ਲੰਘੇ ਦਿਨੀਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਅਤੇ ਚਾਰ ਰਾਜਾਂ ਦੀਆਂ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਹੋ ਕੇ ਹਟੀਆਂ ਹਨ। ਜਿਥੋਂ ਤਕ ਕੌਮੀ ਅਸੈਂਬਲੀ ਦਾ ਸੰਬੰਧ ਹੈ ਉਸ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜਿਹੜੇ ਕਿ ਕਈ ਕੇਸਾਂ ਵਿਚ ਹੋਈਆਂ ਸਜ਼ਾਵਾਂ ਕਾਰਨ ਜੇਲ੍ਹ ਵਿਚ ਬੰਦ ਹਨ, ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਸਮੇਂ ਸਿਰ ਪਾਰਟੀ ਦੀਆਂ ਜਥੇਬੰਦਕ ਚੋਣਾਂ ਨਾ ਕਰਵਾਉਣ ਕਾਰਨ ਇਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਉਸ ਦੇ ਚੋਣ ਨਿਸ਼ਾਨ ਕ੍ਰਿਕਟ ਦੇ ਬੱਲੇ ਤੋਂ ਚੋਣ ਕਮਿਸ਼ਨ ਨੇ ਵਾਂਝਾ ਕਰ ਦਿੱਤਾ ਸੀ। ਇਸ ਕਾਰਨ ਉਸ ਦੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰਾਂ ਵਜੋਂ ਚੋਣਾਂ ਲੜਨੀਆਂ ਪਈਆਂ ਹਨ। ਕੌਮੀ ਅਸੈਂਬਲੀ ਦੀਆਂ ਕੁਲ 266 ਵਿਚੋਂ 265 ਸੀਟਾਂ ਲਈ ਚੋਣਾਂ ਹੋਈਆਂ ਸਨ। ਤਹਿਰੀਕ-ਏ-ਇਨਸਾਫ਼ ਪਾਰਟੀ ਨਾਲ ਸੰਬੰਧਿਤ ਆਜ਼ਾਦ ਉਮੀਦਵਾਰਾਂ ਨੂੰ 100 ਸੀਟਾਂ ਮਿਲੀਆਂ ਹਨ। ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੂੰ 73, ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ ਨੂੰ 54, ਮੁਤਾਹਿਦਾ ਕੌਮੀ ਮੁਹਾਜ਼ ਨੂੰ 17 ਅਤੇ ਫਜ਼ਰ-ਉਲ-ਰਹਿਮਾਨ ਦੀ ਪਾਰਟੀ ਜਮੀਅਤ-ਉਲੇਮਾ-ਏ-ਇਸਲਾਮ ਨੂੰ 3 ਸੀਟਾਂ ਮਿਲੀਆਂ ਹਨ, ਅਜੇ ਕੁਝ ਹੋਰ ਸੀਟਾਂ ਦੇ ਨਤੀਜੇ ਆਉਣੇ ਬਾਕੀ ਹਨ। ਇਸ ਤਰ੍ਹਾਂ ਕੌਮੀ ਪੱਧਰ ‘ਤੇ ਕੋਈ ਮਿਲੀ-ਜੁਲੀ ਸਰਕਾਰ ਹੀ ਬਣ ਸਕਦੀ ਹੈ।
ਸੂਬਾ ਸਿੰਧ ਵਿਚ ਸਪੱਸ਼ਟ ਤੌਰ ‘ਤੇ ਪਾਕਿਸਤਾਨ ਪੀਪਲਜ਼ ਪਾਰਟੀ ਨੇ ਕੁਲ 130 ਸੀਟਾਂ ਵਿਚੋਂ (84) ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਿਲ ਕਰ ਲਿਆ ਹੈ। ਉਥੇ ਮੁਤਾਹਿਦਾ ਕੌਮੀ ਮੁਹਾਜ਼ ਨੂੰ (28) ਅਤੇ ਆਜ਼ਾਦ ਉਮੀਦਵਾਰਾਂ ਨੂੰ (14) ਸੀਟਾਂ ਮਿਲੀਆਂ ਹਨ। ਇਸੇ ਤਰ੍ਹਾਂ ਖੈਬਰ ਪਖ਼ਤੂਨਖਵਾ ਵਿਚ ਤਹਿਰੀਕ-ਏ-ਇਨਸਾਫ਼ ਪਾਰਟੀ ਨਾਲ ਸੰਬੰਧਿਤ ਆਜ਼ਾਦ ਉਮੀਦਵਾਰਾਂ ਨੇ ਕੁਲ 115 ਵਿਚੋਂ (88) ਸੀਟਾਂ ਜਿੱਤ ਕੇ ਮੁਕੰਮਲ ਬਹੁਮਤ ਹਾਸਿਲ ਕਰ ਲਿਆ ਹੈ। ਉਥੇ ਜਮੀਅਤ-ਉਲੇਮਾ-ਇਸਲਾਮ ਨੂੰ (7) ਅਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੂੰ (5) ਸੀਟਾਂ ਮਿਲੀਆਂ ਹਨ।
ਬਲੋਚਿਸਤਾਨ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਨੇ ਕੁਲ 51 ਸੀਟਾਂ ਵਿਚੋਂ (11 ਸੀਟਾਂ) ਅਤੇ ਮੁਸਲਿਮ ਲੀਗ (ਨਵਾਜ਼) (9 ਸੀਟਾਂ) ਅਤੇ ਜਮੀਅਤ-ਉਲੇਮਾ-ਏ-ਇਸਲਾਮ ਨੇ (8) ਸੀਟਾਂ ਜਿੱਤੀਆਂ ਹਨ। ਤਿੰਨੇ ਪਾਰਟੀਆਂ ਮਿਲ ਕੇ ਸਰਕਾਰ ਬਣਾਉਣ ਦੇ ਨੇੜੇ ਪਹੁੰਚ ਸਕਦੀਆਂ ਹਨ। ਪਾਕਿਸਤਾਨ ਦੇ ਸਭ ਤੋਂ ਅਹਿਮ ਸੂਬੇ ਪੰਜਾਬ ਵਿਚ ਵੀ ਭਾਵੇਂ ਤਹਿਰੀਕ-ਏ-ਇਨਸਾਫ਼ ਪਾਰਟੀ ਨਾਲ ਸੰਬੰਧਿਤ ਆਜ਼ਾਦ ਉਮੀਦਵਾਰਾਂ ਨੇ 297 ਵਿਚੋਂ 136 ਸੀਟਾਂ ਜਿੱਤੀਆਂ ਹਨ, ਪਰ ਇਸ ਰਾਜ ਵਿਚ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) (135 ਸੀਟਾਂ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਨੇ (10 ਸੀਟਾਂ) ਜਿੱਤੀਆਂ ਹਨ। ਇਥੇ ਵੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੀ ਮਿਲੀ-ਜੁਲੀ ਸਰਕਾਰ ਬਣਨ ਦੀ ਹੀ ਵਧੇਰੇ ਸੰਭਾਵਨਾ ਹੈ।
ਤਾਜ਼ਾ ਜਾਣਕਾਰੀ ਅਨੁਸਾਰ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਪੀਪਲਜ਼ ਪਾਰਟੀ, ਜਮੀਅਤ-ਉਲੇਮਾ-ਏ-ਇਸਲਾਮ (ਐਫ਼) ਅਤੇ ਕੌਮੀ ਮੁਤਹਿਦਾ ਮੁਹਾਜ਼ ਨਾਲ ਕੌਮੀ ਪੱਧਰ ‘ਤੇ ਸਰਕਾਰ ਬਣਾਉਣ ਲਈ ਗੱਲਬਾਤ ਦਾ ਸਿਲਸਿਲਾ ਆਰੰਭ ਕੀਤਾ ਹੈ। ਪਾਕਿਸਤਾਨ ਦੇ ਸਿਆਸੀ ਸੂਤਰਾਂ ਦੇ ਅਨੁਸਾਰ ਉਪਰੋਕਤ ਪਾਰਟੀਆਂ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਆਪਸ ਵਿਚ ਇਕੱਠੀਆਂ ਹੋ ਕੇ ਸਰਕਾਰ ਬਣਾ ਸਕਦੀਆਂ ਹਨ। ਪਾਕਿਸਤਾਨ ਦੀ ਫ਼ੌਜ, ਜੋ ਦੇਸ਼ ਦੀ ਰਾਜਨੀਤੀ ਵਿਚ ਅਕਸਰ ਦਖ਼ਲ ਦਿੰਦੀ ਹੈ, ਦੀ ਵੀ ਅਜਿਹੀ ਹੀ ਕੋਸ਼ਿਸ਼ ਰਹੇਗੀ, ਕਿਉਂਕਿ ਉਹ ਇਮਰਾਨ ਖ਼ਾਨ ਤੋਂ ਕਾਫ਼ੀ ਹੱਦ ਤਕ ਬਦਜ਼ਨ ਹੋ ਚੁੱਕੀ ਹੈ। ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਗੌਹਰ ਅਲੀ ਖ਼ਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਪਾਕਿਸਤਾਨ ਦੇ ਲੋਕਾਂ ਵਲੋਂ ਸਪੱਸ਼ਟ ਰੂਪ ਵਿਚ ਫ਼ਤਵਾ ਦਿੱਤਾ ਗਿਆ ਹੈ। ਇਸ ਲਈ ਇਸ ਫ਼ਤਵੇ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਚੋਣਾਂ ਵਿਚ ਵੱਡੀ ਪੱਧਰ ‘ਤੇ ਧਾਂਦਲੀਆਂ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਪਾਰਟੀ ਨਾਲ ਸੰਬੰਧਿਤ ਬਹੁਤ ਸਾਰੇ ਜੇਤੂ ਉਮੀਦਵਾਰਾਂ ਨੂੰ ਜਾਣ ਬੁੱਝ ਕੇ ਹਰਾਇਆ ਗਿਆ ਹੈ ਜਾਂ ਉਨ੍ਹਾਂ ਦੇ ਨਤੀਜੇ ਰੋਕੇ ਗਏ ਹਨ।
ਇਸੇ ਦੌਰਾਨ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਸੀਨੀਅਰ ਆਗੂ ਅਤੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਨੇ ਲਾਹੌਰ ਵਿਚ ਆਪਣੀ ਪਾਰਟੀ ਦੇ ਹੈੱਡਕੁਆਟਰ ਤੋਂ ਪਾਕਿਸਤਾਨ ਦੇ ਲੋਕਾਂ ਅਤੇ ਆਪਣੀ ਪਾਰਟੀ ਦੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੀਆਂ ਸਮੂਹ ਪਾਰਟੀਆਂ ਅਤੇ ਜੇਤੂ ਆਜ਼ਾਦ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਕਿ ਇਸ ਸਮੇਂ ਪਾਕਿਸਤਾਨ ਨੂੰ ਦਰਪੇਸ਼ ਗੰਭੀਰ ਆਰਥਿਕ ਤੇ ਰਾਜਨੀਤਕ ਸਮੱਸਿਆਵਾਂ ਵਿਚੋਂ ਕੱਢਣ ਲਈ ਸਾਰਿਆਂ ਨੂੰ ਮਿਲ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਇਕ ਸਾਂਝੀ ਸਰਕਾਰ ਦਾ ਗਠਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਵੇਂ ਕੌਮੀ ਪੱਧਰ ‘ਤੇ ਕਿਸੇ ਵੀ ਇਕ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ, ਪਰ ਉਨ੍ਹਾਂ ਦੀ ਪਾਰਟੀ ਵੱਡੀ ਪਾਰਟੀ ਵਜੋਂ ਉੱਭਰੀ ਹੈ, ਇਸ ਲਈ ਉਹ ਸਰਕਾਰ ਬਣਾਉਣ ਲਈ ਦੂਜੀਆਂ ਪਾਰਟੀਆਂ ਨਾਲ ਗੱਲਬਾਤ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਨਵੀਂ ਸੰਭਾਵਿਤ ਸਰਕਾਰ ਨੂੰ ਪਾਕਿਸਤਾਨ ਦੀਆਂ ਅੰਦਰੂਨੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ-ਨਾਲ ਆਪਣੇ ਗੁਆਂਢੀ ਦੇਸ਼ਾਂ ਤੇ ਦੁਨੀਆ ਦੇ ਹੋਰ ਦੇਸ਼ਾਂ ਨਾਲ ਵੀ ਬਿਹਤਰ ਸੰਬੰਧ ਬਣਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਪਾਕਿਸਤਾਨ ਦੀਆਂ ਚੋਣਾਂ ਦੇ ਸਾਹਮਣੇ ਆਏ ਉਪਰੋਕਤ ਨਤੀਜਿਆਂ ਅਤੇ ਪਾਕਿਸਤਾਨ ਦੀ ਅਜੋਕੀ ਰਾਜਨੀਤਕ ਤੇ ਆਰਥਿਕ ਸਥਿਤੀ ਨੂੰ ਮੁੱਖ ਰੱਖਦਿਆਂ ਸਾਡੀ ਵੀ ਇਹ ਸਪੱਸ਼ਟ ਰਾਇ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅਸਥਿਰਤਾ ਅਤੇ ਬਦਹਾਲੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਇਕ ਸਥਿਰ ਅਤੇ ਸਪੱਸ਼ਟ ਦ੍ਰਿਸ਼ਟੀਕੋਣ ਵਾਲੀ ਸਰਕਾਰ ਦੀ ਲੋੜ ਹੈ। ਪਾਕਿਸਤਾਨ ਇਸ ਸਮੇਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਆਮ ਲੋਕ ਮਹਿੰਗਾਈ ਦੀ ਵੱਡੀ ਮਾਰ ਸਹਿ ਰਹੇ ਹਨ। ਇਸ ਦੇ ਨਾਲ-ਨਾਲ ਪਾਕਿਸਤਾਨ ਨੂੰ ਅੱਤਵਾਦ ਦੀ ਵੀ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਫ਼ਗਾਨਿਸਤਾਨ ਅਤੇ ਈਰਾਨ ਦੀ ਧਰਤੀ ਤੋਂ ਵੱਖ-ਵੱਖ ਅੱਤਵਾਦੀ ਗਰੁੱਪ ਸਮੇਂ-ਸਮੇਂ ਪਾਕਿਸਤਾਨ ਨੂੰ ਆਪਣੇ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਆ ਰਹੇ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਵੀ ਖੈਬਰ ਪਖ਼ਤੂਨਖਵਾ ਅਤੇ ਬਲੋਚਿਸਤਾਨ ਵਿਚ ਹਿੰਸਾ ਦੀਆਂ ਕਾਫੀ ਘਟਨਾਵਾਂ ਵਾਪਰੀਆਂ ਹਨ। ਦੂਜੇ ਪਾਸੇ ਪਾਕਿਸਤਾਨ ਦੀ ਫ਼ੌਜ ਅਤੇ ਉਸ ਦੇ ਪ੍ਰਭਾਵ ਹੇਠਲੀਆਂ ਪਾਕਿਸਤਾਨ ਦੀਆਂ ਸਰਕਾਰਾਂ ਭਾਰਤ ਵਿਰੋਧੀ ਕਾਰਵਾਈਆਂ ਦਾ ਸਿੱਧੇ-ਅਸਿੱਧੇ ਢੰਗ ਨਾਲ ਸਮਰਥਨ ਕਰਦੀਆਂ ਰਹੀਆਂ ਹਨ, ਜਿਸ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਨਿਰੰਤਰ ਵਿਗੜੇ ਰਹੇ ਹਨ। ਹੁਣ ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਸੀਨੀਅਰ ਆਗੂ ਤੇ ਸਾਬਕ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਪਾਕਿਸਤਾਨ ਨੂੰ ਆਪਣੇ ਗੁਆਂਢੀ ਦੇਸ਼ਾਂ ਨਾਲ ਸੰਬੰਧ ਸੁਧਾਰਨੇ ਚਾਹੀਦੇ ਹਨ, ਜੇਕਰ ਉਥੇ ਬਣਨ ਵਾਲੀ ਸਰਕਾਰ ਅਜਿਹੀ ਇੱਛਾ ਸ਼ਕਤੀ ਦਾ ਮੁਜ਼ਾਹਰਾ ਕਰਦੀ ਹੋਈ ਆਪਣੇ ਗੁਆਂਢੀ ਦੇਸ਼ਾਂ ਨਾਲ ਸੰਬੰਧ ਸੁਧਾਰਨ ਲਈ ਅਮਲੀ ਰੂਪ ਵਿਚ ਠੋਸ ਕਦਮ ਉਠਾਉਂਦੀ ਹੈ ਤਾਂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਸੁਧਾਰ ਆ ਸਕਦਾ ਹੈ, ਅਤੇ ਇਸ ਨਾਲ ਪਾਕਿਸਤਾਨ ਵਿਚ ਵੀ ਸਥਿਰਤਾ ਆ ਸਕਦੀ ਹੈ ਅਤੇ ਉਹ ਖ਼ੁਸ਼ਹਾਲੀ ਦੇ ਰਾਹ ਪੈ ਸਕਦਾ ਹੈ। ਪਰ ਇਸ ਸੰਬੰਧੀ ਬਹੁਤਾ ਕੁਝ ਭਵਿੱਖ ਦੀ ਬੁੱਕਲ ਵਿਚ ਹੈ। ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ਵਿਚ ਕਿਸ ਤਰ੍ਹਾਂ ਦੀ ਸਰਕਾਰ ਬਣਦੀ ਹੈ ਅਤੇ ਉਹ ਕਿਸ ਤਰ੍ਹਾਂ ਦੀਆਂ ਨੀਤੀਆਂ ਅਪਣਾਉਂਦੀ ਹੈ, ਇਹ ਵਕਤ ਹੀ ਦੱਸੇਗਾ।
Check Also
ਪੰਜਾਬ ਲਈ ਹਰ ਤਰ੍ਹਾਂ ਦਾ ਪ੍ਰਦੂਸ਼ਣ ਬਣਿਆ ਸਰਾਪ
ਲਗਭਗ ਪਿਛਲੇ 4 ਦਹਾਕਿਆਂ ਤੋਂ ਲੁਧਿਆਣੇ ਦੇ ਬੁੱਢੇ ਨਾਲੇ ਦੀ ਚਰਚਾ ਹੁੰਦੀ ਆ ਰਹੀ ਹੈ। …