Breaking News
Home / ਦੁਨੀਆ / ਭਾਰਤ ਖਰੀਦੇਗਾ ਅਮਰੀਕਾ ਕੋਲੋਂ ਐਮ.ਐਚ.-60 ਰੋਮੀਓ ਹੈਲੀਕਾਪਟਰ

ਭਾਰਤ ਖਰੀਦੇਗਾ ਅਮਰੀਕਾ ਕੋਲੋਂ ਐਮ.ਐਚ.-60 ਰੋਮੀਓ ਹੈਲੀਕਾਪਟਰ

ਭਾਰਤ ‘ਚ ਵੀ ਅਜਿਹੇ 123 ਹੈਲੀਕਾਪਟਰ ਬਣਾਉਣ ਦੀ ਯੋਜਨਾ
ਵਾਸ਼ਿੰਗਟਨ : ਹਿੰਦ ਮਹਾਸਾਗਰ ਵਿਚ ਚੀਨ ਦੇ ਹਮਲਾਵਰ ਰੁਖ਼ ਨੂੰ ਦੇਖਦੇ ਹੋਏ ਭਾਰਤ ਜਲਦ ਹੀ ਦੁਨੀਆ ਦੇ ਸਭ ਤੋਂ ਉੱਨਤ ਮੰਨੇ ਜਾਣ ਵਾਲੇ ਐਂਟੀ ਸਬਮਰੀਨ ਹੈਲੀਕਾਪਟਰ ਮਲਟੀ ਰੋਲ ਐਮ.ਐਚ.-60 ਰੋਮੀਓ ਸੀ-ਹਾਕ ਹੈਲੀਕਾਪਟਰ ਖ਼ਰੀਦਣ ਜਾ ਰਿਹਾ ਹੈ। ਭਾਰਤ ਨੇ ਅਮਰੀਕਾ ਤੋਂ ਅਜਿਹੇ 24 ਹੈਲੀਕਾਪਟਰ ਖ਼ਰੀਦਣ ਦੀ ਇੱਛਾ ਜ਼ਾਹਰ ਕੀਤੀ ਹੈ। ਭਾਰਤ ਲਈ ਇਹ ਸੌਦਾ ਇਸ ਲਈ ਵੀ ਅਹਿਮ ਹੈ, ਕਿਉਂਕਿ ਮਾਲਦੀਵ, ਸ੍ਰੀਲੰਕਾ ਵਰਗੇ ਗੁਆਂਢੀ ਦੇਸ਼ਾਂ ਸਹਾਰੇ ਚੀਨ ਹਿੰਦ ਮਹਾਸਾਗਰ ‘ਚ ਲਗਾਤਾਰ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਹੈਲੀਕਾਪਟਰ ਪਣਡੁੱਬੀਆਂ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਇਨ੍ਹਾਂ ਦੀ ਅੰਦਾਜ਼ਨ ਕੀਮਤ 2 ਬਿਲੀਅਨ ਡਾਲਰ ਹੈ। ਸੂਤਰਾਂ ਅਨੁਸਾਰ ਇਹ ਸੌਦਾ ਅਗਲੇ ਕੁਝ ਮਹੀਨਿਆਂ ਵਿਚ ਤੈਅ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿੰਗਾਪੁਰ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੈਂਸ ਨਾਲ ਸਫ਼ਲ ਮੀਟਿੰਗ ਹੋਈ ਹੈ। ਭਾਰਤ ਨੇ 24 ਐਮ. ਐਚ. 60 ਰੋਮੀਓ ਸੀ-ਹਾਕ ਹੈਲੀਕਾਪਟਰ ਦੀ ਖ਼ਰੀਦ ਲਈ ਬੇਨਤੀ ਪੱਤਰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਪਿਛਲੇ 10 ਸਾਲਾਂ ਤੋਂ ਐਂਟੀ ਸਬਮਰੀਨ ਹੈਲੀਕਾਪਟਰਾਂ ਦੀ ਜ਼ਰੂਰਤ ਮਹਿਸੂਸ ਕਰ ਰਿਹਾ ਹੈ। ਹਾਲ ਦੇ ਮਹੀਨਿਆਂ ਵਿਚ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸਮਝੌਤਿਆਂ ‘ਤੇ ਚਰਚਾ ਵੀ ਹੋਈ ਸੀ। ਇਸ ਤੋਂ ਇਲਾਵਾ ਅਰਜਨਟੀਨਾ ‘ਚ ਜੀ-20 ਸੰਮੇਲਨ ਤੋਂ ਵੱਖਰੇ ਤੌਰ ‘ਤੇ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਤੋਂ ਪਹਿਲਾਂ ਪੈਂਸ ਤੇ ਮੋਦੀ ਦੀ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਭਾਰਤ ਇਸ ਦੇ ਨਾਲ ਹੀ ਇਸ ਤਰ੍ਹਾਂ ਦੇ 123 ਹੈਲੀਕਾਪਟਰ ਭਾਰਤ ‘ਚ ਬਣਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ। ਫਿਲਹਾਲ ਇਹ ਹੈਲੀਕਾਪਟਰ ਸਿਰਫ ਅਮਰੀਕਾ ਕੋਲ ਹੈ, ਜਿਸ ਨੂੰ ਦੁਨੀਆ ਦਾ ਸਭ ਤੋਂ ਆਧੁਨਿਕ ਪਣਡੁੱਬੀਆਂ ਤਬਾਹ ਕਰਨ ਵਾਲਾ ਹੈਲੀਕਾਪਟਰ ਮੰਨਿਆ ਜਾਂਦਾ ਹੈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …