21 ਸਾਲ ਪਹਿਲਾਂ ਜਾਰਜ ਬੁਸ਼ ਨੇ ਕੀਤੀ ਸੀ ਸ਼ੁਰੂਆਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸੋਮਵਾਰ ਰਾਤ ਨੂੰ ਵਾਈਟ ਹਾਊਸ ਵਿਚ ਦੀਵਾਲੀ ਮਨਾਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਮਾਗਮ ਵਿਚ 600 ਤੋਂ ਜ਼ਿਆਦਾ ਭਾਰਤੀ-ਅਮਰੀਕੀ ਸ਼ਾਮਲ ਹੋਏ। ਬਾਈਡਨ ਨੇ ਇਸ ਮੌਕੇ ਭਾਰਤੀ-ਅਮਰੀਕੀ ਸੰਸਦ ਮੈਂਬਰਾਂ, ਅਧਿਕਾਰੀਆਂ ਅਤੇ ਬਿਜਨਸ ਨਾਲ ਜੁੜੀਆਂ ਹਸਤੀਆਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਵਾਈਟ ਹਾਊਸ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਦੀਵਾਲੀ ਸਮਾਗਮ ਦੀ ਮੇਜ਼ਬਾਨੀ ਕਰਨਾ ਉਨ੍ਹਾਂ ਦੇ ਲਈ ਮਾਣ ਵਾਲੀ ਗੱਲ ਹੈ। ਜੋਅ ਬਾਈਡਨ ਨੇ ਕਿਹਾ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਸੀਨੇਟਰ ਰਹਿਣ ਦੇ ਦੌਰਾਨ ਉਨ੍ਹਾਂ ਨੇ ਕਈ ਭਾਰਤੀ-ਅਮਰੀਕੀ ਵਿਅਕਤੀਆਂ ਦੇ ਨਾਲ ਕੰਮ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਹੁਣ ਵਾਈਟ ਹਾਊਸ ਵਿਚ ਦੀਵਾਲੀ ਬੜੇ ਮਾਣ ਨਾਲ ਮਨਾਈ ਜਾਂਦੀ ਹੈ। ਇਸੇ ਦੌਰਾਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਫਸਟ ਲੇਡੀ ਜਿਲ ਬਾਈਡਨ ਇਸ ਦੀਵਾਲੀ ਨਾਲ ਸਬੰਧਤ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ, ਕਿਉਂਕਿ ਉਹ ਚੋਣਾਂ ਦੀ ਕੰਪੇਨ ਵਿਚ ਰੁੱਝੇ ਹੋਏ ਹਨ। ਜ਼ਿਕਰਯੋਗ ਹੈ ਕਿ ਵਾਈਟ ਹਾਊਸ ਵਿਚ ਦੀਵਾਲੀ ਮਨਾਉਣ ਦੀ ਸ਼ੁਰੂਆਤ 21 ਸਾਲ ਪਹਿਲਾਂ ਉਸ ਸਮੇਂ ਦੇ ਰਾਸ਼ਟਰਪਤੀ ਜਾਰਜ ਬੁਸ਼ ਨੇ ਕੀਤੀ ਸੀ।