Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ ‘ਚ ਕਾਵਿ ਪੁਸਤਕ ‘ਮਹਿਕਦੇ ਅਲਫਾਜ਼’ ਕੀਤੀ ਗਈ ਲੋਕ-ਅਰਪਿਤ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ ‘ਚ ਕਾਵਿ ਪੁਸਤਕ ‘ਮਹਿਕਦੇ ਅਲਫਾਜ਼’ ਕੀਤੀ ਗਈ ਲੋਕ-ਅਰਪਿਤ

ਕਵੀ ਆਪਣੀ ਕਵਿਤਾ ਵਿਚ ਜਿੰਨਾ ਵਧੇਰੇ ਛਿਪਾ ਸਕਦਾ ਹੈ, ਉਹ ਓਨਾ ਹੀ ਵੱਡਾ ਕਵੀ ਹੁੰਦਾ ਹੈ : ਪ੍ਰੋ. ਰਾਮ ਸਿੰਘ
ਬਰੈਂਪਟਨ/ਡਾ.ਝੰਡ : ਲੰਘੇ ਐਤਵਾਰ 18 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਹੀਨੇਵਾਰ ਸਮਾਗਮ ਵਿਚ ਡਾ. ਜਗਮੋਹਨ ਸਿੰਘ ਸੰਘਾ ਅਤੇ ਡਾ. ਰਵਿੰਦਰ ਕੌਰ ਭਾਟੀਆ ਵੱਲੋਂ ਸੰਪਾਦਿਤ ਪੁਸਤਕ ‘ਮਹਿਕਦੇ ਅਲਫਾਜ਼’ ਲੋਕ-ਅਰਪਿਤ ਕੀਤੀ ਗਈ। ਸਰੋਤਿਆਂ ਨਾਲ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸਮਾਗਮ ਦੇ ਮੁੱਖ-ਬੁਲਾਰੇ ਪ੍ਰੋ. ਤਲਵਿੰਦਰ ਸਿੰਘ ਮੰਡ ਸਨ, ਜਦ ਕਿ ਸਭਾ ਦੇ ਕਈ ਹੋਰ ਮੈਂਬਰਾਂ ਨੇ ਵੀ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ, ਡਾ. ਪਰਗਟ ਸਿੰਘ ਬੱਗਾ, ਪ੍ਰੋ. ਰਾਮ ਸਿੰਘ ਅਤੇ ਮੈਡਮ ਨਰਿੰਦਰ ਕੌਰ ਭੁੱਚੋ ਸੁਸ਼ੋਭਿਤ ਸਨ। ਸਮਾਗਮ ਦੇ ਆਰੰਭ ਵਿਚ ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਵੱਲੋਂ ਆਏ ਮਹਿਮਾਨਾਂ, ਮੈਂਬਰਾਂ ਤੇ ਸਾਹਿਤ-ਪ੍ਰੇਮੀਆਂ ਦੇ ਰਸਮੀ-ਸੁਆਗਤ ਤੋਂ ਬਾਅਦ ਪੁਸਤਕ ‘ਮਹਿਕਦੇ ਅਲਫਾਜ਼’ ਪ੍ਰਧਾਨਗੀ-ਮੰਡਲ, ਸਭਾ ਦੀ ਕਾਰਜਕਾਰਨੀ ਦੇ ਮੈਂਬਰਾਂ ਅਤੇ ਚੋਣਵੇਂ ਮਹਿਮਾਨਾਂ ਦੀ ਹਾਜ਼ਰੀ ਵਿਚ ਲੋਕ ਅਰਪਿਤ ਕੀਤੀ ਗਈ।
ਉਪਰੰਤ, ਮੰਚ-ਸੰਚਾਲਕ ਵੱਲੋਂ ਮੁੱਖ-ਬੁਲਾਰੇ ਪ੍ਰੋ. ਤਲਵਿੰਦਰ ਸਿੰਘ ਮੰਡ ਨੂੰ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਪੁਸਤਕ ਬਾਰੇ ਗੱਲ ਕਰਨ ਕਰਦਿਆਂ ਹੋਇਆ ਕਿਹਾ ਕਿ ਕਿਸੇ ਵੀ ਪੁਸਤਕ ਦੇ ਤਿੰਨ ਮੁੱਖ ਪਹਿਲੂ ਉਸ ਦਾ ਲੇਖਕ, ਰਚਨਾ ਅਤੇ ਪਾਠਕ ਹੁੰਦੇ ਹਨ ਅਤੇ ਇਸ ਵਿਚ ਪ੍ਰਮੁੱਖ ਜਿੰਮੇਵਾਰੀ ਲੇਖਕ ਦੀ ਹੁੰਦੀ ਹੈ। ਸੰਪਾਦਿਤ ਪੁਸਤਕ ਵਿਚ ਇਹ ਜ਼ਿੰਮੇਵਾਰੀ ਸੰਪਾਦਕ/ਸੰਪਾਦਕਾਂ ਦੀ ਬਣ ਜਾਂਦੀ ਹੈ ਜਿਨ੍ਹਾਂ ਨੇ ਇਸ ਵਿਚਲੇ ਮੈਟਰ ਦੀ ਚੋਣ ਅਤੇ ਉਸ ਦੀ ਐਡੀਟਿੰਗ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਪਾਦਨਾ ਦਾ ਇਹ ਕਾਫੀ ਮੁਸ਼ਕਲ ਤੇ ਪੇਚੀਦਾ ਹੈ, ਕਿਉਂਕਿ ਸੰਪਾਦਕਾਂ ਨੇ ਪੁਸਤਕ ਲਈ ਨਿਰਧਾਰਿਤ ਮਿਆਰ ਅਨੁਸਾਰ ਉਸ ਲਈ ਰਚਨਾਵਾਂ ਦੀ ਚੋਣ ਕਰਨੀ ਹੁੰਦੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਕਈ ਲੇਖਕਾਂ ਦੀਆਂ ਨਾਰਾਜ਼ਗੀਆਂ ਵੀ ਮੁੱਲ ਲੈਣੀਆਂ ਪੈਂਦੀਆਂ ਹਨ। ਹੱਥਲੀ ਪੁਸਤਕ ‘ਮਹਿਕਦੇ ਅਲਫਾਜ਼’ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੰਪਾਦਕਾਂ ਵੱਲੋਂ ਇਸ ਪੁਸਤਕ ਦੀ ਸੰਪਾਦਨਾ ਕਰਕੇ ਵਧੀਆ ਉਪਰਾਲਾ ਕੀਤਾ ਗਿਆ ਹੈ ਪਰ ਜਿੱਥੇ ਇਸ ਵਿਚ ਬਹੁਤ ਸਾਰੀਆਂ ਮਿਆਰੀ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਉੱਥੇ ਕੁਝ ਰਚਨਾਵਾਂ ਮਿਆਰ ਤੋਂ ਹੇਠਾਂ ਵੀ ਹਨ।
ਦੂਸਰੇ ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਜਿਨ੍ਹਾਂ ਨੇ ਇਸ ਪੁਸਤਕ ਦਾ ਮੁੱਖ-ਬੰਦ ਵੀ ਲਿਖਿਆ ਹੈ, ਨੇ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ‘ਮਹਿਕਦੇ ਅਲਫ਼ਾਜ਼’ ਵੱਖ-ਵੱਖ ਰੰਗਾਂ ਅਤੇ ਮਹਿਕਾਂ ਦੇ ਕਾਵਿ-ਰੂਪੀ ਫੁੱਲਾਂ ਦਾ ‘ਗੁਲਦਸਤਾ’ ਹੈ ਜਿਸ ਵਿਚ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਆਦਿ ਦੇਸ਼ਾਂ ਦੇ 70 ਲੇਖਕਾਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕਵਿਤਾਵਾਂ, ਗਜ਼ਲਾਂ ਤੇ ਗੀਤ ਸ਼ਾਮਲ ਕੀਤੇ ਗਏ ਹਨ। ਇਸ ‘ਗੁਲਦਸਤੇ’ ਦੇ ਕਈ ਫੁੱਲ ਵਧੇਰੇ ਮਹਿਕ ਖਿਲਾਰਨ ਵਾਲੇ ਹਨ ਅਤੇ ਕਈ ਘੱਟ ਮਹਿਕਦਾਰ ਵੀ ਹਨ। ਪੁਸਤਕ ਵਿਚ ਸੰਪਾਦਕਾਂ ਵੱਲੋਂ ਨਵੀਆਂ ਕਲਮਾਂ ਨੂੰ ਬਣਦੀ ਥਾਂ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ ਹੈ। ਅਲਬੱਤਾ, ਇਸ ਵਿਚ ਕਈ ਰਚਨਾਵਾਂ ਦੀ ਚੋਣ ਵਿਚ ਮਿਆਰ ਨੂੰ ਲੋੜੀਂਦੀ ਅਹਿਮੀਅਤ ਨਹੀਂ ਦਿੱਤੀ ਗਈ। ਸੰਪਾਦਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉੱਘੇ ਗਾਇਕ ਇਕਬਾਲ ਬਰਾੜ ਨੇ ਪੁਸਤਕ ਨੂੰ ‘ਜੀ ਆਇਆਂ’ ਕਿਹਾ ਅਤੇ ਨਾਲ ਹੀ ਇਸ ਵਿਚ ਸ਼ਬਦਾਂ ਤੇ ਅੱਖਰਾਂ ਵਿਚ ਰਹਿ ਗਈਆਂ ਗਲਤੀਆਂ ਬਾਰੇ ਵੀ ਉਨ੍ਹਾਂ ਨੂੰ ਸੁਚੇਤ ਕੀਤਾ, ਖਾਸ ਕਰਕੇ ਬਿੰਦੀ ਵਾਲੇ ਅੱਖਰਾਂ ਦੀਆਂ ਕਈ ਗਲਤੀਆਂ ਉਨ੍ਹਾਂ ਵੱਲੋਂ ਸੰਪਾਦਕਾਂ ਦੇ ਨੋਟਿਸ ਵਿਚ ਲਿਆਂਦੀਆਂ ਗਈਆਂ।
ਸੁਰਜੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਪਾਦਨਾ ਦਾ ਕਾਰਜ ਬੜਾ ਚੁਣੌਤੀ ਭਰਪੂਰ ਹੁੰਦਾ ਹੈ ਅਤੇ ਇਸ ਦੇ ਲਈ ਸੰਪਾਦਕਾਂ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਆਪਣੇ ਇਸ ਕਥਨ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਆਪਣੇ ਵੱਲੋਂ ਸੰਪਾਦਿਤ ਕੀਤੀ ਗਈ ਕਹਾਣੀਆਂ ਦੀ ਇਕ ਪੁਸਤਕ ਦਾ ਹਵਾਲਾ ਵੀ ਦਿੱਤਾ। ਸੰਪਾਦਕਾਂ ਦੀ ਹੌਸਲਾ-ਅਫਜ਼ਾਈ ਕਰਦਿਆਂ ਹੋਇਆਂ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੇ ਉਨ੍ਹਾਂ ਦੇ ਇਸ ਉਪਰਾਲੇ ਨੂੰ ਵਧੀਆ ਕਦਮ ਕਰਾਰ ਦਿੱਤਾ ਅਤੇ ਭਵਿੱਖ ਵਿਚ ਉਨ੍ਹਾਂ ਕੋਲੋਂ ਹੋਰ ਮਿਆਰੀ ਪੁਸਤਕਾਂ ਦੀ ਸੰਪਾਦਨਾ ਦੀ ਆਸ ਪ੍ਰਗਟ ਕੀਤੀ। ਪ੍ਰੋ. ਰਾਮ ਸਿੰਘ ਨੇ ਆਪਣੇ ਸੰਬੋਧਨ ਵਿਚ ਕਵਿਤਾ ਅਤੇ ਕਵੀ ਬਾਰੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਕਵਿਤਾ ਦੀ ਖ਼ੂਬਸੂਰਤੀ ਕਵੀ ਵੱਲੋਂ ਇਸ ਵਿਚ ਛਿਪਾਏ ਗਏ ਵਿਚਾਰਾਂ ਵਿਚ ਹੁੰਦੀ ਹੈ ਜਿਨ੍ਹਾਂ ਦੀਆਂ ਕਈ ਪਰਤਾਂ ਹੋ ਸਕਦੀਆਂ ਹਨ। ਪਾਠਕ ਇਨ੍ਹਾਂ ਪਰਤਾਂ ਨੂੰ ਖੋਲ੍ਹਦਾ ਹੋਇਆ ਕਵਿਤਾ ਵਿਚਲਾ ਅਨੰਦ ਮਾਣਦਾ ਹੈ। ਉਨ੍ਹਾਂ ਕਿਹਾ ਕਿ ਕਵੀ ਆਪਣੀ ਕਵਿਤਾ ਜਿੰਨਾ ਵਧੇਰੇ ਛਿਪਾ ਸਕਦਾ ਹੈ, ਉਹ ਓਨਾ ਹੀ ਵੱਡਾ ਕਵੀ ਹੁੰਦਾ ਹੈ। ਇਸ ਮੌਕੇ ਪਰਮ ਸਰਾਂ ਨੇ ਵੀ ਪੁਸਤਕ ਸਬੰਧੀ ਆਪਣੇ ਵਿਚਾਰ ਪ੍ਰਗਟ ਪੇਸ਼ ਕੀਤੇ।
ਪੁਸਤਕ ਦੇ ਸੰਪਾਦਕ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ, ਸਮੂਹ ਬੁਲਾਰਿਆਂ ਅਤੇ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਸਤਕ ਦੀ ਸੰਪਾਦਨਾ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਇਸ ਵਿਚ ਕਈ ਤਰੁੱਟੀਆਂ ਰਹਿ ਗਈਆਂ। ਉਹ ਇਨ੍ਹਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਅਤੇ ਅੱਗੇ ਤੋਂ ਇਸ ਦਾ ਪੂਰਾ ਖ਼ਿਆਲ ਰੱਖਣਗੇ।
ਸਮਾਗਮ ਦੇ ਦੂਸਰੇ ਭਾਗ ਵਿਚ ਕਵੀ ਦਰਬਾਰ ਹੋਇਆ ਜਿਸ ਦੇ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਸੱਭ ਤੋਂ ਪਹਿਲਾਂ ਸੁਖਦੇਵ ਸਿੰਘ ਝੰਡ ਨੂੰ ਕਵਿਤਾ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਵੱਲੋਂ ਆਪਣੀ ਕਵਿਤਾ ਵਿਚ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੇ ਅਤੇ ਕੁਝ ਬਾਅਦ ਦੇ ਹਾਲਾਤ ਬਿਆਨ ਕੀਤੇ ਗਏ। ਉਪਰੰਤ, ਬਰਲਿੰਗਟਨ ਤੋਂ ਆਏ ਕਵੀ ਜਰਨੈਲ ਸਿੰਘ ਮੱਲ੍ਹੀ ਤੇ ਡਾ. ਪਰਗਟ ਸਿੰਘ ਬੱਗਾ, ਪਰਮਜੀਤ ਸਿੰਘ ਗਿੱਲ, ਡਾ. ਜਗਮੋਹਨ ਸੰਘਾ, ਲਹਿੰਦੇ ਪੰਜਾਬ ਦੇ ਸ਼ਾਇਰਾਂ ਅਬਦੁਲ ਹਮੀਦ, ਬਸ਼ੱਰਤ ਰੇਹਾਨ, ਸ਼ੋਇਬ ਨਾਸਰ, ਪ੍ਰੋ.ਆਸ਼ਿਕ ਰਹੀਲ ਤੇ ਮਕਸੂਦ ਚੌਧਰੀ, ਗਾਇਕਾਂ ਇਕਬਾਲ ਬਰਾੜ, ਰਿੰਟੂ ਭਾਟੀਆ ਤੇ ਔਜਲਾ ਬਰੱਦਰ, ਡਾ. ਗਿਆਨ ਸਿੰਘ ਘਈ, ਗਿਆਨ ਸਿੰਘ ਦਰਦੀ, ਮਲਵਿੰਦਰ, ਸੰਜੀਵ ਕਾਫ਼ਿਰ, ਸੁਰਿੰਦਰ ਸ਼ਰਮਾ, ਨਰਿੰਦਰ ਕੌਰ ਭੁੱਚੋ, ਪਰਮ ਸਰਾਂ, ਹਰਜਸਪ੍ਰੀਤ ਗਿੱਲ, ਨਰਿੰਦਰ ਭੁੱਚੋ, ਰੂਬੀ ਕਰਤਾਰਪੁਰੀ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਰੌਸ਼ਨ ਪਾਠਕ ਵੱਲੋਂ ਸਾਹਿਤਕ ਇਕੱਤਰਤਾਵਾਂ ਦੇ ਉਪਰਾਲਿਆਂ ਦੀ ਸਰਾਹਨਾ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਵੱਲੋਂ 23-24 ਸਤੰਬਰ ਨੂੰ ਰੱਖੀ ਗਈ ਇਕ ਸਮਾਜਿਕ ਕਾਨਫ਼ਰੰਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਸਮਾਗ਼ਮ ਵਿਚ ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਡਾ. ਰਾਜੇਸ਼ ਕੁਮਾਰ ਪੱਲਣ, ਨਾਟਕਕਾਰ ਨਾਹਰ ਸਿੰਘ ਔਜਲਾ, ਹਰਜੀਤ ਬਾਜਵਾ, ਹਰਪਾਲ ਸਿੰਘ ਭਾਟੀਆ, ਲਾਲਜੀਤ ਸਿੰਘ, ਰਜਿੰਦਰ ਧਾਲੀਵਾਲ, ਅਵਤਾਰ ਸਿੰਘ ਸੰਧੂ, ਅਜੀਤ ਸਿੰਘ ਭੱਲ, ਪਰਸ਼ੋਤਮ ਸਿੰਘ, ਮਿਸਿਜ਼ ਗਿਆਨ ਸਿੰਘ ਘਈ ਸਮੇਤ ਕਈ ਹੋਰ ਹਾਜ਼ਰ ਸਨ।
ਅਖ਼ੀਰ ਵਿਚ ਸਭਾ ਦੇ ਸਰਪ੍ਰਸਸਤ ਨੇ ਸਮਾਗਮ ਦੇ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਕਵਿਤਾ ਦੀ ਪਰਿਭਾਸ਼ਾ, ਚੰਗੀ ਕਵਿਤਾ ਦੇ ਗੁਣਾਂ ਅਤੇ ਇਸਦੀ ਪੇਸ਼ਕਾਰੀ ਬਾਰੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਗਏ। ਇਸ ਦੇ ਨਾਲ ਹੀ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਸੂਚਨਾ ਦਿੱਤੀ ਗਈ ਕਿ ਸਭਾ ਦਾ ਅਗਲੇ ਮਹੀਨੇ ਦਾ ਸਮਾਗਮ 15 ਅਕਤੂਬਰ ਦਿਨ ਐਤਵਾਰ ਨੂੰ ਬਰਲਿੰਗਟਨ ਵਿਚ ਹੋਵੇਗਾ ਜਿਸ ਬਾਰੇ ਵਿਸਤ੍ਰਿਤ ਜਾਣਕਾਰੀ ਆਉਂਦੇ ਕੁਝ ਦਿਨਾਂ ਵਿਚ ਸਾਹਿਤ-ਪ੍ਰੇਮੀਆਂ ਨਾਲ ਸਾਂਝੀ ਕੀਤੀ ਜਾਏਗੀ। ਸਮਾਗਮ ਦਾ ਸੱਦਾ-ਪੱਤਰ ਦੇਣ ਲਈ ਡਾ. ਪਰਗਟ ਸਿੰਘ ਬੱਗਾ ਅਤੇ ਜਰਨੈਲ ਸਿੰਘ ਮੱਲ੍ਹੀ ਉਚੇਚੇ ਤੌਰ ‘ਤੇ ਇਸ ਸਮਾਗਮ ਵਿਚ ਪਧਾਰੇ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋਵੇਗਾ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਉਸ ਤੋਂ ਅਗਲੇ ਮਹੀਨੇ ਨਵੰਬਰ ਵਿਚ ਆ ਰਿਹਾ ਹੈ।

Check Also

ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …