ਤੇ ਲੰਗਰ ਦੇ ਰੂਪ ਵਿਚ ਛਕਿਆ ਗੁਰੂ ਨਾਨਕ ਦੇਵ ਜੀ ਵੱਲੋਂ 20 ਰੁਪਿਆਂ ਦੀ ਰਸਦ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਆਰੰਭ ਕੀਤੀ ਗਈ ‘ਲੰਗਰ ਪ੍ਰਥਾ’ ਨੂੰ ਯਾਦ ਕੀਤਾ।

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …