ਪੀਪੀਐਸ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਕੀਤਾ ਬਰਖਾਸਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਨਾਲ ਸਬੰਧਤ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਮਾਮਲੇ ਵਿਚ ਸੀਲਬੰਦ ਰਿਪੋਰਟ ਖੋਲ੍ਹਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਡਰੱਗ ਤਸਕਰੀ ਮਾਮਲੇ ਵਿਚ ਪੀਪੀਐਸ ਰਾਜਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸਦੇ ਨਾਲ ਹੀ ਪੀਪੀਐਸ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਹੈ। ਸੀਐਮ ਮਾਨ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਤਸਕਰੀ ਵਿਚ ਸ਼ਾਮਲ ਕਿਸੇ ਵਿਅਕਤੀ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸੀਲਬੰਦ ਲਿਫ਼ਾਫ਼ਿਆਂ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਰਾਜਜੀਤ ਸਿੰਘ ਨੂੰ ਡਰੱਗ ਤਸਕਰੀ ਕੇਸ ਵਿੱਚ ਨਾਮਜ਼ਦ ਕਰਕੇ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਰਾਜਜੀਤ ਵਲੋਂ ਡਰੱਗ ਦੀ ਤਸਕਰੀ ਨਾਲ ਕਮਾਈ ਹੋਈ ਸੰਪਤੀ ਦੀ ਜਾਂਚ ਕਰਨ ਲਈ ਵੀ ਵਿਜੀਲੈਂਸ ਨੂੰ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੀਐਮ ਮਾਨ ਨੇ ਪਿਛਲੇ ਸਮੇਂ ਦੌਰਾਨ ਡਰੱਗ ਰੈਕੇਟ ਮਾਮਲੇ ਦੀਆਂ ਸਾਰੀਆਂ ਫਾਈਲਾਂ ਮੰਗਵਾ ਲਈਆਂ ਸਨ।