-5.6 C
Toronto
Sunday, January 18, 2026
spot_img
Homeਸੰਪਾਦਕੀਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਘਟਨਾਕ੍ਰਮ

ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਘਟਨਾਕ੍ਰਮ

ਪਿਛਲੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਇਕ ਪਿੰਡ ਵਿਚ ਇਕ ਔਰਤ ਨਾਲ ਕੀਤੇ ਗਏ ਅਣਮਨੁੱਖੀ ਵਰਤਾਰੇ ਨਾਲ ਬੇਹੱਦ ਸ਼ਰਮਿੰਦਗੀ ਪੈਦਾ ਹੋਈ ਹੈ। ਪੰਜਾਬ ਵਿਚ ਅੱਜ ਵੀ ਇਸ ਤਰ੍ਹਾਂ ਦੀ ਘਟੀਆ ਮਾਨਸਿਕਤਾ ਦਾ ਵਰਤਾਰਾ ਵੱਡੀ ਪੱਧਰ ‘ਤੇ ਦੇਖਿਆ ਜਾ ਸਕਦਾ ਹੈ। ਖ਼ਾਸ ਤੌਰ ‘ਤੇ ਔਰਤਾਂ ਪ੍ਰਤੀ ਦਿਖਾਈ ਜਾਂਦੀ ਅਜਿਹੀ ਜ਼ਹਿਨੀਅਤ ਪ੍ਰੇਸ਼ਾਨ ਕਰਨ ਵਾਲੀ ਹੈ। ਇਹ ਗੱਲ ਅਜਿਹੇ ਵਿਆਹ ਸੰਬੰਧ ਨਾਲ ਤਾਅਲੁਕ ਰੱਖਦੀ ਹੈ, ਜਿਸ ਵਿਚ ਸੰਬੰਧਿਤ ਲੜਕੀ ਦੇ ਮਾਪਿਆਂ ਦੀ ਰਜ਼ਾਮੰਦੀ ਨਹੀਂ ਸੀ। ਇਸ ਗੱਲ ਨੂੰ ਬਰਦਾਸ਼ਤ ਨਾ ਕਰਦੇ ਹੋਏ ਲੜਕੀ ਦੇ ਮਾਪਿਆਂ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਲੜਕੇ ਦੀ ਮਾਤਾ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ, ਜਿਸ ਤਰ੍ਹਾਂ ਉਸ ਦੀ ਕੁੱਟਮਾਰ ਤੋਂ ਬਾਅਦ ਉਸ ਨੂੰ ਅਰਧ ਨਗਨ ਹਾਲਤ ਵਿਚ ਪਿੰਡ ਵਿਚ ਘੁਮਾਇਆ ਗਿਆ, ਅਜਿਹੀ ਘਟਨਾ ਬਰਦਾਸ਼ਤ ਤੋਂ ਬਾਹਰ ਹੈ।
ਪੁਲਿਸ ਅਤੇ ਪ੍ਰਸ਼ਾਸਨ ਵਲੋਂ ਦਿਖਾਈ ਢਿੱਲਮੱਠ ਪਿੱਛੋਂ ਜਦੋਂ ਇਸ ਮੰਦਭਾਗੀ ਘਟਨਾ ਦੀ ਵੀਡੀਓ ਜਗ-ਜ਼ਾਹਿਰ ਹੋ ਗਈ ਤਾਂ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ। ਭਾਵੇਂ ਕਿ ਇਸ ਮਾਮਲੇ ਸੰਬੰਧੀ ਕੁਝ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਪਰ ਇਸ ਘਟਨਾ ਦੀ ਚਰਚਾ ਵੱਡੀ ਪੱਧਰ ‘ਤੇ ਦੇਸ਼-ਵਿਦੇਸ਼ ਵਿਚ ਹੋਈ ਹੈ, ਜਿਸ ਨੇ ਪੰਜਾਬ ਨੂੰ ਅਤੇ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਕੇਂਦਰ ਬਿੰਦੂ ‘ਚ ਲਿਆ ਖੜ੍ਹਾ ਕੀਤਾ ਹੈ। ਕੌਮੀ ਮਹਿਲਾ ਕਮਿਸ਼ਨ ਨੇ ਵੀ ਖ਼ੁਦ ਨੋਟਿਸ ਲੈਂਦਿਆਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਵੀ ਇਸ ‘ਤੇ ਸਖ਼ਤ ਟਿੱਪਣੀਆਂ ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਪ੍ਰੇਸ਼ਾਨ ਕਰਨ ਵਾਲੀ ਅਤੇ ਖ਼ੌਫ਼ਨਾਕ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਪੀੜਤ ਔਰਤ ਦੀ ਮਦਦ ਲਈ ਅੱਗੇ ਨਹੀਂ ਆਇਆ, ਨਾ ਹੀ ਪੁਲਿਸ ਅਤੇ ਨਾ ਹੀ ਸਥਾਨਕ ਲੋਕ। ਉਨ੍ਹਾਂ ਦੱਸਿਆਂ ਕਿ ਉਨ੍ਹਾਂ ਨੇ ਡੀ.ਜੀ.ਪੀ. ਪੰਜਾਬ ਨੂੰ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਹ ਆਦਰਸ਼ ਚੋਣ ਜ਼ਾਬਤੇ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਚੋਣ ਕਮਿਸ਼ਨ ਨੂੰ ਦੋਸ਼ੀਆਂ ਖਿਲਾਫ ਉੱਚਿਤ ਕਾਰਵਾਈ ਕਰਨ ਲਈ ਕਹੇਗੀ। ਗੱਲ ਇਥੇ ਹੀ ਖ਼ਤਮ ਨਹੀਂ ਹੋਈ, ਸਗੋਂ ਇਹ ਹੁਣ ਹੋਰ ਵੀ ਉੱਭਰ ਕੇ ਸਾਹਮਣੇ ਆਈ ਹੈ, ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਤੌਰ ‘ਤੇ ਇਸ ਦਾ ਨੋਟਿਸ ਲੈਂਦਿਆਂ ਸਖ਼ਤ ਟਿੱਪਣੀਆਂ ਕੀਤੀਆਂ ਹਨ। ਮਾਣਯੋਗ ਜਸਟਿਸ ਸੰਜੈ ਵਸ਼ਿਸ਼ਟ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਇਸ ਘਟਨਾ ਬਾਰੇ ਸੁਣ ਕੇ ਮੇਰੇ ਮਨ ਵਿਚ ਮਹਾਭਾਰਤ ਦੇ ਸਮੇਂ ਵਾਪਰਿਆ ਘਟਨਾਚੱਕਰ ਤਾਜ਼ਾ ਹੋ ਗਿਆ, ਜਿਸ ਵਿਚ ਦਰੋਪਦੀ ਦੇ ਚੀਰਹਰਨ ‘ਤੇ ਪਾਂਡਵਾਂ ਅਤੇ ਭੀਸ਼ਮ ਪਿਤਾਮਾ ਨੇ ਚੁੱਪੀ ਸਾਧ ਲਈ ਸੀ। ਅਖ਼ੀਰ ਵਿਚ ਇਸ ਘਟਨਾ ਦਾ ਅੰਤ ਖ਼ੂਨ ਡੋਲ੍ਹਵੀਂ ਲੜਾਈ ਵਿਚ ਹੋਇਆ ਸੀ। ਅੱਜ ਦੇ ਯੁੱਗ ਵਿਚ ਇਕ ਆਮ ਵਿਅਕਤੀ ਇਹ ਉਮੀਦ ਨਹੀਂ ਕਰਦਾ ਕਿ ਅਜਿਹਾ ਕੁਝ ਵਾਪਰਨ ਤੋਂ ਬਾਅਦ ਵੀ ਦੇਸ਼ ਦਾ ਨਿਆਂਇਕ ਪ੍ਰਬੰਧ ਚੁੱਪ ਧਾਰਨ ਕਰੀ ਰੱਖੇਗਾ। ਉਨ੍ਹਾਂ ਕਿਹਾ ਕਿ ਦਰੋਪਦੀ ਦੇ ਚੀਰਹਰਨ ‘ਤੇ ਪਾਂਡਵ ਚਾਹੇ ਮੌਨ ਰਹੇ ਸਨ ਪਰ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਮੂਕ ਦਰਸ਼ਕ ਨਹੀਂ ਬਣ ਸਕਦੇ।
ਹਾਈ ਕੋਰਟ ਨੇ ਆਪਣੀਆਂ ਟਿੱਪਣੀਆਂ ਵਿਚ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਇਹ ਕਿਹਾ ਹੈ ਕਿ ਅਜਿਹੀ ਘਟਨਾ ਦੇ ਵਾਪਰਨ ‘ਤੇ ਲਾਪਰਵਾਹੀ ਧਾਰਨ ਕੀਤੀ ਗਈ ਅਤੇ ਇਕ ਦਮ ਸਮੇਂ ਸਿਰ ਕਾਰਵਾਈ ਕਰਨ ਵਿਚ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ੍ਹ ਰਿਹਾ। ਸਮਾਜ ਦੇ ਵੱਖ-ਵੱਖ ਵਰਗਾਂ ਵਲੋਂ ਜਿਸ ਤਰ੍ਹਾਂ ਦੇ ਸਖ਼ਤ ਪ੍ਰਤੀਕਰਮ ਸਾਹਮਣੇ ਆਏ ਹਨ, ਉਨ੍ਹਾਂ ਨੂੰ ਵੇਖਦਿਆਂ ਜਿਥੇ ਆਉਂਦੇ ਸਮੇਂ ਵਿਚ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਭਾਗੀ ਬਣਾਇਆ ਜਾਣਾ ਚਾਹੀਦਾ ਹੈ, ਉਥੇ ਸਮਾਜ ਲਈ ਵੀ ਇਹ ਘਟਨਾਕ੍ਰਮ ਇਕ ਉਦਾਹਰਨ ਬਣਨਾ ਚਾਹੀਦਾ ਹੈ ਕਿ ਉਹ ਔਰਤ ਪ੍ਰਤੀ ਆਪਣਾ ਰਵੱਈਆ ਬਦਲੇ। ਅਜਿਹੇ ਰਵੱਈਏ ਅਤੇ ਪੈਦਾ ਹੋਈ ਮਾਨਸਿਕਤਾ ਕਰਕੇ ਹੀ ਅੱਜ ਔਰਤ ਪ੍ਰਤੀ ਅਪਰਾਧਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨੂੰ ਹਰ ਹੀਲੇ ਸਖ਼ਤੀ ਨਾਲ ਨੱਥ ਪਾਉਣ ਦੀ ਜ਼ਰੂਰਤ ਹੋਵੇਗੀ।

RELATED ARTICLES
POPULAR POSTS