ਸਿਖਲਾਈ ਪ੍ਰਾਪਤ ਕੁੱਤੇ ਵੀ ਕੋਵਿਡ-19 ਲਾਗ ਦਾ ਪਤਾ ਲਗਾ ਸਕਣਗੇ
ਲੰਡਨ/ਬਿਊਰੋ ਨਿਊਜ਼ : ਕਰੋਨਾ ਵਾਇਰਸ ਲਾਗ ਤੋਂ ਪੀੜਤ ਵਿਅਕਤੀਆਂ ਦੇ ਸਰੀਰ ਤੋਂ ਵੱਖ ਤਰ੍ਹਾਂ ਦੀ ਗੰਧ ਆਉਂਦੀ ਹੈ ਜਿਸ ਦਾ ਸਿਖਲਾਈ ਪ੍ਰਾਪਤ ਕੁੱਤੇ ਸਟੀਕ ਪਤਾ ਲਾ ਸਕਦੇ ਹਨ। ਇਹ ਦਾਅਵਾ ਬ੍ਰਿਟੇਨ ‘ਚ ਹੋਈ ਇਕ ਨਵੀਂ ਖੋਜ ‘ਚ ਕੀਤਾ ਗਿਆ ਹੈ। ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੌਪੀਕਲ ਮੈਡੀਸਿਨ (ਐੱਲਐੱਸਐੱਚਟੀਐੱਮ) ਨੇ ਇਹ ਖੋਜ ਚੈਰਿਟੀ ਮੈਡੀਕਲ ਡਿਟੈਕਸ਼ਨ ਡੌਗਜ਼ ਐਂਡ ਦਰਹਾਮ ਯੂਨੀਵਰਸਿਟੀ ਨਾਲ ਮਿਲ ਕੇ ਕੀਤੀ ਹੈ। ਇਸ ਨੂੰ ਆਪਣੀ ਤਰ੍ਹਾਂ ਦਾ ਮੁਕੰਮਲ ਅਧਿਐਨ ਕਰਾਰ ਦਿੱਤਾ ਗਿਆ ਹੈ ਜਿਸ ਨੂੰ ਕੁੱਤਿਆਂ ਦੀ ਸਿਖਲਾਈ, ਗੰਧ ਵਿਸ਼ਲੇਸ਼ਣ ਅਤੇ ਮਾਡਲਿੰਗ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ।
ਖੋਜੀਆਂ ਨੇ ਪਾਇਆ ਕਿ ਵਿਸ਼ੇਸ਼ ਢੰਗ ਨਾਲ ਸਿਖਲਾਈ ਪ੍ਰਾਪਤ ਕੁੱਤੇ ਬਿਮਾਰੀ ਨੂੰ 94.3 ਫ਼ੀਸਦ ਤੱਕ ਸੰਵੇਦਨਸ਼ੀਲਤਾ ਅਤੇ 92 ਫ਼ੀਸਦ ਸਟੀਕਤਾ ਨਾਲ ਪਤਾ ਲਗਾ ਲੈਂਦੇ ਹਨ। ਪਿਛਲੇ ਹਫ਼ਤੇ ਪ੍ਰਕਾਸ਼ਿਤ ਖੋਜ ਪੱਤਰ ਮੁਤਾਬਕ ਕੁੱਤੇ ਬਿਨਾਂ ਲੱਛਣ ਵਾਲੇ ਵਿਅਕਤੀਆਂ ‘ਚ ਲਾਗ ਦਾ ਪਤਾ ਲਗਾਉਣ ਦੇ ਨਾਲ-ਨਾਲ ਕਰੋਨਾ ਵਾਇਰਸ ਦੀਆਂ ਕਿਸਮਾਂ ‘ਚ ਵੀ ਫਰਕ ਕਰਨ ਦੇ ਸਮਰੱਥ ਹਨ। ਐੱਲਐੱਸਐੱਚਟੀਐੱਮ ‘ਚ ਰੋਗ ਕੰਟਰੋਲ ਵਿਭਾਗ ਦੇ ਮੁਖੀ ਪ੍ਰੋਫੈਸਰ ਜੇਮਸ ਲੋਗਾਨ ਨੇ ਕਿਹਾ ਕਿ ਨਵੀਂ ਤਰ੍ਹਾਂ ਦੇ ਵਾਇਰਸ ਦੇ ਮੁਲਕ ‘ਚ ਦਾਖ਼ਲ ਹੋਣ ਦੇ ਖ਼ਤਰੇ ਕਾਰਨ ਉਨ੍ਹਾਂ ਦੀ ਜਾਂਚ ‘ਚ ਕੁਝ ਸਮੇਂ ਲਈ ਅੜਿੱਕਾ ਪੈਦਾ ਹੋ ਸਕਦਾ ਹੈ। ਅਜਿਹੇ ‘ਚ ਕੁੱਤੇ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਜੇ ਹੋਰ ਅਧਿਐਨ ਕਰਨ ਦੀ ਲੋੜ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਅਸਲ ਮਾਹੌਲ ‘ਚ ਕੁੱਤੇ ਇਨ੍ਹਾਂ ਨਤੀਜਿਆਂ ਨੂੰ ਦੁਹਰਾ ਸਕਦੇ ਹਨ ਜਾਂ ਨਹੀਂ ਪਰ ਇਹ ਖੋਜ ਉਤਸ਼ਾਹਜਨਕ ਹੈ। ਖੋਜੀਆਂ ਨੇ ਦੱਸਿਆ ਕਿ ਮੈਡੀਕਲ ਡਿਟੈਕਸ਼ਨ ਡੌਗਜ਼ ਦੀ ਟੀਮ ਨੇ ਕੋਵਿਡ-19 ਦੀ ਪਛਾਣ ਕਰਨ ਲਈ ਕੁੱਤਿਆਂ ਨੂੰ ਸਿਖਲਾਈ ਦਿੱਤੀ।
ਇਸ ਦੌਰਾਨ ਸਰੀਰ ਦੀ ਗੰਧ ਦੀ ਵਰਤੋਂ ਕੀਤੀ ਗਈ ਜਿਸ ਲਈ ਰਾਸ਼ਟਰੀ ਸਿਹਤ ਸੇਵਾ ਨੇ ਮਾਸਕ, ਜੁਰਾਬਾਂ ਅਤੇ ਟੀਸ਼ਰਟਾਂ ਭੇਜੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ‘ਚ 3,758 ਨਮੂਨੇ ਇਕੱਤਰ ਕੀਤੇ ਗਏ ਅਤੇ ਜਾਂਚ ਲਈ 325 ਪਾਜ਼ੇਟਿਵ ਅਤੇ 675 ਨੈਗੇਟਿਵ ਨਮੂਨਿਆਂ ਨੂੰ ਟੈਸਟਿੰਗ ਲਈ ਚੁਣਿਆ ਗਿਆ।
ਮੈਡੀਕਲ ਡਿਟੈਕਸ਼ਨ ਡੌਗਜ਼ ਦੇ ਮੁੱਖ ਸਾਇੰਟਿਫਿਕ ਅਫ਼ਸਰ ਡਾਕਟਰ ਕਲੇਅਰ ਗੈਸਟ ਨੇ ਕਿਹਾ ਕਿ ਅਧਿਐਨ ਤੋਂ ਸਪੱਸ਼ਟ ਹੈ ਕਿ ਕੁੱਤੇ ਕਰੋਨਾ ਖਿਲਾਫ ਜੰਗ ‘ਚ ਸਹਾਇਤਾ ਕਰ ਸਕਦੇ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …