ਨਵੀਂ ਕਿਤਾਬ ‘ਚ ਕੀਤਾ ਖ਼ੁਲਾਸਾ; ‘ਲੱਖਾਂ ਲੋਕ ਗੰਦਗੀ ‘ਚ ਰਹਿਣ ਲਈ ਮਜਬੂਰ ਪਰ ਵੱਡੇ ਕਾਰੋਬਾਰੀ ਸ਼ਾਹੀ ਜੀਵਨ ਬਿਤਾ ਰਹੇ’
ਨਿਊਯਾਰਕ/ਬਿਊਰੋ ਨਿਊਜ਼ : ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਵਿੱਚ ਇਕ ਤਰ੍ਹਾਂ ਨਾਲ ਪੱਛਮ ਦੀ ਭਾਰਤ ਬਾਰੇ ਬਣੀ ਉਸ ਧਾਰਨਾ ਦੀ ਹੀ ਵਿਆਪਕ ਤਸਵੀਰ ਪੇਸ਼ ਕੀਤੀ ਗਈ ਹੈ ਜਿਸ ਮੁਤਾਬਕ ਇਥੇ ਹਿੰਸਾ ਅਤੇ ਸਿਆਸਤ; ਧਰਮ, ਜਾਤ-ਪਾਤ ਤੇ ਪਰਿਵਾਰਵਾਦ ਦੁਆਲੇ ਘੁੰਮਦੀ ਹੈ। ਉਨ੍ਹਾਂ ਲਿਖਿਆ ਹੈ ਕਿ ਲੱਖਾਂ ਲੋਕ ਗੰਦਗੀ ਅਤੇ ਝੁੱਗੀ-ਝੌਂਪੜੀਆਂ ‘ਚ ਰਹਿੰਦੇ ਹਨ ਜਦਕਿ ਵੱਡੇ ਕਾਰੋਬਾਰੀ ਰਾਜਿਆਂ ਤੇ ਮੁਗਲਾਂ ਵਰਗਾ ਆਲੀਸ਼ਾਨ ਜੀਵਨ ਬਤੀਤ ਕਰ ਰਹੇ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਉਨ੍ਹਾਂ ਕਿਹਾ ਹੈ ਕਿ ਉਹ ਸਭ ਤੋਂ ਤਾਕਤਵਰ ਸਿਆਸਤਦਾਨ ਬਣ ਕੇ ਉਭਰੀ ਜਿਸ ਨੇ ਘੱਟ ਗਿਣਤੀ ਫਿਰਕੇ ਦੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ। ਉਨ੍ਹਾਂ ਮੁਤਾਬਕ ਪਾਕਿਸਤਾਨ ਪ੍ਰਤੀ ਹਮਲਾਵਰ ਰੁਖ ਅਪਣਾ ਕੇ ਭਾਰਤ ਅੰਦਰ ਤੇਜ਼ੀ ਨਾਲ ਕੌਮੀ ਏਕਤਾ ਪੈਦਾ ਕੀਤੇ ਜਾਣ ਦੇ ਯਤਨ ਕੀਤੇ ਜਾਂਦੇ ਹਨ। ‘ਬਹੁਤੇ ਭਾਰਤੀ ਇਸ ਗੱਲ ‘ਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮੁਲਕ ਨੇ ਪਾਕਿਸਤਾਨ ਨਾਲ ਟਾਕਰੇ ਲਈ ਪਰਮਾਣੂ ਹਥਿਆਰ ਵਿਕਸਤ ਕੀਤੇ ਹਨ ਪਰ ਉਹ ਇਸ ਤੱਥ ਤੋਂ ਨਾਵਾਕਫ ਹਨ ਕਿ ਇਕ ਗਲਤੀ ਨਾਲ ਖਿੱਤੇ ਦਾ ਵਜੂਦ ਖ਼ਤਮ ਹੋਣ ਦਾ ਖ਼ਤਰਾ ਖੜ੍ਹਾ ਹੋ ਸਕਦਾ ਹੈ।’
ਊਨ੍ਹਾਂ ਕਿਤਾਬ ਅੰਦਰ ਆਧੁਨਿਕ ਭਾਰਤ ਦੀ ਸਫ਼ਲ ਕਹਾਣੀ, ਸਰਕਾਰਾਂ ‘ਚ ਵਾਰ-ਵਾਰ ਤਬਦੀਲੀ, ਸਿਆਸੀ ਪਾਰਟੀਆਂ ਅੰਦਰ ਕੁੜੱਤਣ, ਹਥਿਆਰਬੰਦ ਵੱਖਵਾਦੀ ਮੁਹਿੰਮਾਂ ਅਤੇ ਘੁਟਾਲਿਆਂ ਨੂੰ ਵੀ ਥਾਂ ਦਿੱਤੀ ਹੈ। ਉਨ੍ਹਾਂ ਲਿਖਿਆ ਕਿ 1990ਵਿਆਂ ‘ਚ ਮੰਡੀ ਆਧਾਰਿਤ ਅਰਥਚਾਰੇ ਵੱਲ ਧਿਆਨ ਕੇਂਦਰਤ ਕਰਨ ਨਾਲ ਕਈ ਭਾਰਤੀ ਕਾਰੋਬਾਰੀ ਉਭਰੇ ਜਿਸ ਨਾਲ ਵਿਕਾਸ ਦਰ ‘ਚ ਵਾਧਾ ਹੋਇਆ। ਅਰਥਚਾਰੇ ‘ਚ ਹੁਲਾਰੇ ਨਾਲ ਮੱਧ ਵਰਗ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਅਤੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਰਥਿਕ ਸੁਧਾਰਾਂ ਨੇ ਲੱਖਾਂ ਲੋਕਾਂ ਨੂੰ ਗਰੀਬੀ ‘ਚੋਂ ਕੱਢਿਆ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਓਬਾਮਾ ਨੇ ਲਿਖਿਆ ਹੈ ਕਿ ਕਈ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੋਨੀਆ ਗਾਂਧੀ ਨੇ ਬਜ਼ੁਰਗ ਸਿੱਖ ਵਿਅਕਤੀ ਨੂੰ ਇਸ ਲਈ ਪ੍ਰਧਾਨ ਮੰਤਰੀ ਬਣਾਇਆ ਕਿਉਂਕਿ ਉਨ੍ਹਾਂ ਦਾ ਕੋਈ ਸਿਆਸੀ ਆਧਾਰ ਨਹੀਂ ਸੀ ਅਤੇ ਉਹ ਰਾਹੁਲ ਗਾਂਧੀ ਲਈ ਕੋਈ ਖ਼ਤਰਾ ਨਹੀਂ ਖੜ੍ਹਾ ਕਰ ਸਕਦੇ ਸਨ ਜਿਸ ਨੂੰ ਕਾਂਗਰਸ ਪਾਰਟੀ ਦੀ ਕਮਾਨ ਸੌਂਪਣ ਲਈ ਤਿਆਰ ਕੀਤਾ ਜਾ ਰਿਹਾ ਹੈ। ਉਹ ਮਨਮੋਹਨ ਸਿੰਘ ਤੋਂ ਪ੍ਰਭਾਵਿਤ ਦਿਖੇ ਜਿਨ੍ਹਾਂ ਨੂੰ ਉਨ੍ਹਾਂ ਅਕਲਮੰਦ, ਸੂਝਵਾਨ ਅਤੇ ਹੱਦ ਤੋਂ ਵੱਧ ਇਮਾਨਦਾਰ ਗਰਦਾਨਿਆ। ‘ਸਫ਼ੈਦ ਦਾਹੜੀ ਅਤੇ ਦਸਤਾਰ ਸਜਾਉਣ ਵਾਲਾ ਬੇਹਿਸਾਬ ਅਕਲਮੰਦ ਅਤੇ ਸ਼ਾਲੀਨ ਵਿਅਕਤੀ ਪੱਛਮ ਦੀ ਨਜ਼ਰ ‘ਚ ਪਵਿੱਤਰ ਵਿਅਕਤੀ ਹੈ।’ ਓਬਾਮਾ ਨੇ 2010 ‘ਚ ਜਦੋਂ ਰਾਤ ਦੇ ਭੋਜਨ ਸਮੇਂ ਇਕੱਲਿਆਂ ਗੱਲਬਾਤ ਕੀਤੀ ਸੀ ਤਾਂ ਮਨਮੋਹਨ ਸਿੰਘ ਨੇ ਭਾਜਪਾ ਦੇ ਉਭਾਰ ਦਾ ਖ਼ਦਸ਼ਾ ਜਤਾਇਆ ਸੀ ਅਤੇ ਓਬਾਮਾ ਨੇ ਲਿਖਿਆ ਹੈ ਕਿ ਉਹ ਵੀ ਹੈਰਾਨ ਸਨ ਕਿ ਜਦੋਂ ਮਨਮੋਹਨ ਸਿੰਘ ਅਹੁਦੇ ਤੋਂ ਲਾਂਭੇ ਹੋਣਗੇ ਤਾਂ ਮੁਲਕ ਦਾ ਕੀ ਬਣੇਗਾ। ਸੋਨੀਆ ਗਾਂਧੀ ਬਾਰੇ ਉਨ੍ਹਾਂ ਲਿਖਿਆ ਹੈ ਕਿ ਰਵਾਇਤੀ ਸਾੜੀ ‘ਚ ਸੱਜੀ-ਫੱਬੀ ਊਹ ਰਾਜਸੀ ਹਸਤੀ ਦਾ ਅਹਿਸਾਸ ਕਰਵਾ ਰਹੀ ਸੀ। ਡਿਨਰ ਦੌਰਾਨ ਸੋਨੀਆ ਨੀਤੀਗਤ ਮਾਮਲਿਆਂ ‘ਤੇ ਮਨਮੋਹਨ ਸਿੰਘ ਤੋਂ ਉਲਟ ਵਿਚਾਰ ਪ੍ਰਗਟਾ ਰਹੀ ਸੀ ਪਰ ਉਸ ਨੇ ਸਾਰੀ ਗੱਲਬਾਤ ਆਪਣੇ ਪੁੱਤਰ ਵੱਲ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ।
ਰਾਹੁਲ ਬਾਰੇ ਓਬਾਮਾ ਨੇ ਕਿਹਾ ਕਿ ਉਸ ਨੇ ਅਗਾਂਹਵਧੂ ਸਿਆਸਤ ਬਾਰੇ ਗੱਲਬਾਤ ਕੀਤੀ ਅਤੇ ਕਈ ਵਾਰ 2008 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵੇਰਵਿਆਂ ਬਾਰੇ ਪੜਤਾਲ ਕੀਤੀ ਪਰ ਉਹ ਥੋੜ੍ਹਾ ਘਬਾਇਆ ਅਤੇ ਅਯੋਗ ਨਜ਼ਰ ਆਇਆ ਜਿਸ ‘ਚ ਜਨੂੰਨ ਦੀ ਕਮੀ ਸੀ। ਓਬਾਮਾ ਨੇ ਕਾਲਜ ‘ਚ ਭਾਰਤੀ ਅਤੇ ਪਾਕਿਸਤਾਨੀ ਦੋਸਤਾਂ ਦਾ ਜ਼ਿਕਰ ਵੀ ਕੀਤਾ ਹੈ ਜਿਨ੍ਹਾਂ ਉਸ ਨੂੰ ਦਾਲ ਅਤੇ ਕੀਮਾ ਬਣਾਉਣਾ ਸਿਖਾਇਆ ਅਤੇ ਬੌਲੀਵੁੱਡ ਫਿਲਮਾਂ ਦਿਖਾਈਆਂ। ਉਨ੍ਹਾਂ ਇੰਡੋਨੇਸ਼ੀਆ ‘ਚ ਰਹਿੰਦਿਆਂ ਮਹਾਭਾਰਤ ਅਤੇ ਰਮਾਇਣ ਸੁਣਨ ਦਾ ਜ਼ਿਕਰ ਵੀ ਕੀਤਾ ਹੈ।
ਅਮਰੀਕਾ ਵਿਚ ਸਿੱਖਾਂ ਖ਼ਿਲਾਫ਼ ਨਫਰਤੀ ਅਪਰਾਧ ਘਟੇ
ਐੱਫ ਬੀ ਆਈ ਦੀ ਰਿਪੋਰਟ ਤੋਂ ਹੋਇਆ ਖੁਲਾਸਾ
ਵਾਸ਼ਿੰਗਟਨ : ਅਮਰੀਕਾ ਵਿਚ ਸਿੱਖਾਂ ਦੇ ਹਿੱਤਾਂ ਲਈ ਕੰਮ ਕਰਦੀ ਇਕ ਸੰਸਥਾ ਨੇ ਐੱਫਬੀਆਈ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਪਿਛਲੇ ਸਾਲ ਅਮਰੀਕਾ ਵਿੱਚ ਸਿੱਖਾਂ ਪ੍ਰਤੀ ਹੋਣ ਵਾਲੇ ਨਫ਼ਰਤੀ ਅਪਰਾਧਾਂ ਵਿੱਚ ਕੁਝ ਨਿਘਾਰ ਆਇਆ ਹੈ। ਐੱਫਬੀਆਈ ਦੀ ਇਹ ਰਿਪੋਰਟ ਦਰਸਾਉਂਦੀ ਹੈ ਕਿ ਸਾਲ 1991 ਤੋਂ ਬਾਅਦ 2019 ਵਿੱਚ ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਦੀ ਗਿਣਤੀ ਸਭ ਤੋਂ ਘੱਟ ਰਹੀ ਹੈ। ਸਾਊਥ ਏਸ਼ੀਅਨ ਅਮਰੀਕਨਜ਼ ਲੀਡਿੰਗ ਟੂਗੈਦਰ (ਸਾਲਟ) ਨਾਂ ਦੀ ਸੰਸਥਾ ਨੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਸਾਲ 2019 ਵਿੱਚ ਅਮਰੀਕਾ ਵਿਚ ਸਿੱਖਾਂ ਪ੍ਰਤੀ ਅਪਰਾਧਾਂ ਵਿਚ ਕੁਝ ਨਿਘਾਰ ਦੇਖਿਆ ਗਿਆ ਹੈ ਜਦੋਂ ਕਿ ਸਾਲ 2018 ਵਿੱਚ ਇਨ੍ਹਾਂ ਅਪਰਾਧਾਂ ਵਿੱਚ 200 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਸੀ।
Check Also
ਰੂਸ ਗੱਲਬਾਤ ਲਈ ਤਿਆਰ ਨਾ ਹੋਇਆ ਤਾਂ ਲਗਾਵਾਂਗੇ ਪਾਬੰਦੀਆਂ : ਟਰੰਪ
ਯੂਕਰੇਨ ਜੰਗ ’ਤੇ ਟਰੰਪ ਦੀ ਪੂਤਿਨ ਨੂੰ ਚਿਤਾਵਨੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …