Breaking News
Home / ਜੀ.ਟੀ.ਏ. ਨਿਊਜ਼ / ਦੇਵ ਚੌਹਾਨ ਬਣੇ ਕਤਲ ਕੇਸਾਂ ਦੀ ਇਨਵੈਸਟੀਗੇਸ਼ਨ ਟੀਮ ਦੇ ਮੁਖੀ

ਦੇਵ ਚੌਹਾਨ ਬਣੇ ਕਤਲ ਕੇਸਾਂ ਦੀ ਇਨਵੈਸਟੀਗੇਸ਼ਨ ਟੀਮ ਦੇ ਮੁਖੀ

ਟੋਰਾਂਟੋ : ਪੰਜਾਬੀ ਮੂਲ ਦੇ ਕੈਨੇਡੀਅਨ ਪੁਲਿਸ ਅਫ਼ਸਰ ਦੇਵ ਚੌਹਾਨ ਕੈਨੇਡਾ ਦੀ ਸਭ ਤੋਂ ਵੱਡੀ ਕਤਲ ਜਾਂਚ ਟੀਮ, ਇਨਟੈੱਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਬਣ ਗਏ ਹਨ। ਦੇਵ ਚੌਹਾਨ ਨੇ 27 ਜੂਨ ਨੂੰ ਆਪਣਾ ਅਹੁਦਾ ਸੰਭਾਲਿਆ ਹੈ। ਸੁਪਰਇੰਟੈਂਡੈਂਟ ਡੌਨਾ ਰਿਚਰਡਸਨ ਆਪਣੀ 30 ਸਾਲਾਂ ਦੀ ਸੇਵਾ ਤੋਂ ਬਾਅਦ ਸੇਵਾ-ਮੁਕਤ ਹੋ ਚੁੱਕੇ ਹਨ। ਉਹ 2016 ਤੋਂ ਇਸ ਅਹੁਦੇ ਉੱਤੇ ਸਨ।
ਦੇਵ ਚੌਹਾਨ ਹੁਣ ਪੁਲਿਸ ਦੇ ਜਾਂਚ-ਅਧਿਕਾਰੀਆਂ, ਵਿਸ਼ਲੇਸ਼ਕਾਂ ਤੇ ਸਿਵਲੀਅਨਾਂ ਦੀ ਅਗਵਾਈ ਕਰਨਗੇ। ਦੇਵ ਚੌਹਾਨ ਆਰਸੀਐਮਪੀ ਦੇ ਹੈਡਕੁਆਰਟਰਾਂ ਵਿੱਚ ਸਰੀ ਵਿੱਚ ਗਰੀਨ ਟਿੰਬਰਸ ਵਿਖੇ ਕੰਮ ਕਰਦੇ ਹਨ। ਟੀਮ ਵਿਚ ਆਰਸੀਐਮਪੀ, ਐਬਟਸਫੋਰਡ, ਨਿਊ ਵੈਸਟਮਿੰਸਟਰ, ਪੋਰਟ ਮੂਡੀ ਅਤੇ ਵੈਸਟ ਵੈਨਕੂਵਰ ਪੁਲਿਸ ਵਿਭਾਗਾਂ ਦੇ ਪੁਲਿਸ ਅਧਿਕਾਰੀ ਸ਼ਾਮਲ ਹਨ।ਬਹੁ-ਚਰਚਿੱਤ ਜੱਸੀ ਸਿੱਧੂ ਕਤਲ ਮਾਮਲੇ ਵਿਚ ਮਾਂ ਤੇ ਮਾਮੇ ਦੇ ਸਪੁਰਦਗੀ ਮਾਮਲੇ ਵਿਚ ਕੈਨੇਡਾ ਵਾਲੇ ਪਾਸੇ ਤੋਂ ਦੇਵ ਮੁੱਖ ਤਫ਼ਤੀਸ਼ ਕਰ ਰਹੇ ਹਨ। ਉਹ ਆਰਸੀਐਮਪੀ ਦੀ ਉਸ ਟੀਮ ਦੇ ਮੁਖੀ ਸਨ ਜਿਸ ਨੇ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਬਦੇਸ਼ਾ ਨੂੰ ਪੰਜਾਬ ਲਿਆਂਦਾ ਅਤੇ ਜੱਸੀ ਦੇ ਕਤਲ ਦੇ ਮੁਕੱਦਮੇ ਲਈ ਉਨਾਂ ਨੂੰ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ।
ਦੇਵ ਚੌਹਾਨ ਜਦੋ ਸੀਰੀਅਸ ਕ੍ਰਾਈਮ ਯੂਨਿਟ ਵਿਚ ਸਨ ਤਾਂ ਉਨਾਂ ਪੰਜਾਬ ਵਿਚ ਜੱਸੀ ਸਿੱਧੂ ਕਤਲ ਮਾਮਲੇ ਲਈ ਭਾਰਤ ਵਿਚ ਲੋੜੀਂਦੇ ਦੋ ਦੋਸ਼ੀ ਕੈਨੇਡੀਅਨ ਸਿਟੀਜ਼ਨਜ਼ ਦੀ ਹਵਾਲਗੀ ਸਬੰਧੀ ਆਪਣੀ ਅਹਿਮ ਭੂਮਿਕਾ ਨਿਭਾਈ। 2008 ਵਿਚ, ਉਨਾਂ ਨੂੰ ਸਾਰਜੰਟ ਬਣਾ ਦਿੱਤਾ ਗਿਆ ਅਤੇ ਪ੍ਰਾਂਤ ਦੇ ਡੀਐਨਏ ਪ੍ਰੋਗਰਾਮ ਦੀ ਕਾਰਗੁਜ਼ਾਰੀ ਅਤੇ ਪ੍ਰਭਾਵ ਨੂੰ ਵਧਾਉਣ ਲਈ ਉਨਾਂ ਨੇ ਸੂਬਾਈ ਡੀਐਨਏ ਤਾਲਮੇਲ ਪ੍ਰੋਗਰਾਮ ਦੇ ਇੰਚਾਰਜ ਈ ਡਿਵੀਜ਼ਨ ਮੇਜਰ ਜੁਰਮ ਵਿਭਾਗ- ਕ੍ਰਿਮਿਨਲ ਇਨਵੈਸਟੀਗੇਸ਼ਨ ਯੂਨਿਟ ਵਿਚ ਕੰਮ ਕੀਤਾ। 2013 ਵਿਚ ਉਹ ਗੰਭੀਰ ਅਪਰਾਧ ਇਕਾਈ ਵਿਚ ਪਰਤੇ ਅਤੇ 2015 ਵਿਚ ਸਰੀ ਡੀਟੈਚਮੈਂਟ ਦੇ ਮੇਜਰ ਕ੍ਰਾਈਮ ਸੈਕਸ਼ਨ ਦੇ ਸਟਾਫ਼ ਸਾਰਜੰਟ ਵਜੋਂ ਤਰੱਕੀ ਦਿੱਤੀ ਗਈ ਜਿੱਥੇ ਉਨਾਂ ਸਫਲ ਮੁਕੱਦਮਾ ਚਲਾਉਣ ਦੇ ਨਾਲ ਕਈ ਉੱਚ ਪ੍ਰੋਫਾਈਲ ਸ਼ੂਟਿੰਗ ਕੇਸਾਂ ਦੀ ਜਾਂਚ ਕੀਤੀ।
ਦੇਵ ਚੌਹਾਨ 1985 ਵਿਚ ਪੰਜਾਬ ਦੇ ਮੱਲ ਪੁਰ ਪਿੰਡ ਤੋਂ ਕੈਨੇਡਾ ਆਏ ਸਨ। ਮਾਰਚ 1991 ਨੂੰ ਆਰਸੀਐਮਪੀ ਵਿਚ ਸ਼ਾਮਲ ਹੋਏ ਸਨ ਅਤੇ ਛੇ ਮਹੀਨਿਆਂ ਦੀ ਸਿਖਲਾਈ ਲਈ ਰੈਜੀਨਾ ਨੂੰ ਭੇਜੇ ਗਏ। ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ, ਉਹਨਾਂ ਨੇ ਪ੍ਰਿੰਸ ਜਾਰਜ ਡੀਟੈਚਮੈਂਟ ਵਿੱਚ ਆਪਣੀ ਸੇਵਾ ਨਿਭਾਈ ਜਿੱਥੇ ਉਨਾਂ ਜਨਰਲ ਡਿਊਟੀ, ਟਰੈਫਿਕ ਸੈਕਸ਼ਨ, ਡਰੱਗ ਇਨਵੈਸਟੀਗੇਸ਼ਨ ਯੂਨਿਟ, ਪ੍ਰਾਪਰਟੀ ਕ੍ਰਾਈਮ ਯੂਨਿਟ ਅਤੇ ਸੀਰੀਜ਼ ਕ੍ਰਾਈਮ ਯੂਨਿਟ ਸਮੇਤ ਕਈ ਵਰਗਾਂ ਵਿੱਚ ਕੰਮ ਕੀਤੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …