ਫੁੱਲ ਤੁਰੇ ਕੰਡਿਆਂ ਦੇ ਰਾਹ…
ਦੀਪਕ ਸ਼ਰਮਾ ਚਨਾਰਥਲ
ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਸਿਰਫ਼ ਸਿੱਖ ਇਤਿਹਾਸ ਬਲਕਿ ਵਿਸ਼ਵ ਇਤਿਹਾਸ ਦੀ ਇਕ ਅਲੋਕਾਰੀ ਘਟਨਾ ਹੈ। ਇਸ ਘਟਨਾ ਵਿਚ ਜਿਥੇ ਸਿਦਕ, ਸ਼ਰਧਾ ਅਤੇ ਕੁਰਬਾਨੀ ਦੀ ਸਿਖਰ ਦੇਖੀ ਜਾ ਸਕਦੀ ਹੈ, ਉਥੇ ਸੱਤਾ ਦੀ ਦਰਿੰਦਗੀ ਅਤੇ ਨਿਰਦੈਤਾ ਦੀ ਵੀ ਇਹ ਸਿਖਰਲੀ ਮਿਸਾਲ ਪੇਸ਼ ਕਰਦੀ ਹੈ, ਜਿਸ ਨੂੰ ਲੈ ਕੇ ਸਮੁੱਚਾ ਮਾਨਵੀ ਇਤਿਹਾਸ ਹੀ ਸ਼ਰਮਸ਼ਾਰ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਪੂਰੀ ਸਿੱਖ ਕੌਮ ਦੇ ਜੀਵਨ ਨੂੰ ਇਕ ਨਵਾਂ ਮੋੜ ਦਿੱਤਾ ਅਤੇ ਉਨ੍ਹਾਂ ਦੀ ਕੁਰਬਾਨੀ ਦੀ ਪੀੜ ਅਜੇ ਤੱਕ ਵੀ ਅਚੇਤ ਹੀ ਸਿੱਖਾਂ ਦੇ ਕੌਮੀ ਮਨ ਵਿਚ ਰਮੀ ਹੋਈ ਹੈ। ਇਸ ਤਰ੍ਹਾਂ ਦੀਆਂ ਕੁਰਬਾਨੀਆਂ ਹੀ ਸਿੱਖ ਕਿਰਦਾਰ ਦੀ ਨੀਂਹ ਹਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਘਟਨਾ ਨੂੰ ਤਿੰਨ ਸੌ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪਰ ਇਸ ਘਟਨਾ ਦੀ ਪੀੜ ਅਜੇ ਵੀ ਘੱਟ ਨਹੀਂ ਹੋ ਰਹੀ। ਦਸੰਬਰ ਦੇ ਮਹੀਨੇ ਸਿੱਖ ਪੰਥ ਇਸ ਸ਼ਹਾਦਤ ਦੇ ਅਦੁਤੀ ਸਾਕੇ ਨੂੰ ਯਾਦ ਕਰਦਾ ਹੈ ਅਤੇ ਇਨ੍ਹਾਂ ਦਿਨਾਂ ਦੌਰਾਨ ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਵਿਚ ਸ਼ਹੀਦੀ ਸਭਾ ਲਗਦੀ ਹੈ।
ਸਿੱਖ ਕੌਮ ਦਾ ਇਤਿਹਾਸ ਸੰਸਾਰ ਦੀਆਂ ਜੁਝਾਰੂ ਕੌਮਾਂ ਵਿਚੋਂ ਸਭ ਤੋਂ ਵੱਧ ਲਾਸਾਨੀ ਇਤਿਹਾਸ ਹੈ। ਨਿਰਸੰਦੇਹ, ਇਤਿਹਾਸਕ ਧਾਰਾ ਵਿਚ ਕਈ ਹੋਰ ਕੌਮਾਂ ਦਾ ਇਤਿਹਾਸ ਵੀ ਦੁਸ਼ਵਾਰੀਆਂ, ਕਠਿਨਾਈਆਂ ਅਤੇ ਕੁਰਬਾਨੀਆਂ ਦੀ ਲਾਮਿਸਾਲ ਗਾਥਾ ਰਿਹਾ ਹੈ, ਪ੍ਰੰਤੂ ਜਿਹੋ ਜਿਹੇ ‘ਪੁਰਜ਼ਾ-ਪੁਰਜ਼ਾ ਕਟ ਮਰੇ’ ਦੀ ਜੀਵੰਤ ਉਦਾਹਰਨ ਸਿੱਖ ਕੌਮ ਕੋਲ ਹੈ, ਉਸ ਦੀ ਕੋਈ ਦੂਜੀ ਮਿਸਾਲ ਸਾਰੇ ਸੰਸਾਰ ਵਿਚ ਨਹੀਂ ਮਿਲਦੀ।
ਸਿੱਖ ਕੌਮ ਨੇ ਸ਼ਹਾਦਤ ਦਾ ਸਬਕ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਪਾਕ ਸਫਰ ਤੋਂ ਸਿੱਖਿਆ ਹੈ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਇਸ ਪਾਠ ਦੀ ਦੁਹਰਾਈ ਕਰਕੇ ਫਿਰ ਇਕ ਵਾਰ ਸਪੱਸ਼ਟ ਕਰ ਦਿੱਤਾ ਕਿ ਇਹ ਸੰਸਾਰ ‘ਜੈਸੇ ਜਲ ਤੇ ਬੁਦਬੁਦਾ ਉਪਜੇ ਬਿਨਸੇ ਨੀਤ’ ਵਾਂਗ ਹੈ। ਉਨ੍ਹਾਂ ਦੀ ਸ਼ਹੀਦੀ ਇਸ ਗੱਲ ਦੀ ਗਵਾਹ ਸੀ ਕਿ ‘ਨਾਮ ਨਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ।’
ਇਸ ਤੋਂ ਬਿਨਾਂ ਇਹ ਸ਼ਹੀਦੀ ਆਪਣੇ ਨਿੱਜੀ ਹਿੱਤਾਂ ਲਈ ਵੀ ਨਾ ਹੋ ਕੇ ਦੀਨ ਦੁਖੀਆਂ ਦੀ ਰੱਖਿਆ ਲਈ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ‘ਖਾਲਸੇ’ ਦਾ ਵਿਅਕਤਿਤਵ ਦੇ ਕੇ ਅਬਿਨਾਸ਼ ਅਹਿਸਾਸ ਵਿਚ ਜਿਊਣ ਦਾ ਅਤੇ ਸ਼ਹਾਦਤ ਦਾ ਜਾਮ ਪੀਣ ਦਾ ਗੁਰ ਸਿਖਾ ਦਿੱਤਾ। ਇਸ ਕਰਕੇ ਖਾਲਸਾ ਮੌਤ ਤੋਂ ਪਾਰ ਹੋ ਕੇ ਜੀਵਨ ਜਿਊਣ ਦਾ ਗੁਰ ਸਿੱਖ ਕੇ ਮੌਤ ਨੂੰ ਮਖੌਲ ਕਰਨ ਲੱਗ ਪਿਆ। ਦਸਮ ਪਿਤਾ ਦੇ ਉੱਚੇ ਸੁੱਚੇ ਜੀਵਨ ਤੋਂ ਪ੍ਰਭਾਵਤ ਹੋ ਕੇ ਚਾਰ ਫੁੱਲਾਂ ਤੋਂ ਵੀ ਕੋਮਲ ਬਾਲ ਹੱਸਦੇ ਹੱਸਦੇ ਕੰਡਿਆਂ ਦੇ ਰਾਹ ਤੁਰਦੇ ਸ਼ਹੀਦੀ ਦਾ ਤਾਜ਼ ਆਪਣੇ ਸਿਰਾਂ ‘ਤੇ ਸਜਾ ਗਏ।
ਵਿਛੋੜਾ : ਸਰਸਾ ਨਦੀ ਦਾ ਕਿਨਾਰਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1704 ਈਸਵੀ ਦੇ ਸਰਦ ਮਹੀਨੇ 21 ਦਸੰਬਰ ਦੀ ਕਾਲੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ, ਇੱਥੋਂ ਹੀ ਪਰਿਵਾਰ ਵਿਛੋੜੇ ਦੀ ਦਰਦਨਾਕ ਦਾਸਤਾਨ ਦੀ ਸ਼ੁਰੂਆਤ ਹੋਈ। ਕਿਲਾ ਛੱਡਣ ਵਾਲੀ ਰਾਤ ਕਹਿਰ ਦੀ ਠੰਡ ਤੇ ਉੱਤੇ ਹੋ ਰਹੀ ਵਰਖਾ ਦੇ ਵਿਚ ਹੀ ਗੁਰੂ ਸਾਹਿਬ ਮਾਤਾ ਗੁਜਰੀ, ਚਾਰ ਸਾਹਿਬਜ਼ਾਦੇ ਅਤੇ 1500 ਸਿੰਘਾਂ ਸਮੇਤ ਆਨੰਦਪੁਰ ਸਾਹਿਬ ਤੋਂ ਨਿਕਲ ਤੁਰੇ। ਜਦੋਂ ਗੁਰੂ ਸਾਹਿਬ ਆਪਣੇ ਦਲ ਨਾਲ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਤਾਂ ਪਿੱਛੋਂ ਮੁਗਲਾਂ ਦੀਆਂ ਫ਼ੌਜਾਂ ਅਤੇ ਪਹਾੜੀ ਰਾਜਿਆਂ ਨੇ ਜ਼ੋਰਦਾਰ ਹੱਲਾ ਬੋਲ ਦਿੱਤਾ। ਇਕ ਪਾਸੇ ਸਰਸਾ ਨਦੀ ਵਿਚ ਹੜ੍ਹ ਆ ਗਿਆ ਸੀ ਦੂਜੇ ਪਾਸੇ ਠਾਠਾਂ ਮਾਰਦਾ ਫੌਜਾਂ ਦਾ ਇਕੱਠ ਸਿੰਘਾਂ ਨੂੰ ਘੇਰਾ ਪਾ ਰਿਹਾ ਸੀ। ਸਰਸਾ ਨਦੀ ਦੇ ਕਿਨਾਰੇ ਘਮਸਾਨ ਦਾ ਯੁੱਧ ਹੋਇਆ। ਗੁਰੂ ਸਾਹਿਬ ਤੇ ਉਨ੍ਹਾਂ ਦੇ ਸੈਂਕੜੇ ਸਿੱਖ ਘੋੜਿਆਂ ਸਮੇਤ ਦਰਿਆ ਵਿਚ ਕੁੱਦ ਪਏ। ਇਥੇ ਭੱਜ ਦੌੜ ਤੇ ਹਫੜਾ ਦਫੜੀ ਵਿਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਤੋਂ ਵਿਛੜ ਗਏ।
ਚਮਕੌਰ ਦੀ ਗੜੀ : ਸ਼ਹਾਦਤ ਦਾ ਜਾਮ
ਸਰਸਾ ਨਦੀ ਦੇ ਕਿਨਾਰੇ ਤੋਂ ਵਿਛੜ ਕੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਸਾਥੀ ਸਿੰਘਾਂ ਨਾਲ ਚਮਕੌਰ ਦੀ ਕੱਚੀ ਗੜ੍ਹੀ ਵਿਚ ਜਾ ਪਹੁੰਚੇ। ਪਹਾੜੀ ਰਾਜਿਆਂ ਨੇ ਧੋਖਾਧੜੀ ਦੇ ਜੋ ਕੰਡੇ ਦਸਮ ਪਿਤਾ ਦੇ ਰਾਹ ਵਿਚ ਬੀਜੇ ਉਸ ਨੂੰ ਚੁਗਦਿਆਂ ਸਿੱਖੀ ਨੂੰ ਜੀਊਂਦਾ ਰੱਖਣ ਲਈ ਪੂਰੇ ਪਰਿਵਾਰ ਨੂੰ ਵਾਰਨ ਦੀ ਮਿਸਾਲ ਕਿਤਿਓਂ ਲੱਭਿਆ ਨਹੀਂ ਮਿਲਦੀ।
ਔਰੰਗਜੇਬੀ ਚਾਲ ਨੂੰ ਭਾਂਬਦਿਆਂ ਸਾਹਿਬ-ਏ-ਕਮਾਲ ਚਮਕੌਰ ਦੀ ਗੜ੍ਹੀ ਵਿਚ ਜਾ ਕੇ ਖਲੋਤੇ। ਕੁੱਤਿਆਂ ਵਾਂਗ ਇਨ੍ਹਾਂ ਦੀਆਂ ਪੈੜਾਂ ਸੁੰਘਦਿਆਂ ਮੁਗਲ ਫੌਜਾਂ ਨੇ ਚਮਕੌਰ ਦੀ ਹਵੇਲੀ ਨੂੰ ਚਾਰੇ ਪਾਸਿਓਂ ਆ ਘੇਰਾ ਪਾਇਆ ਤਾਂ ਗੁਰੂ ਸਾਹਿਬ ਨਾਲ ਭੁੱਖੇ ਪਿਆਸੇ ਤੇ ਅਸਲੇ ਤੋਂ ਥੁੜ੍ਹੇ ਹੋਏ ਪਰ ਸਿੱਖੀ ਸਿਦਕ ਦੇ ਪੂਰੇ ਕੇਵਲ ਚਾਲੀ ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਹੀ ਸਨ।
ਜਦ ਸਿੰਘ ਸ਼ਹੀਦੀਆਂ ਪਾ ਗਏ ਤਾਂ 13 ਸਾਲਾ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਗੁਰੂ ਜੀ ਪਾਸੋਂ ਯੁੱਧ ਭੂਮੀ ਵਿਚ ਜਾਣ ਦੀ ਆਗਿਆ ਮੰਗੀ। ਇਤਿਹਾਸਕਾਰ ਮੈਕ ਲਿਫ ਅਨੁਸਾਰ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਧਿਆਨ ਸਿੰਘ, ਮੁੱਖਾ ਸਿੰਘ, ਆਲਿਮ ਸਿੰਘ, ਬੀਰ ਸਿੰਘ ਤੇ ਜਵਾਹਰ ਸਿੰਘ ਪੰਜ ਹੋਰ ਯੋਧੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਨੇ ਏਨੀ ਬਹਾਦਰੀ ਨਾਲ ਯੁੱਧ ਲੜਿਆ ਕਿ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ ਆਪਣੀ ਸੈਨਾ ਦੇ ਮਰ ਰਹੇ ਸਿਪਾਹੀਆਂ ਨੂੰ ਵੇਖ ਕੇ ਘਬਰਾ ਗਿਆ। ਅਖੀਰ ਯੋਧਿਆਂ ਦੀਆਂ ਤਲਵਾਰਾਂ ਟੁੱਟ ਗਈਆਂ, ਤੀਰ ਮੁੱਕ ਗਏ ਤੇ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖ 11 ਸਾਲਾ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ ਜੋਸ਼ ਉਬਾਲੇ ਮਾਰਨ ਲੱਗਾ ਤੇ ਪਿਤਾ ਤੋਂ ਆਗਿਆ ਲੈ ਕੇ ਜੁਝਾਰ ਸਿੰਘ ਜੰਗੇ ਮੈਦਾਨ ਵਿਚ ਆ ਗਰਜ਼ਿਆ ਅਤੇ ਯੁੱਧ ਕਰਦਾ ਸ਼ਹੀਦ ਹੋ ਗਿਆ।
ਯਿਹ ਹੈ ਵਹੁ ਜਗ੍ਹਾ ਜਹਾਂ ਚਾਲੀਸ ਤਨ ਸ਼ਹੀਦ ਹੂਏ।
ਖਿਤਾਬਿ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਏ।
ਦਿਲਾਈ ਪੰਥ ਕੋ ਸਰਬਾਜ਼ੀਓ ਸੇ ਸਰਦਾਰੀ।
ਬਰਾਇ ਕੌਮ ਯਿਹ ਰੁਤਬੇ ਲਹੂ ਬਹਾ ਕੇ ਲੀਏ।
ਧਰਤੀ ‘ਤੇ ਬਣੇ ਰਿਸ਼ਤਿਆਂ ਦੀ ਨਜ਼ਰ ਤੋਂ ਜੇਕਰ ਸੋਚੀਏ ਤਾਂ ਉਹ ਪਲ ਕਿੰਨੇ ਦਰਦ ਭਰੇ ਹੋਣਗੇ ਜਦੋਂ ਗੁਰੂ ਸਾਹਿਬ ਆਪਣੇ ਪਿਆਰੇ ਸਿੰਘਾਂ ਤੇ ਲਾਡਲੇ ਪੁੱਤਰਾਂ ਨੂੰ ਮੌਤ ਨਾਲ ਗਲਵਕੜੀਆਂ ਪਾਉਂਦੇ ਵੇਖ ਰਹੇ ਹੋਣਗੇ। ਪਰ ਸੱਚਾਈ ਤਾਂ ਇਹ ਹੈ ਕਿ ਜਦੋਂ ਗੁਰੂ ਦੇ ਲਾਡਲੇ ਸਪੂਤ ਮੌਤ ਦੇ ਹੋਰ ਨੇੜੇ ਜਾ ਰਹੇ ਸਨ ਤਦ ਮੌਤ ਵੀ ਕੰਬੀ ਸੀ, ਅੰਬਰ ਵੀ ਰੋਇਆ ਸੀ ਜ਼ਮੀਨ ਵੀ ਹਿੱਲ ਗਈ ਸੀ, ਪਰ ਹਰ ਫਰਿਸ਼ਤਾ ਇਸ ਸ਼ਹਾਦਤ ਤੋਂ ਪ੍ਰਸੰਨ ਹੋ ਉੱਠਿਆ। ਕਿਉਂਕਿ ਇਹ ਜੰਗ ਕਿਸੇ ਜਰ-ਜੋਰੂ ਜਾਂ ਜ਼ਮੀਨ ਲਈ ਨਾ ਹੋ ਕੇ ਇਨਸਾਨੀਅਤ ਦੀ ਰਾਖੀ ਲਈ ਲੜੀ ਜਾ ਰਹੀ ਸੀ ਤੇ ਦੂਜਿਆਂ ਲਈ ਕੁਰਬਾਨ ਹੋਣਾ, ਜਾਨ ਦੀ ਬਾਜ਼ੀ ਖੇਡਣ ਨੂੰ ਗੁਰੂ ਸਾਹਿਬ ਨੇ ਹਕੀਕੀ ਰੂਪ ਦੇ ਕੇ ਇਹ ਵੱਡਾ ਕ੍ਰਿਸ਼ਮਾ ਕਰ ਵਿਖਾਇਆ। ਇਕ ਸ਼ਾਇਰ ਨੇ ਇਸ ਸ਼ਹਾਦਤ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕੀਤਾ ਹੈ :
‘ਹਮ ਜਾਨ ਦੇ ਕੇ, ਔਰੋਂ ਕੀ ਜਾਨੇ ਬਚਾ ਚਲੇ।
ਸਿੱਖੀ ਕੀ ਨੀਂਵ ਹਮ ਹੈ ਸਰੋ ਪਿ ਉਠਾ ਚਲੇ।
ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਨਾ ਚਲੇ।
ਸਿੰਘੋ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ।
ਗੱਦੀ ਤੋਂ ਤਖ਼ਤ ਬੱਸ ਅਬ ਕੌਮ ਪਾਏਗੀ।
ਦੁਨੀਆ ਮੇਂ ਜ਼ਾਲਮੋ ਦਾ ਨਿਸ਼ਾਂ ਤੱਕ ਮਿਟਾਏਗੀ।
ਸਾਕਾ ਸਰਹੰਦ : ਸ਼ਹਾਦਤ ਦੀ ਕਲਗੀ
ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਤੋਂ ਵਿਛੜੀ ਮਾਤਾ ਗੁਜਰੀ ਦੋਨੋਂ ਛੋਟੇ ਪੋਤਰਿਆਂ ਨੂੰ ਲੈ ਕੇ ਗੁਆਚੀ ਹੋਈ ਗੰਗੂ ਬ੍ਰਾਹਮਣ ਨੂੰ ਮਿਲ ਗਈ ਤੇ ਗੰਗੂ ਬ੍ਰਾਹਮਣ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਲਾਗੇ ਪਿੰਡ ਖੇੜੀ ਆਪਣੇ ਘਰ ਲੈ ਗਿਆ। ਬ੍ਰਾਹਮਣ ਧਰਮ ਦੇ ਮੱਥੇ ‘ਤੇ ਲੱਗਿਆ ਗੰਗੂ ਨਾਮ ਦਾ ਕਾਲਾ ਕਲੰਕ ਕਦੇ ਮਿਟ ਨਹੀਂ ਸਕਦਾ। ਕਿਉਂਕਿ ਸਾਕਾ ਸਰਹੰਦ ਦੀ ਨੀਂਹ ਦਗਾਬਾਜ਼-ਨਮਕ ਹਰਾਮ ਗੰਗੂ ਬ੍ਰਾਹਮਣ ਨੇ ਹੀ ਰੱਖੀ ਸੀ।
ਗੰਗੂ ਗੁਰੂ ਘਰ ਵਿਚ ਪਿਛਲੇ ਵੀਹਾਂ ਵਰ੍ਹਿਆਂ ਤੋਂ ਰਸੋਈਆ ਸੀ ਤੇ ਕਾਫੀ ਵਫ਼ਾਦਾਰ ਸੀ। ਪਰ ਮਾਤਾ ਗੁਜਰੀ ਨਾਲ ਮੋਹਰਾਂ ਅਤੇ ਧਨ ਦੌਲਤ ਦੀ ਲੱਦੀ ਖੱਚਰ ਨੇ ਉਸ ਨੂੰ ਹੈਵਾਨ ਬਣਾ ਦਿੱਤਾ ਸੀ ਅਤੇ ਉਹ ਬੇਈਮਾਨ ਹੋ ਗਿਆ। ਗੰਗੂ ਨੇ ਸਾਰੀ ਦੌਲਤ ਹਥਿਆਉਣ ਲਈ ਆਪਣੀ ਮਾਂ ਸ਼ੋਭਾ ਨੂੰ ਰੋਟੀਆਂ ਵਿਚ ਜ਼ਹਿਰ ਪਾਉਣ ਲਈ ਆਖਿਆ। ਰੱਬ ਨੂੰ ਮੰਨਣ ਵਾਲੀ ਇਸੀ ਮਾਂ ਨੇ ਪੁੱਤ ਗੰਗੂ ਨੂੰ ਕਿਹਾ ਕਿ ਨਾ ਵੇ ਪੁੱਤਾ ਨਾ, ਸਾਰੀ ਉਮਰ ਗੁਰੂ ਘਰ ਦਾ ਨਮਕ ਖਾਧਾ ਹੈ, ਅੱਜ ਉਹ ਬਿਪਤਾ ਵਿਚ ਹਨ ਤਾਂ ਹੀ ਉਹ ਸਾਡੇ ਦਰ ਆਏ ਹਨ। ਇਹ ਦਗ਼ਾ ਚੰਗਾ ਨਹੀਂ। ਕਿੰਨੇ ਸੋਹਣੇ ਨਿੱਕੇ ਨਿੱਕੇ ਹੰਸਾਂ ਵਰਗੇ ਗੁਰੂ ਦੇ ਲਾਲ ਹਨ। ਤੂੰ ਇਹ ਅਣਹੋਣੀ ਨਾ ਕਰ।
ਪਰ ਗੰਗੂ ਦੇ ਸਿਰ ਪਾਪ ਸਵਾਰ ਸੀ, ਗੰਗੂ ਨੇ ਫਿਰ ਨਵਾਂ ਪੈਂਤੜਾ ਚੱਲਦਿਆਂ ਮੋਰਿੰਡਾ ਕੋਤਵਾਲ ਨੂੰ ਖ਼ਬਰ ਦੇ ਕੇ ਸੂਬਾ ਸਰਹੰਦ ਨੂੰ ਸੁਚੇਤ ਕਰ ਦਿੱਤਾ। ਨਵਾਬ ਵਜ਼ੀਦ ਖਾਂ ਨੇ, ਮਾਤਾ ਗੁਜ਼ਰੀ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਠੰਡੇ ਬੁਰਜ ਵਿਚ ਕੈਦ ਕਰ ਲਿਆ। ਆਪਣੀ ਨੌਕਰੀ ਅਤੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਮੋਤੀ ਮਹਿਰਾ ਨੇ ਰਾਤ ਨੂੰ ਲੁਕ ਛਿਪ ਕੇ ਮਾਤਾ ਅਤੇ ਬੱਚਿਆਂ ਨੂੰ ਗਰਮ ਦੁੱਧ ਪਿਲਾਇਆ ਤੇ ਢਾਰਸ ਦਿੱਤੀ।
ਅਗਲੇ ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਨੂੰ ਨਵਾਬ ਵਜ਼ੀਦ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਜਾਣ ਲੱਗਾ। ਸੱਤ ਅਤੇ ਨੌਂ ਸਾਲ ਦੇ ਮਾਸੂਮ ਫੁੱਲਾਂ ਨੂੰ ਧਨ, ਦੌਲਤ, ਇਨਾਮ, ਰੁਤਬਾ ਅਤੇ ਪਦਵੀ ਦੇ ਲਾਲਚ ਦਿੱਤੇ ਜਾਂਦੇ ਰਹੇ, ਪਰ ਜਦੋਂ ਇਹ ਛੋਟੀਆਂ ਜਿੰਦਾਂ ਕਿਸੇ ਤਰ੍ਹਾਂ ਵੀ ਜ਼ਾਲਮ ਹਾਕਮਾਂ ਅੱਗੇ ਨਹੀਂ ਝੁਕੀਆਂ ਤਾਂ ਇਨ੍ਹਾਂ ਨੂੰ ਨੀਹਾਂ ਵਿਚ ਚਿਣ ਕੇ ਕਤਲ ਕਰ ਦੇਣ ਦਾ ਹੁਕਮ ਦਿੱਤਾ ਜਾਂਦਾ ਹੈ।
ਦੀਵਾਨ ਸੁੱਚਾ ਨੰਦ ਕਹਿ ਰਿਹਾ ਸੀ-ਕਿ ਬਾਗੀ ਬੱਚਿਆਂ ਨੂੰ ਹੁਣੇ ਕਤਲ ਕਰੋ, ”ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ” ਕਚਹਿਰੀ ਵਿਚ ਬੈਠੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਸ ਫ਼ੈਸਲੇ ਦੇ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਤੇ ਕਿਹਾ, ਇਨ੍ਹਾਂ ਬੱਚਿਆਂ ਨੇ ਕੋਈ ਕਸੂਰ ਨਹੀਂ ਕੀਤਾ। ਇਨ੍ਹਾਂ ਦੇ ਪਿਤਾ ਦੇ ਕਸੂਰ ਦੀ ਸਜ਼ਾ ਇਨ੍ਹਾਂ ਨੂੰ ਨਹੀਂ ਮਿਲਣੀ ਚਾਹੀਦੀ। ਆਪਣੀ ਗੱਲ ਨਾ ਸੁਣੀ ਜਾਂਦੀ ਵੇਖ ਨਵਾਬ ਸ਼ੇਰ ਖਾਂ ਕਚਹਿਰੀ ਵਿਚੋਂ ਬਾਹਰ ਆ ਗਿਆ।
ਜਦੋਂ ਆਖਰੀ ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿਚ ਲਿਜਾਇਆ ਜਾਣ ਲੱਗਾ ਤੇ ਮਾਤਾ ਗੁਜਰੀ ਇਹ ਜਾਣ ਚੁੱਕੇ ਸਨ ਕਿ ਅੱਜ ਉਨ੍ਹਾਂ ਦੇ ਲਾਡਲੇ ਪੋਤਰਿਆਂ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਮੂੰਹੋਂ ਨਿਕਲੇ ਸ਼ਬਦਾਂ ਨੂੰ ਅੱਲ੍ਹਾ ਯਾਰ ਖਾਂ ਦੀ ਜੁਬਾਨੀ ਇੰਝ ਕਿਹਾ ਜਾਂਦਾ ਹੈ :
‘ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਿਆਰੇ ਸਰੋ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ।
ਮਰਨੇ ਸੇ ਪਹਲੇ ਤੁਮ ਕੋ ਮੈਂ ਦੁਲਹਾ ਬਨਾ ਤੋ ਲੂੰ।
ਇਹ ਖ਼ਬਰ ਅੱਗ ਵਾਂਗ ਫੈਲ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੱਚਿਆਂ ਨੂੰ ਕੰਧ ਵਿਚ ਚਿਣਵਾਇਆ ਜਾ ਰਿਹਾ ਹੈ। ਇਸ ਦਿਲ ਚੀਰਵੀ ਘਟਨਾ ਨੂੰ ਵੇਖਣ ਲਈ ਜਨਤਾ ਉਮੜ ਆਈ, ਹਾਹਾਕਾਰ ਮਚ ਗਿਆ, ਕੰਬ ਰਹੇ ਹੱਥ ਦਿਵਾਰ ਚਿਣ ਰਹੇ ਸਨ, ਹਰ ਚਿਹਰੇ ‘ਤੇ ਸਹਿਮ ਸੀ, ਮੌਤ ਵਰਗਾ ਸੰਨਾਟਾ ਪਸਰ ਚੁੱਕਿਆ ਸੀ, ਮੂੰਹ ਚੁੱਪ ਸਨ, ਪਰ ਅੱਖਾਂ ਹੰਝੂਆਂ ਦੇ ਬੋਲ ਬੌਲ ਰਹੀਆਂ ਸਨ, ਪਰ ਦੀਵਾਰ ਵਿਚਕਾਰ ਖੜ੍ਹੇ ਦੋ ਚੰਨ ਵਰਗੇ ਮੁੱਖੜੇ ਸੂਰਜ ਵਾਂਗ ਦਹਿਕ ਰਹੇ ਸਨ। ਉਨ੍ਹਾਂ ਦੇ ਚਿਹਰੇ ‘ਤੇ ਕੋਈ ਇਲਾਹੀ ਨੂਰ ਡੁੱਲ ਡੁੱਲ ਪੈਂਦਾ ਸੀ। ਹਜ਼ਾਰਾਂ ਡਰੇ ਹੋਏ ਚਿਹਰਿਆਂ ਵਿਚ ਦੋ ਬਾਲ ਚਿਹਰਿਆਂ ‘ਤੇ ਡਰ ਭੈਅ ਦਾ ਕੋਈ ਚਿੰਨ੍ਹ ਨਜ਼ਰੀ ਨਹੀਂ ਪੈ ਰਿਹਾ ਸੀ।
ਸਾਰੀ ਸਰਹੰਦ ਡਰੀ ਸਹਿਮੀ ਖਲੋ ਗਈ ਸੀ। ਪਰ ਕੋਈ ਵੀ ਇਸ ਜ਼ੁਲਮ ਨੂੰ ਰੋਕਣ ਲਈ ਹਿੰਮਤ ਨਹੀਂ ਕਰ ਸਕਿਆ। ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਪਹਿਲਾਂ ਦੀਵਾਰਾਂ ਵਿਚ ਚਿਣਿਆ ਗਿਆ ਤੇ ਫਿਰ ਜਦੋਂ ਦੀਵਾਰ ਗਰਦਨਾਂ ਤੱਕ ਪਹੁੰਚੀ ਤਾਂ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰ ਦਿੱਤੇ ਗਏ। ਪਾਪੀ ਵਜ਼ੀਰ ਨੇ ਜਦੋਂ ਇਹ ਪਾਪ ਕਮਾਇਆ ਤਦ ਕਹਿੰਦੇ ਹਨ-ਬਿਜਲੀ ਕੜਕੀ, ਬਦਲ ਫਟਿਆ ਤੇ ਫਿਰ ਆਕਾਸ਼ ਧਾਹਾਂ ਮਾਰ ਮਾਰ ਕੇ ਰੋਣ ਲੱਗਾ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੀ ਸਰਹੰਦ ਦੀ ਤਬਾਹੀ ਦਾ ਕਾਰਨ ਬਣੀ।
”ਜੋਗੀ ਜੀ ਇਸ ਕੇ ਬਾਅਦ ਹੂਈ ਥੋੜ੍ਹੀ ਦੇਰ ਥੀ।
ਬਸਤੀ ਸਰਹੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …