ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ ਨੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਵਿਚ ਪੰਜ ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾਂ ਕਰਾਉਣ ‘ਤੇ ਸਖ਼ਤ ਸ਼ਰਤਾਂ ਰੱਖ ਦਿੱਤੀਆਂ ਹਨ। ਹੁਣ ਕੋਈ ਵੀ ਵਿਅਕਤੀ 30 ਦਸੰਬਰ ਤਕ ਇਕ ਵਾਰ ਹੀ ਪੁਰਾਣੇ ਨੋਟਾਂ ਵਿਚ ਪੰਜ ਹਜ਼ਾਰ ਤੋਂ ਵੱਧ ਦੀ ਨਕਦੀ ਜਮ੍ਹਾਂ ਕਰਵਾ ਸਕੇਗਾ। ਬੈਂਕ ਅਧਿਕਾਰੀਆਂ ਨੂੰ ਕਾਰਨ ਦੱਸਣਾ ਪਏਗਾ ਕਿ ਹੁਣ ਤੱਕ ਪੁਰਾਣੇ ਨੋਟ ਜਮ੍ਹਾਂ ਕਿਉਂ ਨਹੀਂ ਕਰਵਾਏ ਗਏ ਸਨ। ਇਸ ਦੇ ਨਾਲ ਪੁਰਾਣੇ ਨੋਟ ਜਮ੍ਹਾਂ ਕਰਾਉਣ ਦੀ ਹੱਦ ਜੇਕਰ 5 ਹਜ਼ਾਰ ਰੁਪਏ ਤੋਂ ਟੱਪਦੀ ਹੈ ਤਾਂ ਉਹ ਵਿਅਕਤੀ ਵੀ ਇਸ ਦੇ ਘੇਰੇ ਵਿਚ ਆ ਜਾਣਗੇ। ਆਰਬੀਆਈ ਨੇ ਕਿਹਾ ਕਿ ਨਵੀਂ ਕਾਲਾ ਧਨ ਮੁਆਫ਼ੀ ਯੋਜਨਾ ਪੀਐਮਜੀਕੇਵਾਈ ਤਹਿਤ ਪੁਰਾਣੇ ਨੋਟ ਜਮ੍ਹਾਂ ਕਰਾਉਣ ਦੀ ਕੋਈ ਹੱਦ ਤੈਅ ਨਹੀਂ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ 2016 ਤਹਿਤ ਅਣ-ਐਲਾਨੀ ਨਕਦੀ ਨੂੰ ਖ਼ਾਤੇ ਵਿਚ ਜਮ੍ਹਾਂ ਕਰਾਉਣ ‘ਤੇ ਉਸ ਉਪਰ 50 ਫ਼ੀਸਦੀ ਟੈਕਸ ਲੱਗੇਗਾ ਅਤੇ 25 ਫ਼ੀਸਦੀ ਰਕਮ ਚਾਰ ਸਾਲਾਂ ਲਈ ਬਿਨਾਂ ਵਿਆਜ ‘ਤੇ ਜ਼ਬਤ ਰਹੇਗੀ। ਇਸ ਦੌਰਾਨ ਐਸਬੀਆਈ ਦੀ ਰਿਸਰਚ ਰਿਪੋਰਟ ‘ਈਕੋਰੈਪ’ ਵਿਚ ਦਾਅਵਾ ਕੀਤਾ ਗਿਆ ਹੈ ਕਿ ਨਕਦੀ ਦੀ ਘਾਟ ਅਗਲੇ ਦੋ ਮਹੀਨਿਆਂ ਤੱਕ ਦੂਰ ਹੋਏਗੀ। ਰਿਪੋਰਟ ਮੁਤਾਬਕ ਪੁਰਾਣੇ ਨੋਟਾਂ ਦੀ ਥਾਂ ‘ਤੇ 75 ਫ਼ੀਸਦੀ ਨਵੀਂ ਕਰੰਸੀ ਜਨਵਰੀ ਅਖੀਰ ਤੱਕ ਚਲਣ ਵਿਚ ਆਉਣ ਦੀ ਉਮੀਦ ਹੈ। ઠਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਗਲੇ ਦੋ ਮਹੀਨਿਆਂ ਵਿਚ ਹਾਲਾਤ ਬਿਲਕੁਲ ਸੁਧਰ ਜਾਣਗੇ। ਫਰਵਰੀ ਦੇ ਅਖੀਰ ਤਕ 78-88 ਫ਼ੀਸਦੀ ਕਰੰਸੀ ਚਲਣ ਵਿਚ ਆ ਸਕਦੀ ਹੈ। ਇਸ ‘ਚ ਦਾਅਵਾ ਕੀਤਾ ਗਿਆ ਹੈ ਕਿ ਖੇਤੀ ਪ੍ਰਧਾਨ ਸੂਬਿਆਂ ਪੰਜਾਬ, ਹਰਿਆਣਾ, ਯੂਪੀ, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ ਸਮੇਤ ਹੋਰ ਥਾਵਾਂ ‘ਤੇ ਇਸ ਵਕਫ਼ੇ ਦੌਰਾਨ ਨਕਦੀ ਦੀ ਕਮੀ ਨਾਲ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਸਬੀਆਈ ਰਿਸਰਚ ਦੀ ਰਿਪੋਰਟ ਮੁਤਾਬਕ ਨੋਟਬੰਦੀ ਤੋਂ ਬਾਅਦ ਛੋਟੀ ਕਰੰਸੀ ਦਾ ਚਲਣ 7 ਫ਼ੀਸਦੀ ਵੱਧ ਗਿਆ ਹੈ। ਖੇਤੀਬਾੜੀ ਸੈਕਟਰ ਨਕਦੀ ਪ੍ਰਤੀ ਸੰਜੀਦਾ ਹੈ ਅਤੇ ਇਹ ਖੇਤਰ ਇਲੈਕਟ੍ਰਾਨਿਕ ਸਾਧਨਾਂ ਵਲ ਹੌਲੀ-ਹੌਲੀ ਰੁਖ਼ ਕਰੇਗਾ। ਰਿਪੋਰਟ ਵਿਚ ਸਰਕਾਰ ਅਤੇ ਆਰਬੀਆਈ ਨੂੰ ਕਿਹਾ ਗਿਆ ਹੈ ਕਿ ਉਹ ਨਕਦੀ ਕਢਾਉਣ ਵੱਲ ਧਿਆਨ ਦੇਣ।
ਦੂਜਿਆਂ ਦੇ ਖਾਤਿਆਂ ‘ਚ ਪੈਸੇ ਜਮਾਂ ਕਰਵਾਉਣ ਵਾਲਿਆਂ ‘ਤੇ ਆਰਬੀਆਈ ਨੇ ਕੱਸਿਆ ਸ਼ਿਕੰਜਾ
ਨਵੀਂ ਦਿੱਲੀ : ਦੂਜਿਆਂ ਦੇ ਖਾਤੇ ਵਿੱਚ ਦੋ ਲੱਖ ਰੁਪਏ ਤੋਂ ਜ਼ਿਆਦਾ ਪੈਸੇ ਜਮਾਂ ਕਰਵਾਉਣ ਵਾਲਿਆਂ ਉੇਤੇ ਆਰ ਬੀ ਆਈ ਨੇ ਸ਼ਿਕੰਜਾ ਕੱਸ ਲਿਆ ਹੈ। ਆਰ ਬੀ ਆਈ ਨੇ ਉਨ੍ਹਾਂ ਖਾਤਿਆਂ ਤੋਂ ਪੈਸੇ ਕਢਵਾਉਣ ਉੱਤੇ ਪਾਬੰਦੀ ਲਗਾ ਦਿੱਤੀ ਹੈ ਜਿਨ੍ਹਾਂ ਵਿੱਚ 9 ਨਵੰਬਰ ਤੋਂ ਬਾਅਦ 2 ਲੱਖ ਤੋਂ ਜ਼ਿਆਦਾ ਪੈਸੇ ਜਮਾਂ ਹੋਏ ਹਨ ਅਤੇ ਇਹਨਾਂ ਖਾਤਿਆਂ ਦਾ ਫ਼ਿਲਹਾਲ ਪੰਜ ਲੱਖ ਦਾ ਬੈਲੇਂਸ ਹੈ। ਆਰ ਬੀ ਆਈ ਦੇ ਨੋਟੀਫ਼ਿਕੇਸ਼ਨ ਅਨੁਸਾਰ ਪੈੱਨ ਕਾਰਡ ਜਾਂ ਫਾਰਮ 60 ਜਮਾਂ ਕਰਵਾਏ ਬਿਨਾਂ ਇਹਨਾਂ ਅਜਿਹੇ ਖਾਤਿਆਂ ਵਿਚੋਂ ਪੈਸੇ ਨਹੀਂ ਕਢਵਾਏ ਜਾ ਸਕਦੇ ਅਤੇ ਨਾ ਹੀ ਟਰਾਂਸਫ਼ਰ ਕੀਤੇ ਜਾ ਸਕਦੇ ਹਨ। ઠਰਿਜ਼ਰਵ ਬੈਂਕ ਨੂੰ ਬੈਂਕ ਖਾਤਿਆਂ ਵਿੱਚ ਗੜਬੜੀ ਹੋਣ ਦੀ ਜਾਣਕਾਰੀ ਮਿਲੀ ਹੈ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …