ਲੰਡਨ : ਵੱਖ-ਵੱਖ ਸੰਗਠਨਾਂ ਦੇ ਵਿਅਕਤੀਆਂ ਨੇ ਨਾਗਰਿਕਤਾ (ਸੋਧ) ਕਾਨੂੰਨ ਖਿਲਾਫ ਲੰਡਨ ‘ਚ ਭਾਰਤੀ ਸਫ਼ਾਰਤਖ਼ਾਨੇ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਇਸ ਨੂੰ ਮੋਦੀ ਸਰਕਾਰ ਦੀ ‘ਅਸਫ਼ਲਤਾ’ ਕਰਾਰ ਦਿੱਤਾ। ਆਪਣੇ ਰਵਾਇਤੀ ਪਹਿਰਾਵੇ ਪਾ ਬੱਚਿਆਂ ਦੇ ਨਾਲ ਆਏ ਬ੍ਰਿਟਿਸ਼-ਅਸਾਮੀ ਭਾਈਚਾਰੇ ਦੇ ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਇਨ੍ਹਾਂ ‘ਤੇ ਅਸਾਮੀ ਭਾਸ਼ਾ ਤੇ ਅੰਗਰੇਜ਼ੀ ਵਿਚ ਲਿਖਿਆ ਸੀ ‘ਲੋਕਤੰਤਰ ਬਚਾਓ, ਕੈਬ ਰੋਕੋ।’ ਇਸ ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਕ ਮੁਜ਼ਾਹਰਾਕਾਰੀ ਨੇ ਕਿਹਾ ‘ਅਸਾਮ ਇਕਜੁੱਟ ਹੈ ਤੇ ਕੈਬ ਵੰਡ ਪਾਊ ਹੈ। ਵੰਡ ਨੂੰ ਨਕਾਰ ਦਿਓ ਤੇ ਏਕੇ ਦਾ ਸਵਾਗਤ ਕਰੋ।’ ਇਸ ਦੇ ਨਾਲ ਹੀ ਇੰਡੀਅਨ ਓਵਰਸੀਜ਼ ਕਾਂਗਰਸ ਦੀ ਬਰਤਾਨਵੀ ਇਕਾਈ ਨੇ ਵੀ ‘ਭਾਰਤ ਬਚਾਓ ਰੈਲੀ’ ਕੀਤੀ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਇਕ ਬੁਲਾਰੇ ਨੇ ਕਿਹਾ ‘ਇਹ ਰੈਲੀ ਮੋਦੀ ਸਰਕਾਰ ਦੀ ਨਾਕਾਮੀ ਦੇ ਖਿਲਾਫ ਹੈ, ਜਿਸ ‘ਚ ਆਰਥਿਕ ਸੰਕਟ, ਵੱਧ ਰਹੀ ਬੇਰੁਜ਼ਗਾਰੀ, ਕਿਸਾਨੀ ਸੰਕਟ ਤੇ ਵੰਡਪਾਊ ਸਿਆਸਤ ਸ਼ਾਮਲ ਹੈ।’ ਕਾਂਗਰਸ ਦੇ ਮੁਜ਼ਾਹਰਾਕਾਰੀਆਂ ਨੇ ਵੀ ਭਾਜਪਾ ਵਿਰੋਧੀ ਬੈਨਰ ਫੜੇ ਹੋਏ ਸਨ। ਇਕਾਈ ਦੇ ਪ੍ਰਧਾਨ ਕਮਲ ਧਾਲੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਬੇਢੰਗੀਆਂ ਨੀਤੀਆਂ ਤੋਂ ਸਮਾਜ ਦਾ ਹਰ ਵਰਗ ਦੁਖੀ ਹੈ। ਨੌਜਵਾਨਾਂ ਨੂੰ ਨੌਕਰੀਆਂ ਚਾਹੀਦੀਆਂ ਹਨ ਤੇ ਔਰਤਾਂ ਨੂੰ ਸੁਰੱਖਿਆ, ਕਿਸਾਨਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਭਾਜਪਾ ਸਰਕਾਰ ਦੇ ਵਾਅਦੇ-ਦਾਅਵੇ ਝੂਠੇ ਸਾਬਿਤ ਹੋਏ ਹਨ।
Check Also
ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ
20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …