ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਦੀ ਸੁਰੱਖਿਆ ਲਈ ਪੰਜਾਬ ਰੇਂਜਰ ਦਾ ਵਿਸ਼ੇਸ਼ ਵਿੰਗ ਕਾਇਮ ਕੀਤਾ ਗਿਆ ਹੈ। ਮਿਲਟਰੀ ਜੀ.ਐਚ.ਕਿਊ. ਰਾਵਲਪਿੰਡੀ ਦੀ ਸਿਫ਼ਾਰਸ਼ ‘ਤੇ ਈ.ਸੀ.ਸੀ. ਨੇ ਕਰਤਾਰਪੁਰ ਲਾਂਘੇ ਦੀ ਸੁਰੱਖਿਆ ਨੂੰ ਸਮਰਪਿਤ ਪਾਕਿਸਤਾਨ ਰੇਂਜਰਜ਼ ਦੇ ਵਿਸ਼ੇਸ਼ ਵਿੰਗ ਲਈ 30 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ। ਕਰਤਾਰਪੁਰ ਲਾਂਘੇ ਦੀ ਸੁਰੱਖਿਆ ਲਈ ਫਿਲਹਾਲ ਪਾਕਿ ਵਲੋਂ ਪੰਜਾਬ ਰੇਂਜਰ, ਸਪੈਸ਼ਲ ਟੂਰਿਜ਼ਮ ਪੁਲਿਸ ਫੋਰਸ, ਈ. ਟੀ. ਪੀ. ਬੀ. ਪੁਲਿਸ ਸਮੇਤ ਕੁਝ ਹੋਰ ਸੁਰੱਖਿਆ ਏਜੰਸੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਇਲਾਵਾ ਲਾਂਘੇ ਦਾ ਰੱਖ-ਰਖਾਅ ਕਰਨ ਵਾਲੇ ਫ਼ਰੰਟੀਅਰ ਵਰਕਰਜ਼ ਆਰਗੇਨਾਈਜੇਸ਼ਨ ਵਲੋਂ 250 ਦੇ ਕਰੀਬ ਸੁਰੱਖਿਆ ਕਰਮਚਾਰੀ ਅਲੱਗ ਤੋਂ ਤਾਇਨਾਤ ਕੀਤੇ ਗਏ ਹਨ। ਪਾਕਿ ਸਰਕਾਰ ਨੇ ਕਰਤਾਰਪੁਰ ਸਾਹਿਬ ਵਿਖੇ ਪੰਜਾਬ ਰੇਂਜਰ ਦਾ ਵਿਸ਼ੇਸ਼ ਵਿੰਗ ਕਾਇਮ ਕਰਨ ਦਾ ਫ਼ੈਸਲਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੇ ਭਾਰਤੀ ਯਾਤਰੂਆਂ ਤੇ ਪਾਕਿਸਤਾਨੀ ‘ਵਿਜ਼ਟਰ’ ਦੀ ਗਿਣਤੀ ਵਿਚ ਹੋ ਰਹੇ ਲਗਾਤਾਰ ਵਾਧੇ ਨੂੰ ਧਿਆਨ ‘ਚ ਰੱਖ ਕੇ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ‘ਚ ਐਤਵਾਰ ਤੇ ਸਰਕਾਰੀ ਛੁੱਟੀ ਵਾਲੇ ਦਿਨ ਵੱਖ-ਵੱਖ ਸ਼ਹਿਰਾਂ ਤੋਂ 5 ਤੋਂ 8 ਹਜ਼ਾਰ ਤੱਕ ਵਿਜ਼ਟਰ ਤੇ ਭਾਰਤ ਵਲੋਂ ਰੋਜ਼ਾਨਾ 1500 ਦੇ ਕਰੀਬ ਯਾਤਰੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚ ਰਹੇ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …