ਨਿਤੀਸ਼ ਕੁਮਾਰ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣ ਗਏ ਹਨ। ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਵਿਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਤੋਂ ਪਹਿਲਾਂ ਗੋਆ ਵਿਚ ਪ੍ਰਤਾਪ ਸਿੰਘ ਰਾਣੇ ਹੀ ਅਜਿਹੇ ਵਿਅਕਤੀ ਸਨ ਜੋ 7 ਵਾਰ ਮੁੱਖ ਮੰਤਰੀ ਬਣੇ ਸਨ। ਪਿਛਲੇ 20 ਸਾਲ ਤੋਂ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣਦੇ ਆਏ ਹਨ। ਉਨ੍ਹਾਂ ਤੋਂ ਪਹਿਲਾਂ ਲਾਲੂ ਪ੍ਰਸਾਦ ਯਾਦਵ ਵੀ ਲੰਮੇ ਸਮੇਂ ਤੱਕ ਮੁੱਖ ਮੰਤਰੀ ਰਹੇ। ਜਦੋਂ ਉਨ੍ਹਾਂ ਦਾ ਨਾਮ ਚਾਰਾ ਘੁਟਾਲੇ ਵਿਚ ਦਰਜ ਹੋ ਗਿਆ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਤਾਂ ਉਨ੍ਹਾਂ ਨੇ ਆਪਣੀ ਘੱਟ ਪੜ੍ਹੀ ਲਿਖੀ ਪਤਨੀ ਰਾਬੜੀ ਦੇਵੀ ਦੇ ਨਾਮ ‘ਤੇ ਜੇਲ੍ਹ ਵਿਚੋਂ ਹੀ ਪ੍ਰਸ਼ਾਸਨ ਚਲਾਇਆ। ਲਾਲੂ ਆਪਣੇ ਕਾਰਜਕਾਲ ਵਿਚ ਬੇਹੱਦ ਚਰਚਿਤ ਸਿਆਸਤਦਾਨ ਰਹੇ ਪਰ ਪ੍ਰਸ਼ਾਸਨ ਵਿਚ ਬੇਹੱਦ ਬੇਤਰਤੀਬੀ ਹੋਣ ਕਾਰਨ ਉਨ੍ਹਾਂ ਦੇ ਰਾਜ ਨੂੰ ‘ਜੰਗਲ ਰਾਜ’ ਕਿਹਾ ਜਾਣ ਲੱਗਾ ਸੀ। ਉਨ੍ਹਾਂ ਦਾ ਆਪਣਾ, ਉਨ੍ਹਾਂ ਦੇ ਪਰਿਵਾਰ ਦਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਵੀ ਭ੍ਰਿਸ਼ਟਾਚਾਰ ਵਿਚ ਨਾਮ ਬੋਲਦਾ ਸੀ।
ਹਾਲਾਂਕਿ 15 ਸਾਲ ਦੇ ਸ਼ਾਸਨਕਾਲ ਨੇ ਨਿਤੀਸ਼ ਕੁਮਾਰ ਦੇ ਚੰਗੇ ਰਾਜ ਦੇ ਅਕਸ ਨੂੰ ਕਾਫੀ ਧੁੰਦਲਾ ਕਰ ਦਿੱਤਾ ਸੀ। ਭਾਵ, ਇਸ ਵਾਰ ਉਨ੍ਹਾਂ ਦੀ ਚੰਗੇ ਰਾਜ ਵਾਲੀ ਸ਼ਖ਼ਸੀਅਤ ਪ੍ਰਤੀ ਲੋਕਾਂ ਵਿਚ ਪਹਿਲਾਂ ਵਰਗਾ ਉਤਸ਼ਾਹ ਨਹੀਂ ਸੀ। ਵੱਡੇ ਪੱਧਰ ‘ਤੇ ਕਿਹਾ ਜਾ ਰਿਹਾ ਸੀ ਕਿ ਨਿਤੀਸ਼ ਸਰਕਾਰ ਨੇ ਨਾ ਤਾਂ ਕੋਵਿਡ ਦੇ ਕਾਰਨ ਵਾਪਸ ਪਰਤ ਰਹੇ ਮਜ਼ਦੂਰਾਂ ਨੂੰ ਠੀਕ ਢੰਗ ਨਾਲ ਰਾਹਤ ਪਹੁੰਚਾਈ ਅਤੇ ਨਾ ਹੀ ਹੜ੍ਹ ਦੀ ਤ੍ਰਾਸਦੀ ਦਾ ਠੀਕ ਢੰਗ ਨਾਲ ਸਾਹਮਣਾ ਕੀਤਾ। ਵੋਟਰਾਂ ਦਾ ਅੱਧਿਓਂ ਜ਼ਿਆਦਾ ਹਿੱਸਾ ਨਵਾਂ ਸੀ। 18 ਤੋਂ 39 ਸਾਲ ਦੇ ਵੋਟਰਾਂ ਦੀ ਫੀਸਦੀ ਕਰੀਬ 51 ਸੀ ਅਤੇ ਉਹ ਲਾਲੂ ਯਾਦਵ ਦੀ ਹਕੂਮਤ ਦੇ 15 ਸਾਲਾਂ ਨਾਲ ਜੁੜੇ ਵਿਵਾਦਾਂ ਤੋਂ ਨਾਵਾਕਿਫ ਸਨ। ਇਨ੍ਹਾਂ ਤਿੰਨਾਂ ਗੱਲਾਂ ਤੋਂ ਵੀ ਵੱਡੀ ਗੱਲ ਇਹ ਸੀ ਕਿ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ ਵਿਚ ਏਕਤਾ ਨਹੀਂ ਸੀ। ਉਸ ਵਿਚ ਸੰਗਠਨ ਪੱਧਰ ‘ਤੇ ਵੀ ਫੁੱਟ ਸੀ ਅਤੇ ਸਮਾਜਿਕ ਆਧਾਰ ਦੇ ਪੱਧਰ ‘ਤੇ ਵੀ। ਸੰਗਠਨ ਦੇ ਪੱਧਰ ਉਤੇ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਨਿਤੀਸ਼ ਕੁਮਾਰ ਦੀ ਜਨਤਾ ਦਲ (ਸੰਯੁਕਤ) ਦੇ ਖਿਲਾਫ਼ ਲੜ ਰਹੀ ਸੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਮਰਥਨ ਦੇ ਰਹੀ ਸੀ। ਸਮਾਜਿਕ ਆਧਾਰ ਦੇ ਪੱਧਰ ‘ਤੇ ਭਾਜਪਾ ਦਾ ਵੋਟਰ ਸਮਝੀਆਂ ਜਾਣ ਵਾਲੀਆਂ ਜਾਤੀਆਂ (ਬ੍ਰਾਹਮਣ, ਰਾਜਪੂਤ, ਵੈਸ਼, ਭੂਮੀਹਾਰ, ਕਾਯਸਥ) ਨਿਤੀਸ਼ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦਾ ਮਨ ਨਹੀਂ ਸਨ ਬਣਾ ਪਾ ਰਹੀਆਂ। ਇਸ ਨੂੰ ਵੇਖਦਿਆਂ ਲੋਜਪਾ ਨੇ ਵੱਡੇ ਪੱਧਰ ‘ਤੇ ਉੱਚੀਆਂ ਜਾਤਾਂ ਦੇ ਉਮੀਦਵਾਰਾਂ ਨੂੰ ਆਪਣੀਆਂ ਟਿਕਟਾਂ ‘ਤੇ ਲੜਾਇਆ ਸੀ ਤਾਂ ਕਿ ਭਾਜਪਾ ਦੀਆਂ ਵੋਟਾਂ ਨਿਤੀਸ਼ ਕੁਮਾਰ ਨੂੰ ਕਿਸੇ ਕੀਮਤ ‘ਤੇ ਨਾ ਮਿਲ ਸਕਣ। ਇਸ ਦੇ ਉਲਟ ਮਹਾਂਗੱਠਜੋੜ ਵਿਚ ਏਕਤਾ ਮਜ਼ਬੂਤ ਸੀ। ਨਿਤੀਸ਼ ਦੀ ਘਟਦੀ ਲੋਕਪ੍ਰਿਅਤਾ ਦੇ ਮੁਕਾਬਲੇ ਤੇਜਸਵੀ ਦੀ ਲੋਕਪ੍ਰਿਅਤਾ ਤੇਜ਼ੀ ਨਾਲ ਵਧ ਰਹੀ ਸੀ ਅਤੇ ਮੁੱਖ ਮੰਤਰੀ ਅਹੁਦੇ ਦੀ ਪਹਿਲੀ ਪਸੰਦ ਦੇ ਮਾਮਲੇ ਵਿਚ ਉਹ ਨਿਤੀਸ਼ ਦੇ ਬਰਾਬਰ ਆ ਰਹੇ ਸਨ। ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਦਰਮਿਆਨ ਵੋਟਾਂ ਦਾ ਆਦਾਨ-ਪ੍ਰਦਾਨ ਵੀ ਬਿਨਾ ਕਿਸੇ ਦਿੱਕਤ ਦੇ ਹੁੰਦਿਆਂ ਦਿਖ ਰਿਹਾ ਸੀ। ਇਨ੍ਹਾਂ ਦੋਵਾਂ ਦਲਾਂ ਦਾ ਤਿੰਨਾਂ ਖੱਬੇ ਦਲਾਂ (ਭਾਕਪਾ-ਮਾਲੇ, ਭਾਕਪਾ ਅਤੇ ਮਾਕਪਾ) ਨਾਲ ਚੰਗਾ ਤਾਲਮੇਲ ਸੀ। ਕਾਰਕੁੰਨ ਪੱਧਰ ‘ਤੇ ਵੀ ਅਤੇ ਲੋਕ ਆਧਾਰ ਦੇ ਪੱਧਰ ‘ਤੇ ਵੀ। ਸਵਾਲ ਇਹ ਹੈ ਕਿ ਏਨੀ ਅਨੁਕੂਲ ਸਥਿਤੀ ਦੇ ਬਾਵਜੂਦ ਮਹਾਂਗੱਠਜੋੜ ਸੱਤਾ ਦੀ ਦੌੜ ਵਿਚ ਪਛੜ ਕਿਵੇਂ ਗਿਆ?
ਨਿਤੀਸ਼ ‘ਤੇ ਚਾਹੇ ਮੌਕਾਪ੍ਰਸਤ ਰਾਜਨੀਤੀ ਕਰਨ ਦੇ ਦੋਸ਼ ਤਾਂ ਲਗਦੇ ਰਹੇ ਪਰ ਉਨ੍ਹਾਂ ਦਾ ਲੰਮਾ ਕਾਰਜਕਾਲ ਬਹੁਤੇ ਵਿਵਾਦਾਂ ਵਿਚ ਨਹੀਂ ਘਿਰਿਆ। ਉਨ੍ਹਾਂ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਵੀ ਵੱਡੀ ਹੱਦ ਤੱਕ ਕਾਬੂ ਵਿਚ ਰੱਖਣ ਦਾ ਯਤਨ ਕੀਤਾ। ਉਨ੍ਹਾਂ ਦਾ ਅਕਸ ਸਾਫ਼-ਸੁਥਰਾ ਬਣਿਆ ਰਿਹਾ। ਆਪਣੇ ਵੱਖ-ਵੱਖ ਕਾਰਜਕਾਲਾਂ ਦੌਰਾਨ ਉਨ੍ਹਾਂ ਨੇ ਅਨੇਕਾਂ ਗੱਠਜੋੜ ਬਣਾਏ। ਨਵੀਆਂ ਪਾਰਟੀਆਂ ਵੀ ਬਣਾਈਆਂ ਅਤੇ ਉਹ ਸਿਆਸੀ ਮਸਲਹਤਾਂ ਕਰਕੇ ਆਪਣੇ ਸਿਧਾਂਤਾਂ ਤੋਂ ਵੀ ਥਿੜਕਦੇ ਨਜ਼ਰ ਆਏ। ਇਸ ਵਾਰ ਵੀ ਸੂਬੇ ਦੀਆਂ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਜਨਤਾ ਦਲ (ਯੂ) ਤੀਜੇ ਸਥਾਨ ‘ਤੇ ਰਹੀ ਹੈ। ਭਾਜਪਾ ਦੂਸਰੇ ‘ਤੇ ਅਤੇ ਤੇਜਸਵੀ ਯਾਦਵ ਦੀ ਰਾਸ਼ਟਰੀ ਜਨਤਾ ਦਲ ਪਹਿਲੇ ਸਥਾਨ ‘ਤੇ ਰਹੀ ਪਰ ਕਾਂਗਰਸ ਆਪਣੇ ਕੋਟੇ ਵਿਚੋਂ ਮਿਲੀਆਂ 70 ਸੀਟਾਂ ਵਿਚੋਂ ਬੇਹੱਦ ਘੱਟ ਉਮੀਦਵਾਰ ਜਿਤਾ ਸਕੀ, ਜਦੋਂ ਕਿ ਮਹਾਂਗੱਠਜੋੜ ਦੀਆਂ ਸਾਥੀ ਤਿੰਨ ਖੱਬੀਆਂ ਪਾਰਟੀਆਂ ਨੂੰ ਕੁਝ ਚੰਗਾ ਹੁੰਗਾਰਾ ਜ਼ਰੂਰ ਮਿਲਿਆ। ਪਰ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ ਬਹੁਮਤ ਹਾਸਲ ਕਰਨ ਵਿਚ ਕਾਮਯਾਬ ਰਿਹਾ। ਅਸੀਂ ਭਾਜਪਾ ਨੂੰ ਇਸ ਗੱਲ ਲਈ ਪ੍ਰੌੜ੍ਹ ਅਤੇ ਸਿਆਣੀ ਪਾਰਟੀ ਸਮਝਦੇ ਹਾਂ ਕਿ ਉਸ ਨੇ ਸੂਬੇ ਵਿਚ ਕੌਮੀ ਜਮਹੂਰੀ ਗੱਠਜੋੜ ਵਿਚ ਆਪਣੀਆਂ ਨਿਤੀਸ਼ ਦੀ ਪਾਰਟੀ ਨਾਲੋਂ ਕਿਤੇ ਵੱਧ ਸੀਟਾਂ ਆਉਣ ਦੇ ਬਾਵਜੂਦ ਨਿਤੀਸ਼ ਨੂੰ ਦਿੱਤੇ ਆਪਣੇ ਇਸ ਵਚਨ ਦੀ ਪਾਲਣਾ ਕੀਤੀ ਹੈ ਕਿ ਚੋਣਾਂ ਵਿਚ ਜਿੱਤ ਤੋਂ ਬਾਅਦ ਨਿਤੀਸ਼ ਕੁਮਾਰ ਹੀ ਮੁੱਖ ਮੰਤਰੀ ਬਣਨਗੇ। ਭਾਜਪਾ ਨੇ ਆਪਣੇ ਇਸ ਵਾਅਦੇ ਨੂੰ ਪੁਗਾਇਆ। ਚਾਹੇ ਆਉਂਦੇ ਸਮੇਂ ਵਿਚ ਬਿਹਾਰ ਦੀ ਸਿਆਸਤ ਵਿਚ ਭਾਜਪਾ ਦਾ ਦਖ਼ਲ ਜ਼ਰੂਰ ਵਧੇਗਾ। ਆਪਣੇ ਵਿਧਾਇਕਾਂ ਨੂੰ ਸੰਤੁਸ਼ਟ ਕਰਨ ਲਈ ਬਿਹਾਰ ਵਿਚ ਉਸ ਵਲੋਂ ਉਪ-ਮੁੱਖ ਮੰਤਰੀ ਬਣਾਏ ਗਏ ਹਨ। ਉਪਜੀ ਸਥਿਤੀ ਤੋਂ ਇਹ ਅਹਿਸਾਸ ਹੋਣਾ ਕੁਦਰਤੀ ਹੈ ਕਿ ਨਿਤੀਸ਼ ਕੁਮਾਰ ਦਾ ਪ੍ਰਸ਼ਾਸਨ ਵਿਚ ਘੇਰਾ ਸੀਮਤ ਜ਼ਰੂਰ ਹੋ ਜਾਏਗਾ। ਨਿਤੀਸ਼ ਕੁਮਾਰ ਦਾ ਉਭਾਰ ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੀ ਨੌਕਰੀ ਛੱਡ ਕੇ ਸਿਆਸਤ ਵਿਚ ਦਾਖ਼ਲਾ ਲਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਸੰਘਰਸ਼ ਲਗਾਤਾਰ ਜਾਰੀ ਰਿਹਾ। ਚਾਹੇ ਉਨ੍ਹਾਂ ਨੇ ਖੁੱਲ੍ਹੇ ਰੂਪ ਵਿਚ ਸਿਧਾਂਤਾਂ ਦੇ ਆਧਾਰ ‘ਤੇ ਰਾਜਨੀਤੀ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਗੋਧਰਾ ਕਾਂਡ ਸਮੇਂ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਦੀ ਸਖ਼ਤ ਆਲੋਚਨਾ ਵੀ ਕੀਤੀ ਸੀ ਪਰ ਬਾਅਦ ਵਿਚ ਸਿਆਸੀ ਉਤਰਾਅ-ਚੜ੍ਹਾਅ ਕਾਰਨ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਹੀ ਸਾਥੀ ਬਣਨਾ ਪਿਆ। ਬਿਹਾਰ ਵਿਚ ਆਪਣੇ ਵਿਧਾਇਕਾਂ ਦੀ ਬਹੁਗਿਣਤੀ ਕਰਕੇ ਅਤੇ ਭਾਜਪਾ ਦੇ ਵਿਧਾਇਕਾਂ ਦੀ ਘੱਟ ਗਿਣਤੀ ਹੋਣ ਕਾਰਨ ਉਹ ਵੱਡੀ ਧਿਰ ਵਜੋਂ ਵਿਚਰਦੇ ਰਹੇ। ਹਾਲਾਂਕਿ ਹੁਣ ਚੋਣ ਗਿਣਤੀਆਂ ਨੇ ਉਨ੍ਹਾਂ ਨੂੰ ਛੋਟੀ ਧਿਰ ਵਿਚ ਬਦਲ ਦਿੱਤਾ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …