ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ ਵੀ ਕੀਤਾ ਸਨਮਾਨ
ਵੈਨਕੂਵਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਢਾਹਾਂ ਤੋਂ ਦਹਾਕੇ ਪਹਿਲਾਂ ਕੈਨੇਡਾ ਆ ਕੇ ਵਸੇ ਢਾਹਾਂ ਪਰਿਵਾਰ ਵੱਲੋਂ ਸ਼ੁਰੂ ਕੀਤੇ ਢਾਹਾਂ ਪੰਜਾਬੀ ਸਹਿਤ ਇਨਾਮਾਂ ਦੀ ਲੜੀ ਹੇਠ ਉੱਤਮ ਕਿਤਾਬਾਂ ਦੇ ਲਿਖਾਰੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਇਨਾਮ ਵੰਡੇ ਗਏ।
25 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਪੰਜਾਬੀ ਲੇਖਕ ਤੇ ਪੰਜਾਬ ਰੋਡਵੇਜ਼ ਤੋਂ ਸੇਵਾਮੁਕਤ ਹੋਏ ਜਲੰਧਰ ਦੇ ਰਹਿਣ ਵਾਲੇ ਜਿੰਦਰ ਨੂੰ ਉਸਦੀ ਕਿਤਾਬ ‘ਸੇਫਟੀ ਕਿੱਟ’ ਲਈ ਦਿੱਤਾ ਗਿਆ। ਇਸੇ ਤਰ੍ਹਾਂ ਜੰਮੂ ਦੀ ਰਹਿਣ ਵਾਲੀ ਸੁਰਿੰਦਰ ਨੀਰ ਨੂੰ ਕਿਤਾਬ ‘ਟੈਬੂ’ ਲਈ ਅਤੇ ਸ਼ਹਿਜ਼ਾਦ ਅਸਲਮ ਨੂੰ ਸ਼ਾਹਮੁਖੀ ‘ਚ ਲਿਖੀ ਕਿਤਾਬ ‘ਜੰਗਲ ਦੇ ਰਾਖੇ’ ਲਈ 10-10 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਬਰਜ ਢਾਹਾਂ ਨੇ ਕਿਹਾ ਕਿ ਇਸ ਵਾਰ ਦੀਆਂ ਜੇਤੂ ਕਿਤਾਬਾਂ ਦਾ ਪੰਜਾਬੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਵਾਲੇ ਨੂੰ 6 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਸ ਦੌਰਾਨ ਜਿੰਦਰ ਨੇ ਕਿਹਾ ਕਿ ਉਸ ਨੇ ਇਸ ਵੱਕਾਰੀ ਪੁਸਰਕਾਰ ਬਾਰੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਸੀ। ਇਹ ਪੁਰਸਕਾਰ ਮਿਲਣ ਤੋਂ ਬਾਅਦ ਉਸ ‘ਤੇ ਹੋਰ ਚੰਗਾ ਲਿਖਣ ਦੀ ਜ਼ਿੰਮੇਵਾਰੀ ਆ ਪਈ ਹੈ। ਸੁਰਿੰਦਰ ਨੀਰ ਨੇ ਕਿਹਾ ਕਿ ਆਖਰੀ ਤਿੰਨਾਂ ਲੇਖਕਾਂ ਦੀ ਸੂਚੀ ਵਿੱਚ ਆਉਣ ਦੀ ਖੁਸ਼ੀ ਉਸ ਕੋਲੋਂ ਸਾਂਭੀ ਨਹੀਂ ਜਾ ਰਹੀ ਹੈ।
ਸ਼ਹਿਜ਼ਾਦ ਅਸਲਮ ਨੇ ਕਿਹਾ ਕਿ ਉਸ ਦਾ ਲਿਖਣ ਦਾ ਜਨੂੰਨ ਹੁਣ ਜੋਸ਼ ਵਿੱਚ ਬਦਲ ਗਿਆ ਹੈ।
ਇਸ ਮੌਕੇ ਬੀਸੀ ਵਿਧਾਨ ਸਭਾ ਦੇ ਮੈਂਬਰ ਤੇ ਸਾਬਕਾ ਸਪੀਕਰ ਰਾਜ ਚੌਹਾਨ ਨੇ ਕਿਹਾ ਕਿ ਢਾਹਾਂ ਪਰਿਵਾਰ ਦੀ ਇਸੇ ਕੋਸ਼ਿਸ਼ ਤੋਂ ਸੇਧ ਲੈ ਕੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਹਰ ਸਾਲ ਪੰਜਾਬੀ ਸਾਹਿਤ ਹਫ਼ਤਾ ਮਨਾਇਆ ਜਾਂਦਾ ਹੈ।