Breaking News
Home / ਪੰਜਾਬ / ਹੋਲੇ ਮਹੱਲੇ ਮੌਕੇ ਸਿਆਸੀ ਕਾਨਫਰੰਸਾਂ ਨੂੰ ਲੈ ਕੇ ਸੁਸਤੀ ਦਾ ਦੌਰ

ਹੋਲੇ ਮਹੱਲੇ ਮੌਕੇ ਸਿਆਸੀ ਕਾਨਫਰੰਸਾਂ ਨੂੰ ਲੈ ਕੇ ਸੁਸਤੀ ਦਾ ਦੌਰ

ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਨਹੀਂ ਦਿਖਾ ਰਹੀ ਸਰਗਰਮੀ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਜਿੱਥੇ ਹਰ ਸਾਲ ਹੋਲੇ ਮਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਖੋ-ਵੱਖ ਰਾਜਸੀ ਪਾਰਟੀਆਂ ਵਲੋਂ ਸਿਆਸੀ ਕਾਨਫਰੰਸਾਂ ਦੀ ਤਿਆਰੀ ਵੱਡੇ ਪੱਧਰ ‘ਤੇ ਆਰੰਭ ਕਰ ਦਿੱਤੀ ਜਾਂਦੀ ਹੈ, ਉਥੇ ਇਸ ਵਾਰ ਸਿਆਸੀ ਪਾਰਟੀਆਂ ਵਲੋਂ ਕੋਈ ਖਾਸ ਸਰਗਰਮੀ ਨਹੀਂ ਦਿਖਾਈ ਜਾ ਰਹੀ। ਇਸ ਦਾ ਮੁੱਖ ਕਾਰਨ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਹਨ, ਜਿਨ੍ਹਾਂ ਦੇ ਨਤੀਜਿਆਂ ਦਾ ਐਲਾਨ 11 ਮਾਰਚ ਨੂੰ ਹੋਣਾ ਹੈ, ਜਦੋਂ ਕਿ ਹੋਲਾ ਮਹੱਲਾ 11 ਤੋਂ 13 ਮਾਰਚ ਤੱਕ ਮਨਾਇਆ ਜਾਣਾ ਹੈ। ਖਾਲਸੇ ਦੇ ਇਸ ਪਾਵਨ ਤਿਉਹਾਰ ਮੌਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਹਰ ਸਾਲ ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ, ਜਦੋਂ ਕਿ ਇਸ ਵਾਰ ਸਾਰੀਆਂ ਪਾਰਟੀਆਂ ਦੀ ਟੇਕ ਚੋਣ ਨਤੀਜਿਆਂ ‘ਤੇ ਟਿਕੀ ਹੋਈ ਹੈ।
ਹਾਲਾਤ ਇਹ ਹਨ ਕਿ ਜਿਹੜੀ ਵੀ ਪਾਰਟੀ ਚੋਣ ਜਿੱਤੇਗੀ, ਉਹ ਤੁਰੰਤ ਇਕ ਦਿਨ ਵਿਚ ਹੀ ਕਾਨਫਰੰਸ ਕਰ ਲਵੇਗੀ, ਜਦੋਂ ਕਿ ਹਾਰਨ ਵਾਲੀ ਪਾਰਟੀ ਵਲੋਂ ਕਾਨਫਰੰਸ ਨਾ ਕੀਤੇ ਜਾਣ ਦੀ ਸੰਭਾਵਨਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵਲੋਂ ਕਾਨਫਰੰਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪਰ ਸੂਤਰ ਇਹ ਵੀ ਦੱਸਦੇ ਹਨ ਕਿ ਜੇ ਅਕਾਲੀ ਦਲ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਦਾ ਹੈ ਤਾਂ ਇਸ ਕਾਨਫਰੰਸ ਨੂੰ ਵੱਡਾ ਹੁੰਗਾਰਾ ਦੇ ਕੇ ਵਿਸ਼ਾਲ ਕਾਨਫਰੰਸ ਵਿਚ ਬਦਲ ਦਿੱਤਾ ਜਾਵੇਗਾ, ਪਰ ਜੇਕਰ ਅਕਾਲੀ ਦਲ ਨੂੰ ਚੋਣਾਂ ਵਿਚ ਜਿੱਤ ਨਸੀਬ ਨਹੀਂ ਹੁੰਦੀ ਤਾਂ ਕੋਈ ਵੀ ਸਿਆਸੀ ਆਗੂ ਇਸ ਕਾਨਫਰੰਸ ਵਿਚ ਸ਼ਾਮਲ ਨਹੀਂ ਹੋਵੇਗਾ, ਜਦੋਂ ਕਿ ਫਿਰ ਇਸ ਕਾਨਫਰੰਸ ਨੂੰ ਕੇਵਲ ਧਾਰਮਿਕ ਗਤੀਵਿਧੀਆਂ ਤੱਕ ਸੀਮਤ ਕਰਕੇ ਇਸ ਤੇ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਰਗਰਮ ਰਹੇਗੀ।
ਦੂਜੇ ਪਾਸੇ ਮੁੱਖ ਧਿਰ ਕਾਂਗਰਸ ਪਾਰਟੀ ਵਲੋਂ ‘ਚੁਪ ਚੁਪੀਤੇ’ ਜਗ੍ਹਾ ਕਿਰਾਏ ‘ਤੇ ਲੈ ਲਈ ਗਈ ਹੈ, ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਤਿਆਰੀ ਨਹੀਂ ਕੀਤੀ ਜਾ ਰਹੀ। ਕਾਂਗਰਸੀ ਆਗੂਆਂ ਵਲੋਂ ਵੀ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਕਾਂਗਰਸੀ ਆਗੂਆਂ ਵਲੋਂ ਅੰਦਰੋ ਅੰਦਰੀ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪਰ ਜੇਕਰ ਉਨ੍ਹਾਂ ਨੂੰ ਜਿੱਤ ਦੀ ਪ੍ਰਾਪਤੀ ਨਾ ਹੋਈ ਤਾਂ ਕਾਂਗਰਸ ਵਲੋਂ ਕਾਨਫਰੰਸ ਨਹੀਂ ਕੀਤੀ ਜਾਵੇਗੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਲੋਂ ਵੀ ਜਗ੍ਹਾ ਕਿਰਾਏ ‘ਤੇ ਲੈ ਲਈ ਗਈ ਹੈ ਤੇ ਜਿੱਤਣ ਦੀ ਹਾਲਤ ਵਿਚ ਕਾਨਫਰੰਸ ਵੀ ਵੱਡੀ ਹੋਵੇਗੀ ਤੇ ਇਸ ਵਿਚ ਸੀਨੀਅਰ ਲੀਡਰਸ਼ਿਪ ਵੀ ਸ਼ਮੂਲੀਅਤ ਕਰੇਗੀ। ਦੂਜੇ ਪਾਸੇ ਮਾਨ ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ ਕੋਲੋਂ ਜਗ੍ਹਾ ਦੀ ਮਨਜੂਰੀ ਲੈ ਲਈ ਗਈ ਹੈ ਤੇ ਉਨ੍ਹਾਂ ਵਲੋਂ ਕਾਨਫਰੰਸ ਵੀ ਕੀਤੀ ਜਾਵੇਗੀ ਤੇ ਉਸ ਵਿਚ ਸਿਮਰਨਜੀਤ ਸਿੰਘ ਮਾਨ ਸਮੇਤ ਪਾਰਟੀ ਲੀਡਰਸ਼ਿਪ ਵੀ ਹਾਜ਼ਰ ਰਹੇਗੀ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …