ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਉਪ-ਚੇਅਰਮੈਨ ਸੱਤਪਾਲ ਜੌਹਲ ਤੇ ਡਾ. ਸੁਖਦੇਵ ਸਿੰਘ ਝੰਡ ਨੇ ਕੀਤਾ ਸੰਬੋਧਨ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 26 ਨਵੰਬਰ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼-ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ।
ਇਸ ਕਲੱਬ ਦੇ 30 ਮੈਂਬਰ ‘ਕੌਸਟਿਊਮਵੇਅਰ’ 7171 ਟੌਰਬਰਮ ਰੋਡ, ਮਿਸੀਸਾਗਾ ਵਿਖੇ ਇਸ ਦੇ ਮੀਟਿੰਗ-ਰੂਮ ਵਿਚ ਬਾਅਦ ਦੁਪਹਿਰ ਸਵਾ ਬਾਰਾਂ ਵਜੇ ਇਕੱਤਰ ਹੋਏ ਅਤੇ ਸਾਰਿਆਂ ਨੇ ਇਕ-ਦੂਸਰੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ-ਪੁਰਬ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ।
ਉਪਰੰਤ, ਇਸ ਬਿਜ਼ਨੈੱਸ-ਅਦਾਰੇ ਦੀ ਮੀਟਿੰਗ ਵਿਚ ਸੰਖੇਪ ਸਮਾਗ਼ਮ ਦੀ ਬਾਕਾਇਦਾ ਸ਼ੁਰੂਆਤ ਕੀਤੀ ਗਈ। ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਟਰੱਸਟੀ ਜਿਨ੍ਹਾਂ ਨੂੰ ਪਿਛਲੇ ਹਫ਼ਤੇ ਇਸ ਬੋਰਡ ਦੇ ਉਪ-ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ, ਨੇ ਇਸ ਮੌਕੇ ਕਲੱਬ ਦੇ ਮੈਂਬਰਾਂ ਨੂੰ ਸੰਬੋਧਨ ਹੁੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼-ਪੁਰਬ ਦੀ ਵਧਾਈ ਦਿੱਤੀ ਅਤੇ ਇਸ ਨਾਲ ਸਬੰਧਿਤ ਇਹ ਇਕੱਤਰਤਾ ਕਰਨ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਸਾਰਿਆਂ ਨੂੰ ਗੁਰੂ ਸਾਹਿਬ ਦੇ ਉਪਦੇਸਾਂ ‘ਤੇ ਚੱਲਣ ਅਤੇ ਉਨ੍ਹਾਂ ਦੀਆਂ ਵੱਡਮੁੱਲੀਆਂ ਸਿੱਖਿਆਵਾਂ ‘ਤੇ ਅਮਲ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪੀਲ ਸਕੂਲ ਬੋਰਡ ਟਰੱਸਟੀ ਵਜੋਂ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਕਰ ਰਹੇ ਹਨ ਅਤੇ ਇਸ ਬੋਰਡ ਦੇ ਉਪ-ਚੇਅਰਮੈਨ ਦੀ ਇਸ ਨਿਯੁਕਤੀ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਨਹੀਂ, ਸਗੋਂ ਪੂਰੀ ਪੰਜਾਬੀ ਕਮਿਊਨਿਟੀ ਨੂੰ ਮਾਣ ਬਖ਼ਸ਼ਿਆ ਗਿਆ ਹੈ ਅਤੇ ਉਹ ਇਸ ਨਵੀਂ ਜ਼ਿੰਮੇਵਾਰੀ ਨੂੰ ਹੋਰ ਸ਼ਿੱਦਤ ਨਾਲ ਨਿਭਾਉਣ ਦੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣਗੇ।
ਡਾ. ਸੁਖਦੇਵ ਸਿੰਘ ਝੰਡ ਨੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੂੰ ਆਪਣੇ ਬੋਲਣ ਦਾ ਵਿਸ਼ਾ ਬਣਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਚੌਹਾਂ ਦਿਸ਼ਾਵਾਂ ਵਿਚ ਕੀਤੀਆਂ ਗਈਆਂ ਇਨ੍ਹਾਂ ਚਾਰ ਉਦਾਸੀਆਂ ਵਿਚ ਲੱਗਭੱਗ 36,000 ਮੀਲ ਦਾ ਸਫ਼ਰ ਆਪਣੇ ਸਾਥੀ ਮਰਦਾਨਾ ਜੀ ਦੇ ਨਾਲ ਪੈਦਲ ਕੀਤਾ। ਇਸ ਲੰਮੇਂ ਸਫ਼ਰ ਦੌਰਾਨ ਉਨ੍ਹਾਂ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਸੰਵਾਦ ਰਚਾਇਆ ਅਤੇ ਪੂਰੇ ਤਰਕ ਤੇ ਦਲੀਲ ਨਾਲ ਆਪਣੀ ਗੱਲ ਕਰਕੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ।
ਜੇਕਰ ਹਿੰਦੂਆਂ ਦੇ ਤੀਰਥ ਹਰਿਦੁਆਰ ਜਾ ਕੇ ਉਨ੍ਹਾਂ ਗੰਗਾ ਨਦੀ ਦਾ ਪਾਣੀ ਅਮਲੀ ਤੌਰ ‘ਤੇ ਪੱਛਮ ਵੱਲ ਝੱਟ ਕੇ ਲੋਕਾਂ ਨੂੰ ਇਹ ਸਮਝਾਇਆ ਕਿ ਉਨ੍ਹਾਂ ਦੇ ਵੱਲੋਂ ਝੱਟਿਆ ਗਿਆ ਪਾਣੀ ਸੂਰਜ ਤੱਕ ਨਹੀਂ ਪਹੁੰਚ ਸਕਦਾ ਤਾਂ ਮੁਸਲਮਾਨਾਂ ਦੇ ਪਵਿੱਤਰ ਅਸਥਾਨ ਮੱਕੇ ਜਾ ਕੇ ਮੌਲਾਣਿਆਂ ਨੂੰ ਵੀ ਸਮਝਾਇਆ ਕਿ ਖ਼ੁਦਾ ਦਾ ਘਰ ਕਿਸੇ ਵਿਸ਼ੇਸ਼ ਦਿਸ਼ਾ ਵਿਚ ਨਹੀਂ ਹੈ, ਸਗੋਂ ਖ਼ੁਦਾ ਤਾਂ ਹਰ ਪਾਸੇ ਸਰਬ-ਵਿਆਪਕ ਹੈ।
ਇਸ ਸੰਖੇਪ ਸਮਾਗ਼ਮ ਦੌਰਾਨ ਕਲੱਬ ਦੇ ਮੈਬਰ ਹਰਜੀਤ ਸਿੰਘ ਵੱਲੋਂ ਆਪਣੇ ਘਰੋਂ ਬਣਾ ਕੇ ਲਿਆਂਦਾ ਗਿਆ ਸੁਆਦਲਾ ਲੰਗਰ ਸਾਰਿਆਂ ਨੇ ਮਿਲ ਕੇ ਛਕਿਆ। ‘ਕੌਸਟਿਊਮਵੇਅਰ’ ਦੇ ਮਾਲਕ ਤੇ ਸੰਚਾਲਕ ਨਰਿੰਦਰ ਪਾਲ ਬੈਂਸ ਵੱਲੋਂ ਚਾਹ ਦਾ ਲੰਗਰ ਛਕਾਇਆ ਗਿਆ। ਅਖ਼ੀਰ ਵਿਚ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਸੱਤਪਾਲ ਜੌਹਲ, ਡਾ. ਝੰਡ ਅਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਸੁਆਦਲਾ ਲੰਗਰ ਛਕਾਉਣ ਲਈ ਉਨ੍ਹਾਂ ਵੱਲੋਂ ਹਰਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …