Breaking News
Home / ਕੈਨੇਡਾ / Front / ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਨਿਯੁਕਤ

ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਨਿਯੁਕਤ


ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 3 ਫਰਵਰੀ ਨੂੰ ਅਹੁਦੇ ਤੋਂ ਦਿੱਤਾ ਸੀ ਅਸਤੀਫ਼ਾ
ਚੰਡੀਗੜ੍ਹ/ਬਿਊਰੋ ਨਿਊਜ਼ : ਅਸਾਮ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਹੋਣਗੇ। ਕਟਾਰੀਆ ਰਾਜਸਥਾਨ ਭਾਜਪਾ ਦੇ ਸੀਨੀਅਰ ਆਗੂ ਹਨ ਤੇ ਉਹ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਲੈਣਗੇ। ਪੁਰੋਹਿਤ ਨੇ 3 ਫਰਵਰੀ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ। ਸ਼ਨਿੱਚਰਵਾਰ ਦੇਰ ਰਾਤ ਨੂੰ ਕੀਤੀਆਂ ਕੁਝ ਨਵੀਆਂ ਨਿਯੁਕਤੀਆਂ ਤੇ ਫੇਰਬਦਲ ਵਿਚ ਰਾਸ਼ਟਰਪਤੀ ਮੁਰਮੂ ਨੇ ਛੇ ਨਵੇਂ ਰਾਜਪਾਲਾਂ ਨੂੰ ਨਿਯੁਕਤ ਤੇ ਤਿੰਨ ਨੂੰ ਤਬਦੀਲ ਕੀਤਾ ਹੈ। ਮਹਾਰਾਸ਼ਟਰ ਅਸੈਂਬਲੀ ਦੇ ਸਾਬਕਾ ਸਪੀਕਰ ਹਰੀਭਾਊ ਕਿਸ਼ਨਰਾਓ ਬਾਗੜੇ ਨੂੰ ਰਾਜਸਥਾਨ ਦਾ ਰਾਜਪਾਲ ਜਦੋਂਕਿ ਤਿ੍ਰਪੁਰਾ ਦੇ ਸਾਬਕਾ ਉਪ ਮੁੱਖ ਮੰਤਰੀ ਜਿਸ਼ਨੂ ਦੇਵ ਵਰਮਾ ਨੂੰ ਤਿਲੰਗਾਨਾ ਦਾ ਰਾਜਪਾਲ ਲਾਇਆ ਗਿਆ ਹੈ। ਸਾਬਕਾ ਰਾਜ ਸਭਾ ਮੈਂਬਰ ਓਮ ਪ੍ਰਕਾਸ਼ ਮਾਥੁਰ ਨੂੰ ਸਿੱਕਿਮ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੂੰ ਝਾਰਖੰਡ, ਅਸਾਮ ਤੋਂ ਸਾਬਕਾ ਲੋਕ ਸਭਾ ਮੈਂਬਰ ਰਮਨ ਡੇਕਾ ਨੂੰ ਛੱਤੀਸਗੜ੍ਹ, ਕਰਨਾਟਕ ਸਰਕਾਰ ’ਚ ਸਾਬਕਾ ਮੰਤਰੀ ਸੀ.ਐੱਚ.ਵਿਜੈਸੰਕਰ ਨੂੰ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਝਾਰਖੰਡ ਦੇ ਮੌਜੂਦਾ ਰਾਜਪਾਲ ਸੀਪੀ ਰਾਧਾਕਿ੍ਰਸ਼ਨਨ ਨੂੰ ਮਹਾਰਾਸ਼ਟਰ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਕਿੱਮ ਦੇ ਰਾਜਪਾਲ ਲਕਸ਼ਣ ਪ੍ਰਸਾਦ ਅਚਾਰੀਆ ਨੂੰ ਅਸਾਮ ਤਬਦੀਲ ਕਰਨ ਦੇ ਨਾਲ ਮਨੀਪੁਰ ਦੇ ਰਾਜਪਾਲ ਦਾ ਵਧੀਕ ਚਾਰਜ ਵੀ ਦਿੱਤਾ ਗਿਆ ਹੈ। ਸਾਬਕਾ ਆਈਏਐੱਸ ਅਧਿਕਾਰੀ ਕੇ.ਕੈਲਾਸ਼ਨਾਥਨ ਨੂੰ ਪੁੱਡੂਚੇਰੀ ਦਾ ਰਾਜਪਾਲ ਲਾਇਆ ਗਿਆ ਹੈ।

Check Also

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ

ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …