ਪੁੱਤ ਦੀ ਲਾਸ਼ ਦਿਓ ਜਾਂ ਸਾਨੂੰ ਫਾਹੇ ਲਾ ਦੇਵੇ ਸਰਕਾਰ
ਫਰੀਦਕੋਟ : ਪੁਲਿਸ ਹਿਰਾਸਤ ਵਿਚ ਨੌਜਵਾਨ ਦੀ ਮੌਤ ਤੇ ਲਾਸ਼ ਨੂੰ ਪੁਲਿਸ ਮੁਲਾਜ਼ਮਾਂ ਵਲੋਂ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਜਨਤਕ ਰੋਹ ਵਧਦਾ ਹੀ ਜਾ ਰਿਹਾ ਹੈ। ਨੌਜਵਾਨ ਦੀ ਲਾਸ਼ ਲੈਣ ਤੇ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰ ਸਮੇਤ ਸੂਬੇ ਭਰ ਦੀਆਂ ਜਥੇਬੰਦੀਆਂ ਵਲੋਂ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ ਅਜੇ ਵੀ ਜਾਰੀ ਹੈ। ਮ੍ਰਿਤਕ ਜਸਪਾਲ ਸਿੰਘ ਦੇ ਪਿਤਾ ਹਰਬੰਸ ਸਿੰਘ ਅਤੇ ਨਾਨਾ ਹੀਰਾ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹਲਕੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਨਸਾਫ ਤੇ ਜਸਪਾਲ ਦੀ ਲਾਸ਼ ਦਿਵਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਪੀੜਤ ਪਰਿਵਾਰ ਨੇ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਪੁੱਤ ਦੀ ਲਾਸ਼ ਨਹੀਂ ਦਿਵਾ ਸਕਦਾ ਤਾਂ ਸਾਨੂੰ ਫਾਹੇ ਲਾ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਪ੍ਰਗਟਾਈ ਜਾ ਰਹੀ ਹਮਦਰਦੀ ਲਈ ਉਹ ਉਨ੍ਹਾਂ ਦੇ ਰਿਣੀ ਹਨ। ਮ੍ਰਿਤਕ ਦੇ ਰਿਸ਼ਤੇਦਾਰਾਂ ਗੁਰਚਰਨ ਸਿੰਘ, ਗੁਰਬਾਜ਼ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਕਿਹਾ ਕਿ ਸੀਆਈਏ ਸਟਾਫ ਦੇ ਤਿੰਨ ਮੁਲਾਜ਼ਮਾਂ ਵਲੋਂ ਕਥਿਤ ਤੌਰ ‘ਤੇ ਜਸਪਾਲ ਲਾਡੀ ਦਾ ਕਤਲ ਕੀਤਾ ਗਿਆ, ਜਿਨ੍ਹਾਂ ਖਿਲਾਫ ਜਦ ਤੱਕ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਪੰਜਾਬ ਸਰਕਾਰ ਵੱਲੋਂ ਐੱਸਆਈਟੀ ਦਾ ਗਠਨ
ਫ਼ਰੀਦਕੋਟ : ਫ਼ਰੀਦਕੋਟ ਪੁਲਿਸ ਦੀ ਹਿਰਾਸਤ ਵਿਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਮਾਮਲੇ ਵਿਚ ਜਾਂਚ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ। ਡੀਜੀਪੀ ਦੇ ਹੁਕਮਾਂ ਅਨੁਸਾਰ ਆਈਜੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਿਚ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ। ਮਾਮਲੇ ਦੀ ਜੁਡੀਸ਼ੀਅਲ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ ਤੇ ਫ਼ਰੀਦਕੋਟ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਤੇਜਪ੍ਰਤਾਪ ਸਿੰਘ ਰੰਧਾਵਾ ਮਾਮਲੇ ਦੀ ਪੜਤਾਲ ਕਰਨਗੇ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …