ਘਰਾਂ ਦੇ ਬਾਹਰ ਲਾਅਨਾਂ ਤੇ ਚੌਂਕਾਂ ਵਿਚ ਸਾਈਨ ਬੋਰਡ ਧੜਾਧੜ ਲਗਾਏ ਜਾ ਰਹੇ ਹਨ
ਕੈਲਾਡਨ/ਡਾ.ਝੰਡ : ਓਨਟਾਰੀਓ ਸੂਬੇ ਵਿਚ ਮਿਊਂਸਪਲ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ 24 ਅਕਤੂਬਰ ਨੂੰ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਹੁਣ ਮਹੀਨੇ ਕੁ ਦਾ ਸਮਾਂ ਹੀ ਰਹਿ ਗਿਆ ਹੈ। ਇਨ੍ਹਾਂ ਚੋਣਾਂ ਵਿਚ ਭਾਗ ਲੈ ਰਹੇ ਉਮੀਦਵਾਰ ਆਪੋ ਆਪਣੇ ਢੰਗਾਂ/ਤਰੀਕਿਆਂ ਨਾਲ ਵੱਖ-ਵੱਖ ਥਾਵਾਂ ‘ਤੇ ਚੋਣ-ਪ੍ਰਚਾਰ ਵਿਚ ਰੁੱਝੇ ਹੋਏ ਹਨ।
ਇਸ ਚੋਣ ਪ੍ਰਚਾਰ ਵਿਚ ਘਰਾਂ, ਚੌਕਾਂ ਅਤੇ ਹੋਰ ਅਹਿਮ ਥਾਵਾਂ ‘ਤੇ ਆਪਣੇ ਸਾਈਨ ਲਗਾਉਣੇ ਕੈਨੇਡਾ ਵਿਚ ਕਾਫੀ ਮਹੱਤਵ ਪੂਰਨ ਸਮਝਿਆ ਜਾਂਦਾ ਹੈ। ਉਮੀਦਵਾਰ ਅਤੇ ਉਨ੍ਹਾਂ ਦੇ ਸਮੱਰਥਕ ਘਰਾਂ ਦੇ ਮਾਲਕਾਂ ਦੀ ਸਹਿਮਤੀ ਨਾਲ ਉਨ੍ਹਾਂ ਦੇ ਘਰਾਂ ਦੇ ਬਾਹਰ ਲਾਅਨ ਵਿਚ ਆਪਣੇ ਸਾਈਨ ਬੋਰਡ ਲਗਾਉਂਦੇ ਹਨ।
ਵੱਖ-ਵੱਖ ਅਕਾਰ ਦੇ ਇਹ ਸਾਈਨ ਬੋਰਡ ਘਰਾਂ, ਸੜਕਾਂ ਦੇ ਕਿਨਾਰਿਆਂ ਅਤੇ ਚੌਕਾਂ ਵਿਚ ਖਾਸ-ਖਾਸ ਥਾਵਾਂ ‘ਤੇ ਹੀ ਲਗਾਏ ਜਾਂਦੇ ਹਨ ਜੋ ਉਮੀਦਵਾਰਾਂ ਦੀ ਹੋਂਦ ਅਤੇ ਹਸਤੀ ਨੂੰ ਪ੍ਰਗਟਾਉਂਦੇ ਹਨ।
ਇਹ ਸਾਈਨ ਲਾਉਣ ਲੱਗਿਆਂ ਸਿਟੀ ਵੱਲੋਂ ਨਿਰਧਾਰਿਤ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਅਜਿਹਾ ਨਾ ਹੋਣ ਦੀ ਹਾਲਤ ਵਿਚ ਸਬੰਧਿਤ ਸਿਟੀ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਨਿਯਮਾਂ ਦੀ ਅਵੱਗਿਆ ਹੋਣ ਦੇ ਕਾਰਨ ਇਹ ਪੁੱਟ ਦਿੱਤੇ ਜਾਂਦੇ ਹਨ ਅਤੇ ਉਮੀਦਵਾਰ ਨੂੰ ਇਸ ਦੇ ਲਈ ਜੁਰਮਾਨਾ ਵੀ ਭਰਨਾ ਪੈਂਦਾ ਹੈ। ਇਨ੍ਹਾਂ ਨਿਯਮਾਂ ਦੀ ਆੜ ਵਿਚ ਕਈ ਵਾਰ ਉਮੀਦਵਾਰਾਂ ਦੇ ਕਈ ਸਮੱਰਥਕ ਆਪਣੇ ਵਿਰੋਧੀ ਉਮੀਦਵਾਰ ਦੇ ਸਾਈਨ ਬੋਰਡ ਪੁੱਟ ਜਾਂਦੇ ਹਨ ਜਾਂ ਉਨ੍ਹਾਂ ਵੱਲੋਂ ਇਨ੍ਹਾਂ ਨੂੰ ਖਰਾਬ ਕਰ ਦਿੱਤਾ ਜਾਂਦਾ ਹੈ ਜੋ ਐਥੀਕਲੀ ਸਹੀ ਨਹੀ ਹੈ ਅਤੇ ਇਸ ਕਿਸਮ ਦੀ ਘਟੀਆ ਹਰਕਤ ਤੋਂ ਹਰੇਕ ਵਿਅਕਤੀ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਾਡੇ ਪੰਜਾਬੀ ਭਰਾਵਾਂ ਨੂੰ ਚੋਣਾਂ ਦੇ ਦਿਨਾਂ ਵਿਚ ਇਕ ਵੱਖਰੀ ਕਿਸਮ ਦਾ ਜਨੂੰਨ ਤੇ ਨਸ਼ਾ ਜਿਹਾ ਹੁੰਦਾ ਹੈ ਅਤੇ ਉਹ ਪੰਜਾਬ ਦੀਆਂ ਚੋਣਾਂ ਵਾਂਗ ਹੀ ਇਨ੍ਹਾਂ ਚੋਣਾਂ ਵਿਚ ਹੁੰਦੇ ਚੋਣ-ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ।
ਕੈਲੇਡਨ ਦੇ ਵਾਰਡ ਨੰਬਰ 2 ਵਿਚ ਸਿਟੀ ਕੌਂਸਲਰ ਵਜੋਂ ਮੈਦਾਨ ਵਿਚ ਉੱਤਰੇ ਉਮੀਦਵਾਰ ਹੁਨਰ ਕਾਹਲੋਂ ਅਤੇ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਵੀ ਇਹ ਸਾਈਨ-ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ ਚਲਾਈ ਜਾ ਰਹੀ ਹੈ ਅਤੇ ਉਨ੍ਹਾਂ ਦੀ ਇਸ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹ ਇਸ ਦੇ ਲਈ ਕਾਫੀ ਉਤਸ਼ਾਹਿਤ ਅਤੇ ਚੜ੍ਹਦੀ ਕਲਾ ਵਿਚ ਹਨ।
ਲੋਕ ਉਨ੍ਹਾਂ ਨੂੰ ਫੋਨ ਕਰਕੇ ਆਪਣੇ ਘਰਾਂ ਦੇ ਬਾਹਰ ਲਾਅਨਾਂ ਵਿਚ ਇਹ ਸਾਈਨ ਲਗਾਉਣ ਲਈ ਕਹਿ ਰਹੇ ਹਨ। ਇੱਥੇ ਇਹ ਕਹਿਣਾ ਬਿਲਕੁਲ ਵਾਜਬ ਹੋਵੇਗਾ ਕਿ ਅਸੀਂ ਕਿਸੇ ਉਮੀਦਵਾਰ ਦੀ ਵਿਚਾਰਧਾਰਾ ਦੇ ਵਿਰੁੱਧ ਹੋ ਸਕਦੇ ਹਾਂ ਅਤੇ ਹੋ ਸਕਦਾ ਹੈ ਕਿ ਅਸੀਂ ਉਸ ਨੂੰ ਪਸੰਦ ਨਾ ਕਰਦੇ ਹੋਈਏ ਪਰ ਸਾਨੂੰ ਕੇਵਲ ਚੋਣ ਆਪਣਾ ਹੀ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਕਿਸੇ ਉਮੀਦਵਾਰ ਦੇ ਵਿਰੁੱਧ ਕੋਈ ਵੀ ਮਾੜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਸਾਈਨ ਬੋਰਡ ਲਗਾਉਣ ਲੱਗਿਆਂ ਸਿਟੀ ਵੱਲੋਂ ਬਣਾਏ ਨਿਯਮਾਂ ਦੀ ਪੂਰਨ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਹ ਚੋਣ ਨਿਰਵਿਘਨ ਢੰਗ ਨਾਲ ਸੰਪੰਨ ਹੋਣ ਵਿਚ ਚੋਣ-ਅਧਿਕਾਰੀਆਂ ਦੀ ਮਦਦ ਕਰਨੀ ਚਾਹੀਦੀ ਹੈ।
Home / ਕੈਨੇਡਾ / ਕੈਲਾਡਨ ਦੇ ਵਾਰਡ-2 ਵਿਚ ਚੱਲ ਰਹੀ ‘ਸਾਈਨ-ਮੁਹਿੰਮ’ ਵਿਚ ਹੁਨਰ ਕਾਹਲੋਂ ਨੂੰ ਮਿਲ ਰਿਹੈ ਵਧੀਆ ਹੁੰਗਾਰਾ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …