ਵਾਸ਼ਿੰਗਟਨ : ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੋਵਿਡ-19 ਦੇ ਸੰਕਟ ਕਾਰਨ ਯੂਨੀਵਰਸਿਟੀਆਂ ਅਚਾਨਕ ਬੰਦ ਕੀਤੇ ਜਾਣ ਤੇ ਜਾਰੀ ਲੌਕਡਾਊਨ ਕਾਰਨ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਿੱਥੇ ਹਨ, ਉੱਥੇ ਹੀ ਟਿਕੇ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਸੰਕਟ ਦੀ ਇਸ ਸਥਿਤੀ ‘ਚ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ। ਸ੍ਰੀ ਸੰਧੂ ਨੇ ਭਾਰਤੀ ਦੂਤਾਵਾਸ ਵੱਲੋਂ ਬੀਤੇ ਦਿਨ ਕਰਵਾਏ ਗਏ ਇੰਸਟਾਗ੍ਰਾਮ ਦੇ ਲਾਈਵ ਸੈਸ਼ਨ ‘ਚ ਸ਼ਾਮਲ ਕਰੀਬ 500 ਵਿਦਿਆਰਥੀਆਂ ਨੂੰ ਸੁਣਿਆ। ਇਹ ਸੈਸ਼ਨ ਇੰਡੀਆ ਸਟੂਡੈਂਟ ਹੱਬ ਟੀਮ ਵੱਲੋਂ ਕਰਵਾਇਆ ਗਿਆ ਸੀ। ਅਮਰੀਕਾ ‘ਚ ਕਰੀਬ 2.50 ਲੱਖ ਭਾਰਤੀ ਵਿਦਿਆਰਥੀ ਹਨ ਜਿਨ੍ਹਾਂ ‘ਚੋਂ ਵੱਡੀ ਗਿਣਤੀ ਵਿਦਿਆਰਥੀ ਅਚਾਨਕ ਯੂਨੀਵਰਸਿਟੀਆਂ ਬੰਦ ਕੀਤੇ ਜਾਣ ਅਤੇ ਹੋਸਟਲ ਖਾਲੀ ਕਰਨ ਲਈ ਕਹੇ ਜਾਣ ਤੋਂ ਬਾਅਦ ਫਸੇ ਹੋਏ ਹਨ। ਦੇਸ਼ ‘ਚ ਮਹਾਮਾਰੀ ਫੈਲਣ ਤੋਂ ਰੋਕਣ ਲਈ ਅਧਿਕਾਰੀਆਂ ਵੱਲੋਂ ਘਰਾਂ ਅੰਦਰ ਰਹਿਣ ਸਬੰਧੀ ਹੁਕਮਾਂ ਦਾ ਉਨ੍ਹਾਂ ਨੂੰ ਵੀ ਪਾਲਣ ਕਰਨਾ ਪੈ ਰਿਹਾ ਹੈ। ਸ੍ਰੀ ਸੰਧੂ ਨੇ ਕਿਹਾ, ‘ਇਸ ਸਮੇਂ ਸਭ ਤੋਂ ਸਹੀ ਇਹ ਹੈ ਕਿ ਤੁਸੀਂ ਜਿੱਥੇ ਹੋ ਉੱਥੇ ਹੀ ਟਿਕੇ ਰਹੋ। ਅਸੀਂ ਤੁਹਾਡੇ ਸੰਪਰਕ ‘ਚ ਹਾਂ ਤੇ ਤੁਹਾਡੀ ਮਦਦ ਕਰਾਂਗੇ।’ ਉਨ੍ਹਾਂ ਬਾਅਦ ਵਿੱਚ ਟਵੀਟ ਕੀਤਾ, ‘ਇੰਸਟਾਗ੍ਰਾਮ ਲਾਈਵ ‘ਤੇ ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਹੋਈ। ਨੌਜਵਾਨ ਵਿਦਿਆਰਥੀ ਸਾਡਾ ਭਵਿੱਖ ਹਨ ਅਤੇ ਅਸੀਂ ਉਨ੍ਹਾਂ ਤੋਂ ਨਵੇਂ ਵਿਚਾਰਾਂ ਦੀ ਉਮੀਦ ਰੱਖਦੇ ਹਾਂ।’
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …