Breaking News
Home / ਸੰਪਾਦਕੀ / ਵਕਤ ਦੀਆਂ ਮਾਰਾਂ ਝੱਲਦਾ ਵੀ ਕਿਊਬਾ ਜੀਅ ਰਿਹਾ ਹੈ ਅਣਖ ਦੇ ਨਾਲ

ਵਕਤ ਦੀਆਂ ਮਾਰਾਂ ਝੱਲਦਾ ਵੀ ਕਿਊਬਾ ਜੀਅ ਰਿਹਾ ਹੈ ਅਣਖ ਦੇ ਨਾਲ

ਡਾ. ਬਲਜਿੰਦਰ ਸਿੰਘ ਸੇਖੋਂ
ਛੋਟੇ ਦੀਪਾਂ ਦਾ ਸਮੂਹ ਕਿਊਬਾ, ਵਕਤ ਦੀਆਂ ਵੱਡੀਆਂ ਮਾਰਾਂ ਝਲਦਾ ਹੋਇਆ, ਅੱਜ ਵੀ ਦੁਨੀਆਂ ਦੇ ਸਭ ਤੋਂ ਤਾਕਤਵਾਰ ਮੰਨੇ ਜਾਂਦੇ ਦੇਸ਼, ਅਮਰੀਕਾ ਦੇ ਬਹੁਤ ਹੀ ਨੇੜੇ ਹੋਣ ਦੇ ਬਾਵਜੂਦ, ਉਸਦੀ ਅੱਖ ਵਿਚ ਅੱਖ ਪਾ ਕੇ ਵੇਖਦਾ ਹੈ, ਵੱਡੀਆਂ ਰੋਕਾਂ ਦੇ ਬਾਵਜੂਦ, ਈਨ ਮੰਨਣ ਤੋਂ ਇਨਕਾਰੀ ਹੈ, ਅਪਣੇ ਲੋਕਾਂ ਦੇ ਸਾਥ ਸਦਕਾ, ਅਪਣੇ ਚੁਣੇ ਹੋਏ ਸਮਾਜਵਾਦ ਦੇ ਵਿੰਗੇ ਟੇਢੇ ਰਾਹ ਤੇ ਚੱਲਣ ਲਈ ਬਜਿੱਦ ਹੈ ਅਤੇ ਚੱਲ ਰਿਹਾ ਹੈ। ਹਰ ਇੱਕ ਦੇ ਸਿਰ ਤੇ ਛੱਤ ਹੈ, ਹਰ ਘਰ ਵਿਚ ਬਿਜਲੀ ਪਾਣੀ ਦਾ ਪ੍ਰਬੰਂਧ ਹੈ, ਕੋਈ ਬੇਰੁਜ਼ਗਾਰ ਨਹੀਂ, ਕੋਈ ਅਨਪੜ ਨਹੀਂ, ਹਰ ਇੱਕ ਨੂੰ ਨੌਵੀਂ ਤੱਕ ਪੜ੍ਹਨਾ ਲਾਜ਼ਮੀ ਹੈ, ਕੋਈ ਚੁੱਲਾ ਟੈਕਸ (ਹਾਊਸ ਟੈਕਸ) ਨਹੀ, ਕੋਈ ਭੁੱਖਾ ਨਹੀਂ ਸੌਂਦਾ, ਬੇਸ਼ੱਕ ਕਾਰਡਾਂ ਤੇ ਹੀ ਸਹੀ ਲੋੜੀਂਦੀ ਖੁਰਾਕ ਸਰਕਾਰ ਵਲੋਂ ਬੜੇ ਹੀ ਸਸਤੇ ਭਾ ਦਿੱਤੀ ਜਾਂਦੀ ਹੈ, ਸਿਰੇ ਤੱਕ ਬੇਸ਼ੱਕ ਡਾਕਟਰੀ ਦੀ ਹੀ ਕਿਉਂ ਨਾ ਹੋਵੇ, ਪੜਾਈ ਮੁੱਫਤ ਹੈ, ਹਸਪਤਾਲ ਵੱਧੀਆ ਹਨ, ਇਲਾਜ ਮੁਫਤ ਹੈਂ।
ਕਿਊਬਾ ਕਨੇਡਾ ਤੋਂ ਜਿਆਦਾ ਦੂਰ ਨਹੀਂ, ਟੋਰਾਂਟੋ ਤੋਂ ਵੈਨਕੂਵਰ ਜਾਣ ਤੇ ਜਿਆਦਾ ਵਕਤ ਲਗਦਾ ਹੈ, ਕਿਊਬਾ ਜਾਣ ਤੇ ਘੱਟ। ਇੱਕ ਪਾਸੇ ਦਾ ਸਫਰ ਤਕਰੀਬਨ ਤਿੰਨ ਘੰਟੇ ਦਾ ਹੈ। ਰਸਤੇ ਵਿਚ ਕੁਝ ਖਰੀਦ ਕੇ ਖਾਣਾ ਹੈ ਤਾਂ ਖਾ ਲਵੋ, ਹਵਾਈ ਜ਼ਹਾਜ ਵਿਚ ਮੁਫਤ ਸਿਰਫ ਪੀਣ ਲਈ ਚਾਹ ਜਾਂ ਜਿਊਸ ਦਿੱਤਾ ਜਾਂਦਾ ਹੈ। ਅਸੀਂ ਵਾਰਾਡੀਰੋ ਹਵਾਈ ਅੱਡੇ ਤੇ ਉਤਰੇ ਸੀ। ਕਿਊਬਾ ਜਾਣ ਲਈ ਵੀਜ਼ਾ ਲੈਣ ਦੀ ਲੋੜ ਨਹੀਂ, ਹਵਾਈ ਜਹਾਜ਼ ਵਿਚ ਹੀ ਇੱਕ ਫਾਰਮ ਫੜਾ ਦਿੱਤਾ ਜਾਂਦਾ ਹੈ, ਜੋ ਇਮੀਗਰੇਸ਼ਨ ਦੀ ਮੋਹਰ ਲੱਗਣ ਤੇ ਇੱਕ ਪਰਮਿਟ ਬਣ ਜਾਂਦਾ ਹੈ, ਇਸੇ ਨੂੰ ਆਉਣ ਵੇਲੇ ਵਾਪਿਸ ਲੈ ਲਿਆ ਜਾਂਦਾ ਹੈ ਅਤੇ ਪਾਸਪੋਰਟ ਤੇ ਮੋਹਰ ਲਾ ਦਿੱਤੀ ਜਾਂਦੀ ਹੈ। ਹਵਾਈ ਅੱਡਾ ਵੇਖਣ ਨੂੰ ਪੁਰਾਣਾ ਲਗਦਾ ਹੈ, ਬਹੁਤਾ ਵੱਡਾ ਵੀ ਨਹੀਂ, ਇਮੀਗਰੇਸ਼ਨ ਕਾਊਂਟਰ ਲੋੜ ਮੁਤਾਬਿਕ ਕਾਫੀ ਹਨ, ਸਮਾਂ ਜਿਆਦਾ ਨਹੀਂ ਲਗਦਾ, ਪਰ ਇੱਕ ਗੱਲ ਅਜ਼ੀਬ ਲੱਗੀ ਕਿ ਇੱਕ ਵੇਲੇ ਪਤੀ ਪਤਨੀ ਨੂੰ ਵੀ ਇਕੱਠੇ ਇਮੀਗਰੇਸ਼ਨ ਏਜੰਟ ਕੋਲ ਖੜ੍ਹਨ ਨਹੀਂ ਦਿੱਤਾ ਜਾਂਦਾ। ਇੱਕ ਵੇਲੇ ਸਿਰਫ ਇੱਕ ਯਾਤਰੀ ਬਾਰੀ ਅੱਗੇ ਹੁੰਦਾ ਹੈ। ਆਉਣ ਵੇਲੇ ਕਈ ਉਡਾਣਾ ਇੱਕੋ ਵੇਲੇ ਹੋਣ ਕਾਰਨ ਕਾਫੀ ਭੀੜ ਸੀ। ਜਿਆਦਾ ਉਡਾਣਾ ਕਨੇਡਾ ਨੂੰ ਆ ਰਹੀਆਂ ਸਨ। ਵਾਸ਼ਰੂਮ ਸਿਰਫ ਦੋ, ਇੱਕ ਮਰਦਾਂ ਲਈ, ਤੇ ਇੱਕ ਔਰਤਾਂ ਲਈ, ਉਹ ਵੀ ਛੋਟੇ। ਇੱਥੇ ਖਾਸ ਕਰ ਔਰਤਾਂ ਵਾਲੇ ਪਾਸੇ ਕਤਾਰ ਲੱਗੀ ਰਹੀ। ਉਡੀਕ ਰਹੇ ਇਨਸਾਨ ਨੂੰ ਸਮਾਂ ਥੋੜਾ ਵੀ ਹੋਵੇ ਵੱਧ ਲਗਦਾ ਹੈ, ਪਰ ਮੈਂ ਵੇਖਿਆ ਕਿ ਇਮੀਗਰੇਸ਼ਨ ਲੰਘਣ ਲਈ ਲਾਈਨ ਵਿਚ ਤਕਰੀਬਨ 40-45 ਮਿੰਟ ਲੱਗ ਗਏ। ਇਹ ਵੱਖਰੀ ਗੱਲ ਹੈ ਕਿ ਜੇਕਰ ਤੁਸੀਂ ਲੇਟ ਹੋ ਰਹੇ ਹੋ ਤਾਂ ਹਵਾਈ ਜ਼ਹਾਜ ਦੀ ਕੰਪਨੀ ਵਾਲੇ ਭੀੜ ਵਿਚੋਂ ਤੁਹਾਨੂੰ ਜਲਦੀ ਆਪ ਕੱਢਾ ਕੇ ਲੈ ਜਾਂਦੇ ਹਨ। ਇਸ ਤਰ੍ਹਾਂ ਤਕਰੀਬਨ ਸਾਰੀ ਦੁਨੀਆਂ ਵਿਚ ਹੁੰਦਾ ਹੈ, ਮੈਂ ਦਿੱਲੀ ਵੀ ਇਸੇ ਤਰ੍ਹਾਂ ਵੇਖਿਆ ਹੋਇਆ ਹੈ।
ਤਕਰੀਬਨ ਸਾਰੇ ਸੈਲਾਨੀਆਂ ਨੇ ਹੋਟਲਾਂ ਤੱਕ ਜਾਣ ਲਈ, ‘ਸਭ ਕੁਝ ਸ਼ਾਮਿਲ’ ਪੈਕੇਜ਼ ਵਿਚ ਪਹਿਲਾਂ ਹੀ ਪੈਸੇ ਦਿੱਤੇ ਹੁੰਦੇ ਹਨ। ਕੰਪਨੀ ਦੇ ਇਜੰਟ ਆਪ ਹੀ ਲੱਭ ਕੇ ਤੁਹਾਨੂੰ ਬੱਸ ਵਿਚ ਬਿਠਾ ਦਿੰਦੇ ਹਨ। ਬੱਸ ਵਿਚ ਬੈਠਣ ਤੇ ਆਸੇ ਪਾਸੇ ਵੇਖਣ ਤੇ ਹੀ, ਉਮੀਦ ਮੁਤਾਬਿਕ, ਮੌਸਮ ਤੇ ਦਰਖਤ ਬੂਟੇ, ਭਾਰਤ ਦੇ ਕੇਰਲ ਸੂਬੇ ਵਾਲੇ ਦਿਸਦੇ ਹਨ, ਜਿਆਦਾਤਰ ਨਾਰੀਅਲ ਦੇ ਦਰੱਖਤ। ਬੱਸ ਵਿਚਲਾ ਕੰਡਕਟਰ ਜਾਂ ਗਾਈਡ ਹੋਟਲ ਤੱਕ ਗੱਲਾਂ ਬਾਤਾਂ ਰਾਹੀਂ ਯਾਤਰੀਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਕਿਊਬਾ ਵਿਚ ਅੱਜ ਕਲ੍ਹ, ਇਸ ਕੰਮ ਵਿਚ ਪ੍ਰਚੱਲਤ ਟਿੱਪ ਦੇਣ ਲਈ ਵੀ ਕਹਿੰਦਾ ਰਿਹਾ ਜੋ ਬਹੁਤ ਸਾਰੇ ਯਾਤਰੀਆਂ ਨੇ ਦਿੱਤੀ। ਇੱਸ ਅੱਧ ਕੁ ਘੰਟੇ ਦੇ ਸਫਰ ਵਿਚ ਉਸ ਨੇ ਅਪਣੇ ਵਲੋਂ ਕਿਊਬਾ ਦੀ ਬੀਅਰ ਵੇਚ ਕੇ ਵੀ ਕੁਝ ਪੈਸੇ ਕਮਾਏ। ਹੋਟਲ ਚੰਗਾ ਬੁੱਕ ਕਰਵਾਇਆ ਹੋਇਆ ਸੀ ਜਿਸ ਵਿਚ ਕਮਰੇ ਵੀ ਵਧੀਆ ਸਨ, ਸਮੁੰਦਰ ਕਿਨਾਰੇ ਸੀ, ਜਿਥੇ ਬਹੁਤ ਵਧੀਆ ਸਾਫ ਸੁਥਰੀ ਬੀਚ, ਸਮੁੰਦਰੀ ਕਿਨਾਰਾ ਸੀ ਅਤੇ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਸੀ। ਹੋਟਲ ਦੇ ਵਿਚ ਵਿਚ ਤਕਰੀਬਨ 8 ਖਾਣ ਪੀਣ ਦੀਆਂ ਥਾਂਵਾਂ ਸਨ, ਜਿਨ੍ਹਾਂ ਵਿਚੋਂ ਇੱਕ ਦੋ 24 ਘੰਟੇ ਖੁਲੀਆਂ ਰਹਿੰਦੀਆਂ ਸਨ, ਜਿਥੋਂ ਜੋ ਮਰਜੀ ਪੀਓ ਤੇ ਖਾਓ। ਨਾਸ਼ਤੇ, ਦੁਪਿਹਰ ਦੀ ਅਤੇ ਸ਼ਾਮ ਦੀ ਰੋਟੀ ਸਮੇਂ ਪੰਜਾਬੀ ਕਹਾਵਤ ਮੁਤਾਬਿਕ ਛੱਤੀ ਪਦਾਰਥ ਨਹੀਂ ਸਗੋਂ ਇਸ ਤੋਂ ਵੀ ਤਿਗਣੇ ਪਦਾਰਥ ਪਰੋਸੇ ਜਾਂਦੇ ਸਨ। ਅੰਡਾ ਮੀਟ ਮੱਛੀ ਖਾਣ ਵਾਲੇ ਅਪਣੀ ਪਸੰਦ ਮੁਤਾਬਿਕ ਤਾਜਾ ਬਣਵਾ ਕੇ ਵੀ ਲੈ ਸਕਦੇ ਸਨ। ਮੇਜ਼ ਤੇ ਬੀਅਰ, ਵਾਈਨ ਵਿਸਕੀ, ਚਾਹ ਜਾਂ ਕੌਫੀ ਮੰਗਵਾਈ ਜਾ ਸਕਦੀ ਸੀ। ਮਿੱਠੇ ਫਲ, ਆਈਸਕਰੀਮ ਵਗੈਰਾ ਵੀ ਕਈ ਕਿਸਮ ਦੇ ਰੱਖੇ ਹੁੰਦੇ ਸਨ। ਤਕਰੀਬਨ ਬਹੁਤ ਸੈਰ ਸਪਾਟਾ ਕਰਨ ਆਏ ਤਾਂ ਸਵੇਰ ਬੀਅਰ ਦੇ ਗਲਾਸ ਤੋਂ ਹੀ ਸ਼ੁਰੂ ਕਰਦੇ ਜਾਪਦੇ ਸਨ।
ਪੁਰਾਣੇ ਸ਼ਹਿਰ ਕਿਊਬਾ ਨੇ ਤਕਰੀਬਨ ਉਸੇ ਤਰ੍ਹਾਂ ਰੱਖੇ ਹੋਏ ਹਨ। ਕਈ ਸ਼ਹਿਰਾਂ ਵਿਚ ਸੜਕਾਂ, ਗੋਲ ਜਾਂ ਚੌਰਸ ਪੱਥਰਾਂ ਦੀਆਂ ਜਾਂ ਇੱਕ ਪੁਰਾਣੇ ਮਹਿਲ ਸਾਹਮਣੇ ਲੱਕੜ ਦੀਆਂ ਵੀ ਹਨ। ਲੱਕੜ ਦੀ ਸੜਕ ਹਵਾਨਾ ਵਿਚ ਪੁਰਾਣੇ ਗਵਰਨਰ ਦੇ ਮਹਿਲ ਸਾਹਮਣੇ ਹੈ। ਉਸ ਸਮੇਂ ਇਸ ਥਾਂ ਕਾਫੀ ਆਵਾਯਾਈ ਰਹਿੰਦੀ ਸੀ, ਅਪਣੀ ਪਤਨੀ ਦੀ ਰੌਲੇ ਦੀ ਸ਼ਕਾਇਤ ਨੂੰ ਦੂਰ ਕਰਨ ਲਈ ਗਵਰਨਰ ਨੇ ਇਹ ਲੱਕੜ ਦੀ ਬਣਵਾ ਦਿੱਤੀ, ਜੋ ਅਜੇ ਵਧੀਆ ਹਾਲਤ ਵਿਚ ਕਾਇਮ ਹੈ। ਹਵਾਨਾ ਜੋ ਦੇਸ਼ ਦੀ ਰਾਜਧਾਨੀ ਹੈ, ਵਿਚ ਵੱਡੀਆਂ ਸੜਕਾਂ ਤੋਂ ਹੱਟ ਕੇ ਬਹੁਤ ਸਾਰੀਆਂ ਬਿਲਡਿਗਾਂ ਦੀ ਹਾਲਤ ਖਸਤਾ ਸੀ। ਇਸ ਦਾ ਕਾਰਨ ਸੀਮਿੰਟ ਲੋਹਾ ਵਗੈਰਾ ਦਾ ਕੰਟਰੋਲ ਸਰਕਾਰ ਕੋਲ ਹੈ। ਪਿੰਡ ਦੇ ਕਿਸਾਨ ਦੇ ਘਰ ਬਣਾਉਣ ਨੂੰ ਸ਼ਹਿਰ ਦੀਆਂ ਹਵੇਲੀਆਂ ਨਾਲੋਂ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਮੁਤਾਬਿਕ ਆਮ ਲੋਕਾਂ ਦੇ ਸਿਰ ਤੇ ਛੱਤ ਜਰੂਰੀ ਹੈ, ਮਹਿਲ ਸਮਾਂ ਆਉਣ ਤੇ ਮੁਰੱਮਤ ਕਰ ਲਏ ਜਾਣਗੇ। ਦੇਸ਼ ਦੀ ਆਥਿਕਤਾ ਮਜ਼ਬੂਤ ਕਰਨ ਲਈ ਨਵੇਂ ਹੋਟਲ ਜਾਂ ਰਿਸੋਰਟ ਬਣਾਉਣ ਤੇ ਵੀ ਜੋਰ ਦਿੱਤਾ ਜਾ ਰਿਹਾ ਹੈ।
ਚੀ ਗੁਵੇਰਾ ਦੀ ਬੜੀ ਵਧੀਆ ਯਾਦਗਾਰ, ਜਿਸਦਾ ਕਿਊਬਾ ਦੇ ਇੰਨਕਲਾਬ ਦੀ ਲੜਾਈ ਵਿਚ ਵੱਡਾ ਯੋਗਦਾਨ ਸੀ, ਸੈਂਟਾ ਕਲਾਰਾ ਸ਼ਹਿਰ ਵਿਚ ਬਣਾਈ ਹੋਈ ਹੈ। ਉਸ ਦੀ ਜਿੰਦਗੀ ਨਾਲ ਸਬੰਧਤ ਵਸਤਾਂ, ਜਿਨ੍ਹਾਂ ਵਿਚ ਜਿਆਦਾ ਹਥਿਆਰ ਹਨ, ਇਸ ਥਾਂ ਰੱਖੇ ਹੋਏ ਹਨ। ਇਹ ਅਤੇ ਦੋ ਹੋਰ ਸ਼ਹਿਰਾਂ ਨੂੰ ਜਾਂਦਿਆਂ ਅਸੀਂ ਕਿਊਬਾ ਦੇ ਛੋਟੇ ਵੱਡੇ ਕਸਬਿਆਂ ਅਤੇ ਪੇਂਡੂ ਸੜਕਾਂ ਤੋਂ ਗੁਜਰੇ। ਕੁਝ ਰਸਤਾ ਇੱਕ ਵੱਡੇ ਹਾਈਵੇ ਤੇ ਵੀ ਤਹਿ ਕੀਤਾ। ਇਸ ਹਾਈਵੇ ਨੂੰ ਅਮਰੀਕਾ ਦੇ ਹਮਲੇ ਦੇ ਖਤਰੇ ਨੂੰ ਧਿਆਨ ਵਿਚ ਰਖਦਿਆਂ ਬਣਾਇਆ ਗਿਆ ਸੀ। ਇਸ ਤੇ ਸਾਡੀ ਮਿਨੀ ਬੱਸ ਹੀ ਜਾ ਰਹੀ ਸੀ, ਹੋਰ ਕੋਈ ਜਿਆਦਾ ਟਰੈਫਿਕ ਨਹੀਂ ਸੀ। ਕਿਤੇ ਕਿਤੇ ਕੋਈ ਛੋਟਾ ਟਰੱਕ, ਖੱਚਰ ਰੇਹੜਾ, ਸਕੂਟਰ ਜਾਂ ਕੁਝ ਸਇਕਲ ਵਿਖਾਈ ਦਿੰਦੇ ਸਨ। ਲੋਕ ਪਿੰਡਾਂ ਵਿਚੋਂ ਸ਼ਹਿਰ ਸਮਾਨ ਖਰੀਦਣ ਲਈ ਖੱਚਰ ਰੇਹੜਿਆਂ ‘ਤੇ ਹੀ ਆਉਂਦੇ ਹਨ। ਸ਼ਹਿਰਾਂ ਵਿਚ ਕੁਝ ਕੁ ਰਿਕਸ਼ੇ ਵੀ ਹਨ। ਪਿੰਡਾਂ ਵਿਚ ਕਿਸੇ ਕਿਸੇ ਘਰ ਟਰੈਕਰ ਖੜੇ ਨਜ਼ਰ ਵੀ ਆਉਂਦੇ ਸਨ। ਘਰ ਛੋਟੇ ਪਰ ਸਾਫ ਸੁਥਰੇ ਸਨ। ਗੰਨੇ, ਕੇਲੇ, ਸੰਗਤਰੇ (ਜਿਆਦਾ ਗਰੇਪ ਫਰੂਟ), ਤੰਬਾਕੂ, ਕੌਫੀ ਆਦਿ ਦੇ ਖੇਤ ਰਸਤੇ ਵਿਚ ਆਏ। ਇੱਕ ਥਾਂ ਸਾਡੀ ਬੱਸ ਚਾਹ ਵਗੈਰਾ ਪੀਣ ਲਈ ਰੁਕੀ, ਨਾਲ ਦੇ ਵਿਹੜੇ ਵਿਚ ਮੈਨੂੰ ਕੇਲੇ ਪਏ ਨਜ਼ਰ ਆਏ, ਮੈਂ ਖਰੀਦਣੇ ਚਾਹੇ, ਇਹ ਕਿਸਾਨ ਦਾ ਘਰ ਸੀ, ਉਹ ਵੇਚਣ ਲਈ ਨਹੀਂ ਅਪਣੇ ਘਰ ਲਈ ਇਹ ਲੈ ਕੇ ਆਇਆ ਸੀ, ਮੈਂ ਦੋ ਮੰਗੇ ਉਸ ਨੇ ਸਾਰਾ ਗੁਛਾ ਮੈਨੂੰ ਦੇ ਦਿੱਤਾ, ਕੇਲੇ ਛੋਟੇ ਪਰ ਮਿੱਠੇ ਸਨ। ਮੈਂ ਪੈਸੇ ਦੇਣੇ ਚਾਹੇ ਉਸ ਨੇ ਨਾਂਹ ਕਰ ਦਿੱਤੀ, ਪਰ ਮੈਂ ਫਿਰ ਵੀ ਇੱਕ ਕੱਕ ਉਸ ਨੂੰ ਦੇ ਆਇਆ। ਕਿਊਬਾ ਵਿਚ ਦੋ ਤਰ੍ਹਾਂ ਦੇ ਨੋਟ ਚਲਦੇ ਹਨ, ਆਮ ਕਰਕੇ ਯਾਤਰੂਆਂ ਨੂੰ ਕੱਕ (ਕੰਵਰਟੀਵਲ ਪੀਸੋ) ਦਿੱਤੇ ਜਾਂਦੇ ਹਨ ਅਤੇ ਆਮ ਲੋਕ ਪੀਸੋ ਵਰਤਦੇ ਹਨ। ਇੱਕ ਕੱਕ 24 ਪੀਸੋ ਦੇ ਬਰਾਬਰ ਹੈ। ਕੱਕ ਕਿਊਬਾ ਵਿਚ ਹੀ ਲਏ ਜਾਂ ਵਾਪਿਸ ਦਿੱਤੇ ਜਾ ਸਕਦੇ ਹਨ, ਕਿਸੇ ਵੀ ਹੋਰ ਦੇਸ਼ ਵਿਚ ਇਹ ਨਹੀਂ ਬਦਲਾਏ ਜਾ ਸਕਦੇ, ਕੈਨੇਡਾ ਵਿਚ ਵੀ ਨਹੀਂ।
ਇਸ ਤਰ੍ਹਾਂ ਦੇ ਦੇਸ਼ ਦਾ ਨਿਰਮਾਣ ਫੀਡਲ ਕਾਸਟਰੋ ਨੇ ਦੇਸ਼ ਨੂੰ ਸਮਾਜਵਾਦ ਦੇ ਰਸਤੇ ਤੇ ਲਿਜਾ ਕੇ ਕੀਤਾ। ਤਾਨਾਸ਼ਹ ਬਾਟਿਸਟਾ ਦੇ ਰਾਜ ਨੂੰ ਉਲਟਾਉਣ ਲਈ ਉਹ ਅਪਣੇ ਸਿਰਫ 80 ਸਾਥੀਆਂ ਨਾਲ ਇੱਕ ਟੁੱਟੀ ਫੁੱਟੀ ਕਿਸ਼ਤੀ ਰਾਹੀਂ 1956 ਵਿਚ ਮੈਕਸੀਕੋ ਤੋਂ ਆਇਆ ਸੀ। ਪਹਿਲੀ ਲੜਾਈ ਵਿਚ ਵੱਡਾ ਨੁਕਸਾਨ ਹੋਇਆ ਤੇ ਸਿਰਫ 19 ਜਣੇ ਜਿੰਦਾ ਬਚੇ, ਜਿਨ੍ਹਾਂ ਵਿਚ ਫੱਟੜ ਹੋਇਆ ਡਾਕਟਰ ਚੀ ਗੁਵੈਰਾ ਵੀ ਸੀ। ਬਾਟਿਸਟਾ ਨਿਸਚਿੰਤ ਹੋ ਗਿਆ ਕਿ ਉਸ ਨੇ ਅਪਣੇ ਦੁਸ਼ਮਣਾਂ ਦਾ ਖਾਤਮਾ ਕਰ ਦਿੱਤਾ ਹੈ। ਪਰ ਇਨ੍ਹਾਂ 19 ਜਣਿਆਂ ਤੋਂ ਹੀ ਕਾਸਟਰੋ ਨੇ ਵੱਡੀ ਗਿਣਤੀ ਵਿਚ ਗੁਰੀਲਿਆਂ ਨੂੰ ਨਾਲ ਜੋੜ ਜਨਵਰੀ 1959 ਵਿਚ ਬਾਟਿਸਟਾ ਨੂੰ ਦੇਸ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ। ਦੇਸ਼ ਦੀ ਆਰਥਿਕਤਾ ਨਾਲ ਲਗਦੇ ਅਮਰੀਕਾ ਨਾਲ ਵੱਡੇ ਪੱਧਰ ਤੇ ਜੁੜੀ ਹੋਈ ਸੀ, ਕਾਰਾਂ, ਕਾਰਾਂ ਲਈ ਤੇਲ, ਖਾਣ ਪੀਣ ਦੀਆਂ ਵਸਤਾਂ ਆਦਿ ਅਮਰੀਕਾ ਤੋਂ ਹੀ ਆਉਂਦੀਆਂ ਸਨ। ਪਹਿਲਾਂ ਪਹਿਲ ਅਮਰੀਕਾ ਨੂੰ ਇਹ ਰਾਜ ਪਲਟਾ ਠੀਕ ਹੀ ਲੱਗਿਆ ਪਰ ਚੰਗੇ ਸਬੰਧ ਛੇਤੀ ਹੀ ਉਲਝ ਗਏ। ਕਾਸਟਰੋ ਨੇ ਰਾਜ ਪ੍ਰਬੰਧ ਕਮਿਉਨਿਸਟ ਵਿਚਾਰਧਾਰਾ ਤੇ ਚਲਾਉਣਾ ਸ਼ੁਰੂ ਕਰ ਦਿੱਤਾ, ਵੱਡੇ ਜ਼ਿਮੀਦਰਾਂ ਤੋਂ ਜ਼ਮੀਨ ਖੋਹ ਲਈ, ਜਿਸ ਵਿਚ ਅਮਰੀਕੀ ਜ਼ਿਮੀਦਾਰ ਵੀ ਸ਼ਾਮਿਲ ਸਨ, ਤੇਲ ਸਾਫ ਕਰਨ ਵਾਲੀਆਂ ਕੰਪਨੀਆਂ ਨੂੰ ਕਿਹਾ ਕਿ ਤੁਸੀ ਰੂਸ ਤੋਂ ਆ ਰਿਹਾ ਕੱਚਾ ਤੇਲ ਸਾਫ ਕਰੋ, ਅਮਰੀਕੀ ਕੰਪਨੀਆਂ ਦਾ ਨਹੀਂ, ਇਸ ਤੋਂ ਨਾਂਹ ਕਰਨ ਤੇ ਉਨ੍ਹਾ ਦਾ ਕੌਮੀਕਰਨ ਕਰ ਦਿੱਤਾ। ਇਸ ਨਾਲ ਅਮਰੀਕਾ ਨੇ ਇਸ ਛੋਟੇ ਦੇਸ਼ ਦੀ ਘੇਰਾਬੰਦੀ ਕਰ ਦਿੱਤੀ, ਰੋਕਾਂ ਲਾਈਆਂ, ਵਪਾਰ ਕਰਨਾ ਆਪ ਤਾਂ ਬੰਦ ਕਰਨਾ ਹੀ ਸੀ, ਸਗੋਂ ਵੱਡਾ ਸਮੁੰਦਰੀ ਜ਼ਹਾਜ ਕਿਉਬਾ ਦੇ ਪਾਣੀਆਂ ਵਿਚ ਲਿਆ ਖੜਾਇਆ ਜੋ ਵਪਾਰ ਲਈ ਆ ਰਹੇ ਜਹਾਜਾਂ ਦੀ ਸੂਹ ਰਖਦਾ ਸੀ, ਤਾਂ ਜੋ ਲਗਦੀ ਵਾਹ ਦੂਜੇ ਦੇਸ਼ਾਂ ਨੂੰ ਵੀ ਡਰਾ ਧਮਕਾ ਕੇ ਰੋਕਿਆ ਜਾ ਸਕੇ। ਕਾਸਟਰੋ ਦਾ ਕਤਲ ਕਰਨ ਦੀ ਅਮਰੀਕੀ ਖੁਫੀਆ ਏਜੰਸੀ, ਸੀ ਆਈ ਏ ਨੇ ਪੂਰੀ ਵਾਹ ਲਾਈ, ਕਾਮਯਾਬ ਨਾ ਹੋਏ। ਰਾਜ ਪਲਟੇ ਕਰਵਾਉਣ ਲਈ 1400 ਦੇ ਨੇੜ ਬੰਦੇ ਪੂਰੀ ਟਰੇਨਿੰਗ ਤੇ ਹਥਿਆਰ ਦੇ ਕੇ ਭੇਜੇ, ਜੋ ਛੇਤੀ ਹੀ ਮਾਰੇ, ਫੜੇ ਗਏ। ਇਸੇ ਦੁਸ਼ਮਣੀ ਵਿਚੋਂ ਰੂਸ ਅਮਰੀਕਾ ਦੀ 1962 ਵਿਚ ਪ੍ਰਮਾਣੂ ਜੰਗ ਲਗਦੀ ਲਗਦੀ ਬਚੀ, ਜਦ ਰੂਸ ਨੇ ਅਮਰੀਕਾ ਦੇ ਇਟਲੀ ਅਤੇ ਤੂਰਕੀ ਵਿਚ ਲਾਈਆਂ ਮਿਜ਼ਾਇਲਾਂ ਦੇ ਜਵਾਬ ਵਿਚ ਕਿਊਬਾ ਵਿਚ ਅਪਣੀਆਂ ਮਿਜ਼ਾਇਲਾਂ ਬੀੜ ਦਿਤੀਆਂ। ਆਖਿਰ ਦੋਨੋ ਦੇਸ਼ਾਂ ਨੇ ਅਪਣੀਆਂ ਮਿਜ਼ਾਇਲਾਂ ਪੱਟੀਆਂ ਤੇ ਅਮਰੀਕਾ ਨੂੰ ਕਿਊਬਾ ਤੇ ਕਦੇ ਵੀ ਫੌਜ ਨਾ ਚੜ੍ਹਾਉਣ ਦਾ ਵਾਇਦਾ ਕਰਨਾ ਪਿਆ।
ਇਸ ਸਾਮਰਾਜਵਾਦ ਦੇ ਰਾਹ ਤੇ ਤੁਰਦਿਆਂ ਕਿਊਬਾ ਨੂੰ ਵੱਡੀਆਂ ਮੁਸ਼ਕਲਾਂ ਦਾ ਟਾਕਰਾ ਕਰਨਾ ਪਿਆ, ਕਿਊਬਾ ਵਿਚ ਇਸ ਨੂੰ ਹਰ ਰੋਜ ਇੰਨਕਲਾਬ ਕਿਹਾ ਜਾਂਦਾ ਹੈ। ਅਮਰੀਕਾ ਦੀਆਂ ਰੋਕਾਂ ਨਾਲ ਸਾਰੇ ਪਾਸੇ ਜ਼ਰੂਰੀ ਵਸਤਾਂ ਦੀ ਘਾਟ ਆ ਗਈ। ਸਰਕਾਰੀ ਸਟੋਰ ਖਾਲੀ ਹੋ ਗਏ। ਤੇਲ ਬਿਨਾ ਮੋਟਰ ਕਾਰਾਂ ਖੱੜ ਗਈਆਂ। ਸਰਕਾਰ ਨੇ ਇਹ ਔਖਾ ਸਮਾਂ ਟਪਾਉਣ ਲਈ ਲੋਕਾਂ ਨੂੰ 12 ਮਾਰਚ 1962 ਤੋਂ ਰਾਸ਼ਨ ਕਾਰਡ ਤੇ ਖਾਣ ਪੀਣ ਦੀਆਂ ਵਸਤਾਂ ਦੇਣੀਆਂ ਸ਼ੁਰੂ ਕੀਤੀਆਂ। ਡਾਕਟਰਾਂ ਦੀ ਸਿਫਾਰਿਸ਼ ਮੁਤਾਬਿਕ ਜੋ ਘੱਟ ਤੋਂ ਘੱਟ ਲੋੜੀਂਦੀ ਖੁਰਾਕ ਚਾਹੀਦੀ ਸੀ, ਦਿੱਤੀ ਗਈ। ਇਸ ਵੇਲੇ ਤੇ ਫਿਰ ਰੂਸ ਦੇ ਡਿਗਣ ਵੇਲੇ, ਦਿਨ ਲੋਕਾਂ ਔਖੇ ਕੱਟੇ ਪਰ ਸਰਕਾਰ ਨੇ ਭੁਖ ਨਾਲ ਕੋਈ ਮੌਤ ਨਹੀਂ ਹੋਣ ਦਿੱਤੀ। ਇਸ ਦੇ ਉਲਟ ਸਗੋਂ ਕੈਨੇਡਾ ਦੇ ਕੁਝ ਸਾਇੰਸਦਾਨਾਂ ਨੇ ਅੰਕੜੇ ਇਕੱਠੇ ਕਰਕੇ ਨਤੀਜਾ ਕੱਢਿਆ ਕਿ ਮਜ਼ਬੁਰਨ ਹੀ ਸਹੀ ਪਰ ਇਸ ਤੰਗੀ ਵਾਲੀ ਖੁਰਾਕ ਨਾਲ, ਸ਼ੂਗਰ ਦੀ ਬਿਮਾਰੀ ਘਟੀ, ਦਿਲ ਤੇ ਅਧਰੰਗ ਦੇ ਦੌਰੇ ਘਟੇ ਤੇ ਮੌਤਾਂ ਵੀ ਘਟੀਆਂ। ਇਨ੍ਹਾਂ ਮੁਸ਼ਕਲਾਂ ਨੇ ਅਫਰਾਤਫਰੀ ਜਾਂ ਸਰਕਾਰ ਦੇ ਖਿਲਾਫ ਲੋਕਾਂ ਨੂੰ ਖੜਾ ਕਰਨ ਦੀ ਥਾਂ, ਸਗੋਂ ਸਰਕਾਰ ਨੇ ਨਾਲ ਖੜ੍ਹਾ ਕਰ ਦਿੱਤਾ ਅਤੇ ਲੋਕ ਦੇਸ਼ ਦੇ ਸਿਸਟਮ ਨੂੰ ਬਚਾਉਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਮਿਜ਼ਾਇਲ ਸੰਕਟ ਵੇਲੇ ਦੀ ਇੱਕ ਗੱਲ ਮਸ਼ਹੂਰ ਹੈ, ਕਿ ਨਿਊਯਾਰਕ ਦੀ ਟੈਲੀਫੋਨ ਅਕਚੇਂਜ ਵਿਚ ਬੈਠੇ ਕਰਮਚਾਰੀ ਨੇ ਹਵਾਨਾ ਵਾਲੇ ਨੂੰ ਕਿਹਾ ਕਿ ਅਮਰੀਕਾ ਵਿਚ ਤਾਂ ਲੋਕ ਇਸ ਪ੍ਰਮਾਣੂ ਜੰਗ ਦੇ ਖਤਰੇ ਤੋਂ ਬਹੁਤ ਡਰੇ ਹੋਏ ਹਨ, ਤੁਹਾਡੇ ਕੀ ਹਾਲ ਹੈ? ਉਸ ਦਾ ਉਤਰ ਸੀ, ਅਸੀਂ ਤਾਂ ਉਲਟਾ ਬੜੇ ਸ਼ਾਤ ਚਿੱਤ ਹਾਂ, ਐਟਮ ਬੰਬ ਦੇ ਡਿਗਣ ਨਾਲ ਕੋਈ ਦੁੱਖ ਦਰਦ ਤਾਂ ਹੁੰਦਾ ਹੀ ਨਹੀਂ, ਬੱਸ ਇੱਕ ਦਮ ਮੌਤ।
ਰੂਸ ਵਿਚ ਜਦ ਕਮਿਊਨਿਸਟ ਪਾਰਟੀ ਗੁਰਬਾਚੋਵ ਦੀ ਅਗਵਾਈ ਵਿਚ ਸਮਾਜਵਾਦੀ ਰਾਹ ਤੋਂ ਥਿੜਕਣ ਲੱਗੀ ਤਾਂ ਕਿਊਬਾ ਦੇ ਪ੍ਰਧਾਨ ਕਾਸਟਰੋ ਨੇ ਇਸ ਨੂੰ ਗਲਤ ਕਿਹਾ। ਰੂਸ ਦੇ ਬਿਖਰਨ ਤੇ ਕਿਊਬਾ ਨੂੰ ਫਿਰ ਇੱਕ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਜਦ ਰੂਸ ਕਿਊਬਾ ਦੀ ਖੰਡ ਖਰੀਦਣੋ ਹਟ ਗਿਆ, ਉਸ ਦੀ ਖੰਡ ਦੁਨੀਆਂ ਦੀ ਮੰਡੀ ਵਿਚ ਵਿਕਣੋ ਰਹਿ ਗਈ। ਮਿੱਲਾਂ ਬੰਦ ਕਰਨੀਆਂ ਪਈਆਂ, ਕਮਾਦ ਦੇ ਖੇਤ ਸੁੰਨੇ ਹੋ ਗਏ। ਖੰਡ ਮਿਲਾਂ ਦੀ ਗਿਣਤੀ 161 ਤੋਂ ਘਟ ਕੇ 50-60 ਰਹਿ ਗਈ। 1991 ਵਿਚ 71 ਲੱਖ ਟਨ ਖੰਡ ਬਣਾਉਣ ਵਾਲਾ ਕਿਊਬਾ 2015 ਵਿਚ 12 ਲੱਖ ਟਨ ਤੇ ਆ ਗਿਆ। ਕਾਮੇ ਵਿਹਲੇ ਹੋ ਗਏ। ਆਰਥਿਕਤਾ ਡਾਵਾਂ ਡੋਲ ਹੋ ਗਈ। ਫਿਰ ਤੋਂ ਖਾਣ ਪੀਣ ਦੀਆਂ ਵਸਤਾਂ ਵੀ ਦੁਰਲੱਭ ਹੋ ਗਈਆਂ। ਤੇਲ ਜੋ ਰੂਸ ਤੋਂ ਆਉਂਦਾ ਸੀ ਬੰਦ ਹੋ ਗਿਆ। ਇਸ ਤੋਂ ਬਿਜਲੀ ਬਣਦੀ ਸੀ ਉਸ ਦੀ ਵੀ ਵੱਡੀ ਘਾਟ ਆ ਗਈ। ਤੇਲ ਦੀ ਕਮੀਂ ਕਾਰਨ ਜੋ ਥੋੜੀਆਂ ਬਹੁਤ ਬੱਸਾਂ ਕਾਰਾਂ ਚਲਦੀਆਂ ਸਨ, ਨੂੰ ਵੀ ਚਲਾਉਣਾ ਔਖਾ ਹੋ ਗਿਆ। ਪ੍ਰਧਾਨ ਫੀਡਲ ਕਾਸਟਰੋ ਨੇ ਲੋਕਾਂ ਨੂੰ ਕਹਿਣ ਤੋਂ ਪਹਿਲਾਂ ਆਪ ਸਾਇਕਲ ਚੁੱਕ ਲਈ, ਅਪਣੇ ਦਫਤਰ ਵੀ ਸਾਇਕਲ ਤੇ ਜਾਣ ਲੱਗਾ, ਤੇ ਕਿਹਾ ਕਿ ਜਦ ਤੱਕ ਦੁਬਾਰਾ ਤੇਲ ਦਾ ਇੰਤਜ਼ਾਮ ਨਹੀਂ ਹੁੰਦਾ ਸਾਇਕਲ ਹੀ ਸਾਡੀ ਸਵਾਰੀ ਹੋਵੇਗੀ। ਲੋਕਾਂ ਨੂੰ ਐਧਰ ਉਧਰ ਲਿਜਾਣ ਲਈ ਉੱਠ ਗਡੀਆਂ ਬਣਾਈਆਂ, ਇਹ ਵੱਡੇ ਟਰੱਕਾਂ ਤੇ ਬਾਡੀ ਲਾ ਕੇ 300 ਸਵਾਰੀਆਂ ਢੋ ਸਕਣ ਵਾਲੀਆਂ ਬੱਸਾਂ ਸਨ। ਵਿਹਲੇ ਹੋਏ ਕਾਮਿਆਂ ਨੂੰ ਜ਼ਮੀਨ ਵੰਡ ਦਿੱਤੀ ਗਈ ਤੇ ਚੌਲ, ਤੰਬਾਕੂ ਆਦਿ ਬੀਜਣ ਲਈ ਉਤਸ਼ਹਿਤ ਕੀਤਾ। ਕੁਝ ਕੁ ਕੰਮ ਪ੍ਰਾਇਵੇਟ ਕਰ ਕੇ ਲੈਨਿਨ ਦੀ 1920 ਦੀ ਨਵੀਂ ਆਰਥਿਕ ਨੀਤੀ ਵਾਂਗ, ਸਮਾਜਵਾਦ ਨੂੰ ਅੱਗੇ ਤੋਰਨ ਲਈ, ਇੱਕ ਕਦਮ ਪਿੱਛੇ ਜਾਣ ਦਾ ਫੈਸਲਾ ਲਿਆ। ਦੇਸ਼ ਨੂੰ ਲੋੜੀਂਦੀ ਵਿਦੇਸ਼ੀ ਮੁਦਰਾ ਕਮਾਉਣ ਲਈ ਸੈਰ ਸਪਾਟਾ (ਟੂਰਿਜ਼ਮ), ਦਵਾਈਆਂ ਦੀ ਖੋਜ ਆਦਿ ਤੇ ਜਿਆਦਾ ਧਿਆਨ ਦਿੱਤਾ ਜਾਣ ਲੱਗਾ।
ਆਮ ਕਰਕੇ ਕਿਊਬਾ ਦੇ ਲੋਕ ਖੁਸ਼ ਹਨ, ਅਮਰੀਕਾ ਵਲੋਂ ਲਾਈਆਂ ਰੋਕਾਂ ਕਾਰਨ ਆਰਥਿਕਤਾ ਵਿਚ ਮੁਸ਼ਕਲਾਂ ਹਨ, ਕੁਝ ਲੋਕ ਸਰਕਾਰ ਵਲੋਂ ਵੱਡੇ ਹੋਟਲ ਬਣਾਉਣ ਵੱਲ ਧਿਆਨ ਵੱਧ ਅਤੇ ਪੜ੍ਹਾਈ ਵੱਲ ਕੁਝ ਘਟ ਗਿਆ ਮਹਿਸੂਸ ਕਰਦੇ ਹਨ, ਜੋ ਲਗਦਾ ਹੈ ਕਿ ਸਰਕਾਰ ਨੂੰ ਵੀ ਮਹਿਸੂਸ ਹੋ ਰਿਹਾ ਹੋਵੇਗਾ ਅਤੇ ਛੇਤੀ ਇਸ ਵੱਲ ਧਿਆਨ ਦੇਵੇਗੀ। 001 905 781 1197

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …