ਸਾਬਕਾ ਪ੍ਰਧਾਨ ਮੰਤਰੀ ‘ਤੇ ਸਮਾਜ ‘ਚ ਜ਼ਹਿਰ ਘੋਲਣ ਤੇ ਦੇਸ਼ ਦੀ ਆਰਥਿਕਤਾ ਤਬਾਹ ਕਰਨ ਦਾ ਲਗਾਇਆ ਆਰੋਪ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖਾਨ ‘ਤੇ ਦੇਸ਼ ਦੀ ਆਰਥਿਕਤਾ ਤਬਾਹ ਕਰਨ ਦਾ ਆਰੋਪ ਲਾਇਆ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਨੂੰ ‘ਧਰਤੀ ਉੱਤੇ ਸਭ ਤੋਂ ਝੂਠਾ ਵਿਅਕਤੀ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ‘ਵੋਟਰਾਂ ਦਾ ਧਰੁਵੀਕਰਨ’ ਕਰਨ ਲਈ ਸਮਾਜ ਵਿੱਚ ਜ਼ਹਿਰ ਘੋਲਿਆ ਹੈ। ਪਾਕਿਸਤਾਨ ਦੇ ‘ਦਿ ਗਾਰਡੀਅਨ’ ਅਖਬਾਰ ਨਾਲ ਇੱਕ ਇੰਟਰਵਿਊ ਵਿੱਚ ਸ਼ਰੀਫ ਨੇ ਕਿਹਾ ਕਿ 2018 ਤੋਂ ਇਸ ਸਾਲ ਅਪਰੈਲ ਤੱਕ ਸੱਤਾ ਵਿੱਚ ਰਹਿਣ ਵਾਲੇ ਇਮਰਾਨ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਪਾਕਿਸਤਾਨ ਇਸ ਸਮੇਂ ਵੱਡੇ ਆਰਥਿਕ ਸੰਕਟ ‘ਚੋਂ ਗੁਜ਼ਰ ਰਿਹਾ ਹੈ। ਇਸ ਦੇ ਨਾਲ ਹੀ ਹੜ੍ਹਾਂ ਨੇ ਵੀ ਮੁਲਕ ਦਾ ਕਾਫੀ ਨੁਕਸਾਨ ਕੀਤਾ ਹੈ। ਸ਼ਰੀਫ ਨੇ ਇਮਰਾਨ ਨੂੰ ‘ਝੂਠਾ ਤੇ ਧੋਖੇਬਾਜ਼’ ਕਿਹਾ ਹੈ, ਜਿਸ ਦੀਆਂ ਨੀਤੀਆਂ ਨੇ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਆਰੋਪ ਲਾਇਆ ਕਿ ਇਮਰਾਨ ਨੇ ਦੇਸ਼ ਦੇ ਮਾਮਲਿਆਂ ਨੂੰ ਆਪਣੇ ਨਿੱਜੀ ਏਜੰਡੇ ਅਨੁਸਾਰ ਇਸ ਤਰ੍ਹਾਂ ਚਲਾਇਆ ਕਿ ਉਨ੍ਹਾਂ ਦਾ ਜ਼ਿਕਰ ਇਤਿਹਾਸ ਦੇ ਸਭ ਤੋਂ ਘੱਟ ਤਜਰਬੇ ਵਾਲੇ, ਹੰਕਾਰੀ ਅਤੇ ਸਵੈ-ਕੇਂਦਰਿਤ ਸਿਆਸਤਦਾਨ ਵਜੋਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੀਕ ਹੋਈ ਆਡੀਓ ਕਲਿੱਪ ਇਸ ਗੱਲ ਦਾ ਸਬੂਤ ਹੈ ਕਿ ਉਹ (ਖਾਨ) ਦੁਨੀਆ ਦਾ ਸਭ ਤੋਂ ਵੱਡਾ ਝੂਠਾ ਹੈ। ਮੈਂ ਇਹ ਖੁਸ਼ੀ ਨਾਲ ਨਹੀਂ ਸਗੋਂ ਸ਼ਰਮ ਅਤੇ ਚਿੰਤਾ ਨਾਲ ਕਹਿ ਰਿਹਾ ਹਾਂ। ਉਨ੍ਹਾਂ ਕਿਹਾ, ”ਨਿੱਜੀ ਹਿੱਤਾਂ ਲਈ ਬੋਲੇ ਗਏ ਇਨ੍ਹਾਂ ਝੂਠਾਂ ਨਾਲ ਮੇਰੇ ਦੇਸ਼ ਦੇ ਅਕਸ ਨੂੰ ਵੱਡੀ ਢਾਹ ਲੱਗੀ ਹੈ।”
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …