Breaking News
Home / ਪੰਜਾਬ / ਪਾਕਿਸਤਾਨੀ ਨੌਜਵਾਨਾਂ ਵੱਲੋਂ ਅੱਤਵਾਦ ਵਿਰੁੱਧ ਇਕਜੁੱਟਤਾ ਦਾ ਸੱਦਾ

ਪਾਕਿਸਤਾਨੀ ਨੌਜਵਾਨਾਂ ਵੱਲੋਂ ਅੱਤਵਾਦ ਵਿਰੁੱਧ ਇਕਜੁੱਟਤਾ ਦਾ ਸੱਦਾ

shaheed-bhagat-singh-pak-newsਗਲੋਬਲ ਯੂਥ ਫੈਸਟੀਵਲ ‘ਚ ਪੁੱਜਿਆ 19 ਲੜਕੀਆਂ ਦਾ ਵਫਦ
ਚੰਡੀਗੜ੍ਹ/ਬਿਊਰੋ ਨਿਊਜ਼ : ਪਿਸ਼ਾਵਰ ਦੇ ਅਫ਼ਜਲ ਰਹੀਮ ਨੇ ਕਿਹਾ ”ਨਿਰਦੋਸ਼ਾਂ ਦਾ ਖ਼ੂਨ ਪਿਸ਼ਾਵਰ ਵਿੱਚ ਵਹੇ ਭਾਵੇਂ ਜੰਮੂ-ਮੁੰਬਈ ਵਿੱਚ ਦਰਦ ਇੱਕੋ ਜਿਹਾ ਹੁੰਦਾ ਹੈ।” ਇਹ ਵਿਚਾਰ ਉਨ੍ਹਾਂ 27 ਸਤੰਬਰ ਤੋਂ 2 ਅਕਤੂਬਰ ਤੱਕ ਚੰਡੀਗੜ੍ਹ ਵਿੱਚ ਹੋ ਰਹੇ 11ਵੇਂ ਗਲੋਬਲ ਯੂਥ ਪੀਸ ਫੈਸਟੀਵਲ ਮੌਕੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਹਰ ਘਟਨਾ ਮਗਰੋਂ ਜਿੱਥੇ ਦਿਲ ਦਹਿਲ ਜਾਂਦਾ ਹੈ, ਉਥੇ ਸਦੀਆਂ ਤੋਂ ਚੱਲੀਆਂ ਆ ਰਹੀਆਂ ਸਾਂਝਾਂ ਵੀ ਤਾਰਪੀਡੋ ਹੋ ਜਾਂਦੀਆਂ ਹਨ।
ਅਫ਼ਜਲ ਨੇ ਕਿਹਾ ਕਿ ਪਾਕਿਸਤਾਨ ਦੀ ਜਨਤਾ ਅਤੇ ਨੌਜਵਾਨ ਪਿਸ਼ਾਵਰ ਦੇ ਫ਼ੌਜੀ ਪਬਲਿਕ ਸਕੂਲ ਵਿੱਚ ਹੋਏ ਬੰਬ ਧਮਾਕਿਆਂ ਵਿਚ 148 ਬੇਕਸੂਰ ਸਕੂਲੀ ਬੱਚਿਆਂ ਦੀ ਹੱਤਿਆ, ਮੁੰਬਈ ਬੰਬ ਧਮਾਕਿਆਂ ਵਿੱਚ ਮਾਸੂਮਾਂ ਦਾ ਬੇਰਹਿਮੀ ਨਾਲ ਕਤਲ, ਪੰਜਾਬ ਦੇ ਪਠਾਨਕੋਟ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਜੰਮੂ-ਕਸ਼ਮੀਰ ਦੇ ਉੜੀ ਵਿੱਚ ਭਾਰਤੀ ਫ਼ੌਜੀਆਂ ‘ਤੇ ਅੱਤਵਾਦੀ ਹਮਲੇ ਦੀ ਨਿੰਦਾ ਕਰਦੀ ਹੈ। ਪਾਕਿਸਤਾਨ ਦੇ ਨਾਗਰਿਕ ਸਕੂਨ, ਅਮਨ ਤੇ ਸ਼ਾਂਤੀ ਚਾਹੁੰਦੇ ਹਨ। ਫੈਸਟੀਵਲ ਵਿੱਚ ਪਾਕਿਸਤਾਨ ਤੋਂ ਆਈਆਂ 19 ਲੜਕੀਆਂ ਦੇ ਵਫ਼ਦ ਦੀ ਅਗਵਾਈ ਕਰਨ ਵਾਲੀ ਆਲੀਆ ਹਰਿਰ ਨੇ ਪਿਸ਼ਾਵਰ, ਪਠਾਨਕੋਟ, ਮੁੰਬਈ ਤੇ ਉੜੀ ਵਿੱਚ ਹੋਏ ਅੱਤਵਾਦੀ ਹਮਲਿਆਂ ਦੀ ਨਿਖੇਧੀ ਕੀਤੀ। ਇਸ ਮੌਕੇ ਅਫ਼ਜਲ ਨੇ ਕਿਹਾ ”ਤੁਹਾਡੇ ਵਾਂਗ ਉਹ ਵੀ ਹਰ ਰੋਜ਼ ਹੁੰਦੇ ਧਮਾਕਿਆਂ ਅਤੇ ਖ਼ੂਨ-ਖਰਾਬੇ ਤੋਂ ਪ੍ਰੇਸ਼ਾਨ ਹਨ।” ਅਫ਼ਜਲ ਇਸਲਾਮਾਬਾਦ ਵਿੱਚ ਮੀਡੀਆ ‘ਤੇ ਪੀਐਚ.ਡੀ ਕਰ ਰਹੇ ਹਨ ਤੇ ਇਸ ਤੋਂ ਇਲਾਵਾ ਉਹ ‘ਅਮਨ ਕੀ ਆਸ਼ਾ’ ਨਾਮੀ ਬੈਨਰ ਹੇਠ ਪਾਕਿਸਤਾਨ ਵਿੱਚ ਅਮਨ ਅਤੇ ਸ਼ਾਂਤੀ ਲਈ ਕੰਮ ਕਰ ਰਹੇ ਹਨ। ਲਾਹੌਰ ਦੀ ਸਈਦਾ ਸ਼ਾਈਵਾਲ ਰਜਾ ਨੇ ਕਿਹਾ ਕਿ ਉਹ ਪਹਿਲੀ ਵਾਰ ਭਾਰਤ ਆਈ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਕੋਈ ਚਿਹਰਾ ਨਹੀਂ ਹੁੰਦਾ। ਅੱਤਵਾਦੀਆਂ ਨੂੰ ਕਿਸੇ ਵੀ ਦੇਸ਼ ਜਾਂ ਧਰਮ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅੱਤਵਾਦ ਖ਼ਿਲਾਫ਼ ਭਾਰਤ ਅਤੇ ਪਾਕਿਸਤਾਨ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਸਈਦਾ ਨੇઠਅੰਮ੍ਰਿਤਸਰ ਅਤੇ ਜਲੰਧਰ ਵੀ ਦੇਖੇ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਇੱਥੇ ਪਹਿਰਾਵਾ, ਬੋਲੀ, ਖਾਣ-ਪੀਣ ਸਭ ਇੱਕੋ ਜਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤ ઠਆ ਕੇ ਇਹ ਬਿਲਕੁਲ ਮਹਿਸੂਸ ਨਹੀਂ ਹੋਇਆ ਕਿ ਉਹ ਕਿਸੇ ਹੋਰ ਦੇਸ਼ ਤੋਂ ਆਏ ਹਨ। ਆਲੀਆ ਨੇ ਕਿਹਾ ਕਿ ਉਹ ਪੰਜਵੀਂ ਵਾਰ ਫੈਸਟੀਵਲ ਵਿੱਚ ਸ਼ਾਮਲ ਹੋ ਰਹੀ ਹੈ। ਇਸ ਤੋਂ ਪਹਿਲਾਂ ਉਹ ਦੋ ਵਾਰ ਚੰਡੀਗੜ੍ਹ ਵਿੱਚ ਹੋਏ ਫੈਸਟੀਵਲ ਵਿੱਚ ਸ਼ਾਮਲ ਹੋ ਚੁੱਕੀ ਹੈ।
ਉਸ ਨੇ ਕਿਹਾ ਕਿ ਇਸ ਵਾਰ ਪਹਿਲੀ ਵਾਰ ਸਰਹੱਦ ‘ਤੇ ਇੰਮੀਗਰੇਸ਼ਨ ਕਾਊਂਟਰ ‘ਤੇ ਉਸ ਤੋਂ ਵੀਜ਼ੇ ਬਾਰੇ ਲੰਬੀ ਪੁੱਛ ਪੜਤਾਲ ਅਤੇ ਉਨ੍ਹਾਂ ਦੇ ਪ੍ਰੋਗਰਾਮ ਬਾਰੇ ਪੁੱਛਿਆ ਗਿਆ ਹੈ। ਫੈਸਟੀਵਲ ਵਿੱਚ ਇਹ ਕੁੜੀਆਂ ਦੋਵਾਂ ਦੇਸ਼ਾਂ ਦੇ ਤਣਾਅ ਤੋਂ ਬੇਫ਼ਿਕਰ ਹੋ ਕੇ ਆਪਣੀ ਸੰਸਕ੍ਰਿਤੀ ਤੇ ਵਿਰਾਸਤ ਦੀ ਤਰਜਮਾਨੀ ਕਰਨਗੀਆਂ।
ਦੱਸਣਯੋਗ ਹੈ ਕਿ ਇੱਥੋਂ ਦੇ ਸੈਕਟਰ 42 ਸਥਿਤ ਇੰਸਟੀਟਿਊਟ ਆਫ਼ ਹੋਟਲ ਮੈਨੇਜਮੇਂਟ ਵਿੱਚ ਉਦਘਾਟਨੀ ਸਮਾਗਮ ਤੋਂ ਬਾਅਦ ਗਲੋਬਲ ਯੂਥ ਫੈਸਟੀਵਲ ਛੇ ਦਿਨਾਂ ਲਈ ਸ਼ੁਰੂ ਹੋ ਗਿਆ ਹੈ। ਇਸ ਵਿੱਚ ਦੁਨੀਆਂ ਭਰ ਦੇ 33 ਦੇਸ਼ਾਂ ਤੋਂ ਆਏ 250 ਨੌਜਵਾਨ ਲੜਕੇ ਤੇ ਲੜਕੀਆਂ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦੇਣਗੇ। ਇਸ ਮੌਕੇ ਮਨੀਪੁਰ ਦੀ ਆਇਰਨ ਲੇਡੀ ਦੇ ਨਾਂ ਨਾਲ ਜਾਣੀ ਜਾਂਦੀ ਇਰੋਮ ਸ਼ਰਮੀਲਾ ਇੱਥੇ ਪੁੱਜੀ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …