ਸ੍ਰੀਲੰਕਾ ਵਿਚ ਆਈ ਵੱਡੀ ਤਬਦੀਲੀ ਵਜੋਂ ਅਨੂਰਾ ਦੀਸਾਨਾਇਕੇ ਨੇ ਦੇਸ਼ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਦੀਸਾਨਾਇਕੇ ਮਾਰਕਸਵਾਦੀ ਜਨਤਾ ਵਿਮੁਕਤੀ ਪੈਰਾਮੁਨਾ ਪਾਰਟੀ ਦਾ ਆਗੂ ਹੈ, ਜਿਸ ਨੇ ਆਪਣੀ ਪਾਰਟੀ ਵਲੋਂ ਇਕ ਸਾਂਝਾ ਸੰਗਠਨ ਨੈਸ਼ਨਲ ਪੀਪਲਜ਼ ਪਾਵਰ ਬਣਾ ਕੇ ਸ੍ਰੀਲੰਕਾ ਵਿਚ ਇਕ ਅਜਿਹੀ ਲੋਕ ਪੱਖੀ ਲਹਿਰ ਚਲਾਈ, ਜਿਸ ਨੇ ਉਸ ਸਮੇਂ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ ਅਤੇ ਤੱਤਕਾਲੀ ਰਾਸ਼ਟਰਪਤੀ ਗੋਟਾਬਯਾ ਰਾਜਪਕਸ਼ਾ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਸਾਲ 2022 ਵਿਚ ਸ੍ਰੀਲੰਕਾ ਵੱਡੇ ਆਰਥਿਕ ਸੰਕਟ ਵਿਚ ਫਸ ਗਿਆ ਸੀ, ਜਿਸ ‘ਚੋਂ ਉਭਰਨਾ ਉਸ ਲਈ ਮੁਸ਼ਕਿਲ ਹੋ ਗਿਆ ਸੀ। ਇਸੇ ਸੰਕਟ ਨੂੰ ਲੈ ਕੇ ਵੱਡੀ ਲੋਕ ਲਹਿਰ ਉੱਠੀ ਸੀ, ਜਿਸ ਦੇ ਹੁੰਦਿਆਂ ਰਾਸ਼ਟਰਪਤੀ ਗੋਟਬਾਯਾ ਤੋਂ ਬਾਅਦ ਰਨਿਲ ਵਿਕਰਮਸਿੰਘੇ ਨੂੰ ਪ੍ਰਸ਼ਾਸਨ ਚਲਾਉਣ ਦਾ ਮੌਕਾ ਦਿੱਤਾ ਗਿਆ ਸੀ, ਕਿਉਂਕਿ ਉਹ ਰਾਜਪਕਸ਼ੇ ਪਰਿਵਾਰ ਦਾ ਇਕ ਮਹੱਤਵਪੂਰਨ ਮੈਂਬਰ ਸੀ ਅਤੇ ਪ੍ਰਸ਼ਾਸਨ ਚਲਾਉਣ ਵਿਚ ਉਸ ਦਾ ਵੱਡਾ ਤਜਰਬਾ ਸੀ।
ਰਾਜਪਕਸ਼ੇ ਪਰਿਵਾਰ ਨੇ ਪ੍ਰਸ਼ਾਸਨ ਵਿਚ ਹੁੰਦਿਆਂ ਲਿੱਟੇ ਨੂੰ ਹਾਰ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪੱਖ ਵਿਚ ਵੱਡਾ-ਲੋਕ ਉਭਾਰ ਆਇਆ ਸੀ। ਪਰ ਕੁਝ ਸਾਲਾਂ ਬਾਅਦ ਦੇਸ਼ ਵਿਚ ਆਰਥਿਕ ਸੰਕਟ ਵਧਣ ਕਾਰਨ ਲੋਕ ਉਨ੍ਹਾਂ ਤੋਂ ਬਦਜ਼ਨ ਹੋ ਕੇ ਸੜਕਾਂ ‘ਤੇ ਉਤਰ ਆਏ ਸਨ। ਉਸ ਸਮੇਂ ਭਾਰਤ ਨੇ ਮੰਦਹਾਲ ਹੋਏ ਸ੍ਰੀਲੰਕਾ ਦੀ ਹਰ ਪੱਧਰ ‘ਤੇ ਵੱਡੀ ਮਦਦ ਕੀਤੀ ਸੀ ਅਤੇ ਅੰਤਰਰਾਸ਼ਟਰੀ ਮਾਨੀਟਰ ਫੰਡ ਤੋਂ ਅਰਬਾਂ ਰੁਪਏ ਦੀ ਮਦਦ ਦੁਆਉਣ ਵਿਚ ਵੀ ਭਾਰਤ ਦਾ ਹਿੱਸਾ ਸੀ। ਸ੍ਰੀਲੰਕਾ ਕੋਲ ਵਿਦੇਸ਼ੀ ਧਨ ਦਾ ਭੰਡਾਰ ਖ਼ਤਮ ਹੋ ਚੁੱਕਾ ਸੀ। ਦੇਸ਼ ਨੂੰ ਤੇਲ ਅਤੇ ਗੈਸ ਸਮੇਤ ਹੋਰ ਕਈ ਜ਼ਰੂਰੀ ਚੀਜ਼ਾਂ ਆਯਾਤ ਕਰਨ ਵਿਚ ਬੇਹੱਦ ਮੁਸ਼ਕਿਲ ਆ ਰਹੀ ਸੀ। ਭਾਰਤ ਨੇ ਉਸ ਸਮੇਂ ਉਸ ਦੀ ਬਾਂਹ ਫੜੀ ਸੀ। ਪਿਛਲੇ 2 ਸਾਲਾਂ ਵਿਚ ਰਨਿਲ ਵਿਕਰਮਸਿੰਘੇ ਨੇ ਰਾਸ਼ਟਰਪਤੀ ਹੁੰਦਿਆਂ ਦੇਸ਼ ਦੀ ਹੋਣੀ ਨੂੰ ਸੰਵਾਰਨ ਦਾ ਯਤਨ ਜ਼ਰੂਰ ਕੀਤਾ ਸੀ ਪਰ ਲੋਕਾਂ ਦਾ ਅਸੰਤੋਸ਼ ਬਰਕਰਾਰ ਰਿਹਾ ਸੀ। ਇਸੇ ਕਰਕੇ ਹੁਣ ਚੋਣਾਂ ਵਿਚ ਲੋਕਾਂ ਨੇ ਸਿਆਸੀ ਬਾਜ਼ੀ ਪਲਟ ਦਿੱਤੀ ਹੈ ਅਤੇ ਖੱਬੇ-ਪੱਖੀ ਝੁਕਾਅ ਰੱਖਣ ਵਾਲੇ ਅਨੁਰਾ ਨੂੰ ਪ੍ਰਸ਼ਾਸਨ ਚਲਾਉਣ ਦਾ ਮੌਕਾ ਦਿੱਤਾ ਹੈ। ਸ੍ਰੀਲੰਕਾ ਵਿਚ ਬਹੁਗਿਣਤੀ ਸਿਨਹਾਲੀ ਮੂਲ ਦੇ ਲੋਕਾਂ ਦੀ ਹੈ। ਉਨ੍ਹਾਂ ਤੋਂ ਇਲਾਵਾ ਇਥੇ ਤਾਮਿਲ ਮੂਲ ਦੇ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਵਸੇ ਹੋਏ ਹਨ। ਚਾਹੇ ਨਵਾਂ ਰਾਸ਼ਟਰਪਤੀ ਪਹਿਲਾਂ ਵੱਡੀ ਹੱਦ ਤੱਕ ਸਿਨਹਾਲੀਆਂ ਦਾ ਪੱਖ ਹੀ ਪੂਰਦਾ ਰਿਹਾ ਹੈ ਪਰ ਹੁਣ ਦੇਸ਼ ਨੂੰ ਸਹੀ ਲੀਹੇ ਪਾਉਣ ਲਈ ਉਸ ਨੂੰ ਘੱਟ ਗਿਣਤੀਆਂ ਦਾ ਵੀ ਖਿਆਲ ਰੱਖਣਾ ਪਵੇਗਾ। ਚਾਹੇ ਉਸ ਦੀ ਪਾਰਟੀ ਦਾ ਝੁਕਾਅ ਚੀਨ-ਪੱਖੀ ਰਿਹਾ ਹੈ ਪਰ ਭਾਰਤ ਨਾਲ ਵੀ ਉਸ ਨੂੰ ਮਿਲਵਰਤਨ ਅਤੇ ਸਹਿਯੋਗ ਵਧਾਉਣਾ ਪਵੇਗਾ। ਉਸ ਦੀ ਤਵਾਜ਼ਨ ਵਾਲੀ ਨੀਤੀ ਹੀ ਸ੍ਰੀਲੰਕਾ ਨੂੰ ਮੁੜ ਲੀਹਾਂ ‘ਤੇ ਲਿਆਉਣ ਵਿਚ ਸਹਾਈ ਹੋ ਸਕੇਗੀ। ਨਵੇਂ ਰਾਸ਼ਟਰਪਤੀ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਦੇਸ਼ ਦੀ ਆਰਥਿਕਤਾ ਨੂੰ ਹਰ ਹੀਲੇ ਹੁਲਾਰਾ ਦੇਣ ਦੀ ਗੱਲ ਕਹੀ ਹੈ। ਚੋਣਾਂ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿਚ ਉਹ ਭਾਰਤ ਆਇਆ ਸੀ ਅਤੇ ਉਸ ਨੇ ਵਿਦੇਸ਼ ਮੰਤਰੀ ਸਮੇਤ ਹੋਰ ਵੱਡੇ ਭਾਰਤੀ ਆਗੂਆਂ ਅਤੇ ਅਹੁਦੇਦਾਰਾਂ ਨਾਲ ਵਿਸਥਾਰਿਤ ਵਿਚਾਰ ਵਟਾਂਦਰਾ ਵੀ ਕੀਤਾ ਸੀ।
ਪਿਛਲੇ ਸਾਲਾਂ ਵਿਚ ਭਾਰਤ ਨੂੰ ਆਪਣੇ ਕਈ ਗੁਆਂਢੀ ਮੁਲਕਾਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਚੁਣੌਤੀਆਂ ਵੀ ਮਿਲਦੀਆਂ ਰਹੀਆਂ ਹਨ। ਪਾਕਿਸਤਾਨ ਨਾਲ ਉਸ ਦੀ ਚਿਰਾਂ ਪੁਰਾਣੀ ਦੁਸ਼ਮਣੀ ਹੈ। ਬੰਗਲਾਦੇਸ਼ ਵਿਚ ਹੋਈਆਂ ਵੱਡੀਆਂ ਸਿਆਸੀ ਤਬਦੀਲੀਆਂ ਨੇ ਵੀ ਇਸ ਲਈ ਇਕ ਵੱਡੀ ਚੁਣੌਤੀ ਖੜ੍ਹੀ ਕੀਤੀ ਹੋਈ ਹੈ। ਇਕ ਛੋਟੇ ਗੁਆਂਢੀ ਦੇਸ਼ ਮਾਲਦੀਵ ਵਿਚ ਵੀ ਚੀਨ-ਪੱਖੀ ਸਰਕਾਰ ਬਣਨ ਨਾਲ ਇਸ ਦਾ ਟਕਰਾਅ ਵਧਦਾ ਨਜ਼ਰ ਆਇਆ ਸੀ ਪਰ ਉਥੋਂ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਭਾਰਤ ਫੇਰੀ ਤੋਂ ਬਾਅਦ ਕਾਫੀ ਹੱਦ ਤਕ ਇਨ੍ਹਾਂ ਉਲਝਣਾਂ ਨੂੰ ਸੁਲਝਾਅ ਲਿਆ ਗਿਆ ਹੈ। ਇਕ ਹੋਰ ਗੁਆਂਢੀ ਦੇਸ਼ ਮਿਆਂਮਾਰ ਵਿਚਲੇ ਹਾਲਾਤ ਵੀ ਭਾਰਤ ਲਈ ਚਿੰਤਾਜਨਕ ਬਣੇ ਹੋਏ ਹਨ। ਇਨ੍ਹਾਂ ਸਾਰੇ ਗੁਆਂਢੀ ਮੁਲਕਾਂ ਨਾਲ ਪਹਿਲਾਂ ਵਾਂਗ ਸਹਿਯੋਗ ਅਤੇ ਭਰਾਤਰੀ ਭਾਵਨਾ ਨਾਲ ਚੱਲਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਇਸ ਖਿੱਤੇ ਦਾ ਵੱਡਾ ਅਤੇ ਪ੍ਰਭਾਵਸ਼ਾਲੀ ਮੁਲਕ ਹੋਣ ਕਰਕੇ ਭਾਰਤ ਦਾ ਅਜਿਹੀ ਨੀਤੀ ਧਾਰਨ ਕਰਨਾ ਇਕ ਵੱਡਾ ਫਰਜ਼ ਵੀ ਬਣ ਜਾਂਦਾ ਹੈ।
Check Also
ਅਮਰੀਕਾ ਦੀਆਂ ਆਮ ਚੋਣਾਂ ਦੇ ਨਤੀਜੇ
ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਦੁਨੀਆ ਭਰ ਵਿਚ ਚਰਚਾ …