ਪਾਕਿਸਤਾਨ ਦੀ ਨੌਜਵਾਨ ਲੜਕੀ ਜਾਵੇਰਿਆ ਖਾਨਮ ਵਿਆਹ ਕਰਵਾਉਣ ਲਈ ਭਾਰਤ ਪੁੱਜੀ
ਅਟਾਰੀ ਸਰਹੱਦ ’ਤੇ ਉਸ ਦੇ ਹੋਣ ਵਾਲੇ ਪਤੀ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ
ਅਟਾਰੀ/ਬਿਊਰੋ ਨਿਊਜ਼ :
ਭਾਰਤ ਸਰਕਾਰ ਨੇ ਕਰਾਚੀ ਦੀ ਰਹਿਣ ਵਾਲੀ 21 ਸਾਲਾ ਨੌਜਵਾਨ ਲੜਕੀ ਜਾਵੇਰਿਆ ਖ਼ਾਨਮ ਪੁੱਤਰੀ ਅਜ਼ਮਤ ਇਸਮਾਈਲ ਖ਼ਾਂ ਨੂੰ ਵਿਆਹ ਕਰਵਾਉਣ ਲਈ 45 ਦਿਨਾਂ ਦਾ ਵੀਜ਼ਾ ਦੇ ਦਿੱਤਾ। ਜਿਸ ਤੋਂ ਬਾਅਦ ਇਹ ਪਾਕਿਸਤਾਨੀ ਨੌਜਵਾਨ ਲੜਕੀ ਵਿਆਹ ਕਰਵਾਉਣ ਲਈ ਅਟਾਰੀ ਸਰਹੱਦ ਰਸਤੇ ਅੱਜ ਭਾਰਤ ਪੁੱਜ ਗਈ ਹੈ। ਵਾਹਗਾ ਸਰਹੱਦ ਰਾਹੀਂ ਭਾਰਤ ’ਚ ਦਾਖ਼ਲ ਹੁੰਦਿਆਂ ਹੀ ਉਸ ਦੇ ਹੋਣ ਵਾਲੇ ਪਤੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸਦਾ ਨਿੱਘਾ ਸਵਾਗਤ ਕੀਤਾ ਗਿਆ। ਧਿਆਨ ਰਹੇ ਕਿ ਪਾਕਿਸਤਾਨੀ ਲੜਕੀ ਨੂੰ ਅਟਾਰੀ ਸਰਹੱਦ ਤੋਂ ਲੈਣ ਲਈ ਉਸ ਦਾ ਹੋਣ ਵਾਲਾ ਪਤੀ ਸਮੀਰ ਖ਼ਾਂ ਅਤੇ ਉਸ ਦੇ ਪਿਤਾ ਯੂਸੁਫ਼ਜ਼ਈ ਇਥੇ ਪੁੱਜੇ ਸਨ। ਲੜਕੇ ਦੇ ਪਿਤਾ ਨੇ ਦੱਸਿਆ ਕਿ ਕੁਝ ਦਿਨਾਂ ਵਿਚ ਹੀ ਸਮੀਰ ਅਤੇ ਜਾਵੇਰਿਆ ਖ਼ਾਨਮ ਦਾ ਵਿਆਹ ਹੋਵੇਗਾ, ਜਿਸ ਤੋਂ ਬਾਅਦ ਜਾਵੇਰਿਆ ਦਾ ਵੀਜ਼ਾ ਵਧਾਉਣ ਲਈ ਅਰਜ਼ੀ ਦਿੱਤੀ ਜਾਵੇਗੀ। ਸਮੀਰ ਖ਼ਾਂ ਨੇ ਦੱਸਿਆ ਕਿ ਉਸ ਦੀ ਮੰਗੇਤਰ ਨੂੰ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਦੋ ਵਾਰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰੰਤੂ ਮਕਬੂਲ ਅਹਿਮਦ ਨੇ ਉਨ੍ਹਾਂ ਦੀ ਇਸ ਮਾਮਲੇ ਵਿਚ ਕਾਫ਼ੀ ਮਦਦ ਕੀਤੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਸ ਦੀ ਮੰਗੇਤਰ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇ ਦਿੱਤਾ। ਉਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਾਵੇਰਿਆ ਖ਼ਾਨਮ ਨੂੰ ਵੀਜ਼ਾ ਦੇ ਕੇ ਦੋ ਪਰਿਵਾਰਾਂ ਨੂੰ ਆਪਸ ’ਚ ਮਿਲਾਉਣ ਵਿਚ ਮਦਦ ਕੀਤੀ ਹੈ।