ਕਈ ਗੁਰਦੁਆਰੇ ਤੋੜ ਕੇ ਸ਼ਾਪਿੰਗ ਕੰਪਲੈਕਸ ਬਣਾਏ, ਸੁਰੱਖਿਆ ਕਾਰਨਾਂ ਕਰਕੇ ਬੱਚਿਆਂ ਨੂੰ ਸਕੂਲਾਂ ‘ਚੋਂ ਹਟਾਇਆ
ਕਿਰਾਏ ਦੀ ਇਮਾਰਤ ਵਿਚ ਆਰਜ਼ੀ ਸਕੂਲ ਚਲਾ ਰਹੇ ਸਿੱਖ ਭਾਈਚਾਰੇ ਦੇ ਲੋਕ
ਪਿਸ਼ਾਵਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਵਿਚ ਰਹਿੰਦੇ ਸਿੱਖ ਪਰਿਵਾਰਾਂ ਦੇ 10 ਹਜ਼ਾਰ ਮੈਂਬਰ ਸਿੱਖਿਆ ਤੇ ਸਿਹਤ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਸਿੱਖ ਭਾਈਚਾਰੇ ਦੇ ਵਪਾਰੀਆਂ ਦਾ ਕਈ ਵਾਰ ਫਿਰੌਤੀ ਲਈ ਅਗਵਾ ਵੀ ਕੀਤਾ ਜਾ ਚੁੱਕਾ ਹੈ। ਸੂਬੇ ਦੇ ਸਿੱਖ ਆਗੂ ਡਾ. ਸੂਰਨ ਸਿੰਘ ਦੀ ਘਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਇਕ ਸਿੱਖ ਆਗੂ ਰਾਦੇਸ਼ ਸਿੰਘ ਟੋਨੀ ਨੇ ਕਿਹਾ ਕਿ 1947 ਵਿਚ ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਸਾਰੇ ਇਲਾਕੇ ਵਿਚ ਵੱਡੀ ਗਿਣਤੀ ‘ਚ ਗੁਰੂ ਘਰ ਮੌਜੂਦ ਸਨ ਪ੍ਰੰਤੂ ਹੁਣ ਕੇਵਲ ਦੋ ਗੁਰਦੁਆਰਿਆਂ ਵਿਚ ਪ੍ਰਕਾਸ਼ ਕੀਤਾ ਹੋਇਆ ਹੈ। ਬਹੁਤ ਸਾਰੇ ਗੁਰਦੁਆਰਿਆਂ ਦੀ ਥਾਂ ‘ਤੇ ਹੁਣ ਪਲਾਜ਼ਾ ਬਣਾ ਦਿੱਤੇ ਗਏ ਹਨ। ਟੋਨੀ ਨੇ ਦੋਸ਼ ਲਾਇਆ ਕਿ ਜੇਕਰ ਕੋਈ ਗੁਰਦੁਆਰੇ ਵਾਲੀ ਜ਼ਮੀਨ ਵੇਚਣ ਤੋਂ ਇਨਕਾਰ ਕਰਦਾ ਹੈ ਤਾਂ ਜ਼ਮੀਨ ਮਾਫੀਆ ਉਸ ‘ਤੇ ਜਬਰੀ ਕਬਜ਼ਾ ਕਰ ਲੈਂਦਾ ਹੈ। ਸਿੱਖ ਭਾਈਚਾਰੇ ਕੋਲ ਮ੍ਰਿਤਕ ਦੇਹ ਦੇ ਸਸਕਾਰ ਲਈ ਕੋਈ ਸ਼ਮਸ਼ਾਨਘਾਟ ਵੀ ਨਹੀਂ ਹੈ। ਜੇਕਰ ਸਿੱਖ ਭਾਈਚਾਰੇ ਦੇ ਕਿਸੇ ਪਰਿਵਾਰਕ ਮੈਂਬਰ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਉਸ ਦੀ ਦੇਹ ਸਸਕਾਰ ਲਈ ਪੰਜਾਬ ਦੇ ਅੱਟਕ ਜ਼ਿਲ੍ਹੇ ਵਿਚ ਲਿਜਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਮਿਲਦੀਆਂ ਧਮਕੀਆਂ ਕਾਰਨ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪਿਸ਼ਾਵਰ ਦੇ ਮੁਹੱਲਾ ਜੋਗਨ ਸ਼ਾਹ ਤੇ ਸਦਰ ਬਾਜ਼ਾਰ ਇਲਾਕੇ ਵਿਚ ਤਬਦੀਲ ਹੋਣ ਲਈ ਮਜਬੂਰ ਹੋਣਾ ਪਿਆ ਹੈ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਸਿੱਖ ਭਾਈਚਾਰੇ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਕਿਰਾਏ ‘ਤੇ ਜਗ੍ਹਾ ਲੈ ਕੇ ਆਰਜ਼ੀ ਸਕੂਲ ਵਿਚ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੇ ਹਾਂ। ਕਿਰਾਏ ‘ਤੇ ਲਈ ਇਸ ਜਗ੍ਹਾ ਦਾ ਕਿਰਾਇਆ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਖ਼ਰਚਾ ਨਹੀਂ ਚੁੱਕ ਸਕਦੇ। ਇਸ ਦੌਰਾਨ ਸਕੂਲ ਦੇ ਹੈੱਡਮਾਸਟਰ ਬਾਬਾ ਜੁਗੇਰਪਾਲ ਸਿੰਘ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਉਹ ਸਿੱਖ ਭਾਈਚਾਰੇ ਦੇ ਬੱਚਿਆਂ ਦੀ ਪੜ੍ਹਾਈ ਲਈ ਇਮਾਰਤ ਤੇ ਫੰਡ ਮੁਹੱਈਆ ਕਰਵਾਏ। ਇਨ੍ਹਾਂ ਮਾੜੇ ਹਾਲਾਤ ਦੇ ਬਾਵਜੂਦ ਹੈੱਡਮਾਸਟਰ ਨੇ ਆਸ ਪ੍ਰਗਟ ਕੀਤੀ ਕਿ ਸਰਕਾਰ ਉਨ੍ਹਾਂ ਦੇ ਮਸਲਿਆਂ ਦਾ ਜ਼ਰੂਰ ਕੋਈ ਸਥਾਈ ਹੱਲ ਕੱਢੇਗੀ। ਪਾਕਿਸਤਾਨ ਵਿਚ ਇਸ ਸਮੇਂ 25 ਹਜ਼ਾਰ ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਸੂਬੇ ਦੇ ਨਨਕਾਣਾ ਸਾਹਿਬ ਅਤੇ 10 ਹਜ਼ਾਰ ਦੇ ਕਰੀਬ ਸਿੱਖ ਖ਼ੈਬਰ ਪਖਤੂਨਖਵਾ ਇਲਾਕੇ ਵਿਚ ਰਹਿੰਦੇ ਹਨ। 1947 ‘ਚ ਦੇਸ਼ ਦੀ ਵੰਡ ਸਮੇਂ ਇਹ ਗਿਣਤੀ ਬਹੁਤ ਜ਼ਿਆਦਾ ਸੀ ਪ੍ਰੰਤੂ ਉਸ ਪਿੱਛੋਂ ਕਈ ਪਰਿਵਾਰ ਇੰਗਲੈਂਡ, ਅਮਰੀਕਾ, ਕੈਨੇਡਾ ਤੇ ਦੁਬਈ ਵਿਖੇ ਹਿਜਰਤ ਕਰ ਗਏ। ਪਾਕਿਸਤਾਨ ਸਰਕਾਰ ਨੇ 2007 ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਲਈ ਅਨੰਦ ਮੈਰਿਜ ਐਕਟ ਪਾਸ ਕੀਤਾ ਜਿਸ ਤਹਿਤ ਨਾ ਕੇਵਲ ਪਾਕਿਸਤਾਨ ‘ਚ ਰਹਿੰਦੇ ਸਿੱਖ ਸਗੋਂ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਵੀ ਆਪਣੇ ਵਿਆਹ ਨੂੰ ਰਜਿਸਟਰ ਕਰਵਾ ਸਕਦੇ ਹਨ। ਪਾਕਿਸਤਾਨ ਵਿਚ ਰਹਿੰਦੇ ਸਿੱਖ ਭਾਈਚਾਰੇ ਨੇ ਦੇਸ਼ ‘ਚ ਕਾਫ਼ੀ ਨਾਮਣਾ ਖੱਟਿਆ ਹੈ। ਸਿੱਖ ਭਾਈਚਾਰੇ ਦੇ ਆਗੂ ਰਮੇਸ਼ ਸਿੰਘ ਅਰੋੜਾ ਪੀਐੱਮਐੱਲ (ਨਵਾਜ਼) ਵੱਲੋਂ ਪੰਜਾਬ ਅਸੈਂਬਲੀ ਦੇ ਪਹਿਲੇ ਸਿੱਖ ਨਾਮਜ਼ਦ ਮੈਂਬਰ ਬਣਾਏ ਗਏ। ਡਾ. ਸੂਰਨ ਸਿੰਘ ਖ਼ੈਬਰ ਪਖਤੂਨਖਵਾ ਸੂਬੇ ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਵੱਲੋਂ ਮੈਂਬਰ ਨਾਮਜ਼ਦ ਹੋਏ ਸਨ। ਸਿੱਖ ਸੰਗੀਤਕਾਰ ਜੱਸੀ ਲਾਇਲਪੁਰੀਆ ਨੇ ‘ਸੋਹਨਾ ਪਾਕਿਸਤਾਨ’ ਗੀਤ ਨਾਲ ਨਾਮਣਾ ਖੱਟਿਆ। ਤਰਨਜੀਤ ਸਿੰਘ ਵੀਜੇ ਐਂਕਰ ਪ੍ਰਾਈਵੇਟ ਚੈਨਲ ਦੇ ਮੇਜ਼ਬਾਨ ਹਨ। ਭੁਪਿੰਦਰ ਸਿੰਘ ਮਾਗੋਨ ਬੈਂਡ ਜੋਸ਼ ਨਾਲ ਕਾਫੀ ਮਸ਼ਹੂਰ ਹਨ।
ਓਨਟਾਰੀਓ ਲਗਾਤਾਰ ਨਵੇਂ ਪਰਵਾਸੀਆਂ ਦਾ ਸਵਾਗਤ ਕਰਦਾ ਰਹੇਗਾ
ਨਵਾਂ ਇਮੀਗਰੇਸ਼ਨ ਪ੍ਰੋਗਰਾਮ ਵੀ ਕੀਤਾ ਲਾਗੂ
ਟੋਰਾਂਟੋ : ਓਨਟਾਰੀਓ ਸਰਕਾਰ ਪੂਰੀ ਦੁਨੀਆ ਵਿਚ ਨਵੇਂ ਹੁਨਰਮੰਦ ਅਤੇ ਕਾਰੋਬਾਰੀਆਂ ਦੀ ਮੱਦਦ ਲਈ ਸਕਿੱਲਡ ਵਰਕਰਾਂ ਦੀ ਖੋਜ ਦੇ ਸਬੰਧ ਵਿਚ ਇਕ ਨਵਾਂ ਪ੍ਰੋਗਰਾਮ ਲਾਗੂ ਕਰ ਰਹੀ ਹੈ। ਓਨਟਾਰੀਓ ਸਰਕਾਰ ਸੂਬੇ ਦੇ ਆਰਥਿਕ ਵਿਕਾਸ ਲਈ ਕਾਰੋਬਾਰੀਆਂ ਨੂੰ ਹਰ ਸੰਭਵ ਮੱਦਦ ਕਰਨ ਲਈ ਤਿਆਰ ਹੈ। ਓਨਟਾਰੀਓ ਸਰਕਾਰ ਇਮੀਗਰਾਂਟ ਨੌਮਨੀ ਪ੍ਰੋਗਰਾਮ ਪਹਿਲਾਂ ਤੋਂ ਹੀ ਸਫਲਤਾ ਪੂਰਵਕ ਚਲਾ ਰਹੀ ਹੈ ਅਤੇ ਹੁਣ ਇਸ ਵਿਚ ਹੋਰ ਵੀ ਸੋਧਾਂ ਕੀਤੀਆਂ ਜਾਣਗੀਆਂ।
ਸਿਟੀਜਨਸ਼ਿਪ ਐਂਡ ਇਮੀਗਰੇਸ਼ਨ ਮੰਤਰੀ ਐਲ ਵਾਨਿਜ਼ ਅਤੇ ਡਿਪਟੀ ਪ੍ਰੀਮੀਅਰ ਤੇ ਐਡਵਾਈਜ਼ਡ ਐਜੂਕੇਸ਼ਨ ਅਤੇ ਸਕਿੱਲਡ ਡਿਵੈਲਪਮੈਂਟ ਮੰਤਰੀ ਡੇਵ ਮੈਥਿਊਜ਼ ਨੇ ਲੰਘੇ ਦਿਨੀਂ ਯੂਨੀਵਰਸਿਟੀ ਆਫ ਟੋਰਾਂਟੋ ਵਿਚ ਇੰਟਰਨੈਸ਼ਨਲ ਐਕਸੀਪੀਰੀਐਂਸ ਪ੍ਰੋਗਰਾਮ ਦੇ ਮੌਕੇ ‘ਤੇ ਇਹ ਐਲਾਨ ਕੀਤਾ। ਓਨਟਾਰੀਓ ਦੀ ਇਕੌਨਮੀ ਨੂੰ ਮਹੱਤਵ ਦਿੰਦਿਆਂ ਹੋਇਆਂ ਫੈਡਰਲ ਸਰਕਾਰ ਨੇ ਸਾਲ 2017 ਦੇ ਲਈ ਨਾਮਨੀ ਦੀ ਸੰਖਿਆ ਨੂੰ 500 ਤੋਂ ਵਧਾ ਕੇ 6000 ਕਰ ਦਿੱਤਾ ਹੈ। ਓਆਈਐਨਪੀ ਇਕ ਨਵਾਂ ਪ੍ਰੋਗਰਾਮ ਹੈ, ਜਿਸ ਦੇ ਸਬੰਧ ਵਿਚ ਅਪਲਾਈ ਕਰਨ ਦਾ ਪ੍ਰੋਸੈਸ ਇਸ ਸਾਲ ਇਕ ਨਵੇਂ ਅਤੇ ਪੇਪਰਲੈਸ ਔਨਲਾਈਨ ਸਿਸਟਮ ਰਾਹੀਂ ਚਲਾਇਆ ਜਾਵੇਗਾ ਅਤੇ ਇਸ ਵਿਚ ਅਪਲਾਈ ਪ੍ਰਕਿਰਿਆ ਕਾਫੀ ਤੇਜ਼ ਹੋਵੇਗੀ। ਜਿਸ ਨਾਲ ਲੋਕਾਂ ਨੂੰ ਚੰਗੀਆਂ ਸੇਵਾਵਾਂ ਮਿਲਣੀਆਂ ਅਤੇ ਕਰਮਚਾਰੀਆਂ ਨੂੰ ਜਲਦ ਕੈਨੇਡਾ ਜਾਣ ਵਿਚ ਮੱਦਦ ਮਿਲੇਗੀ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …