ਡਾਕਟਰ ਦੀ ਸਲਾਹ ਅਨੁਸਾਰ ਪ੍ਰਧਾਨ ਮੰਤਰੀ ਲਗਵਾਉਣਗੇ ਦੂਜਾ ਟੀਕਾ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਅਪ੍ਰੈਲ ਮਹੀਨੇ ‘ਚ ਕਰੋਨਾ ਵੈਕਸੀਨ ਐਸਟ੍ਰਾਜ਼ੈਨੇਕਾ ਦਾ ਪਹਿਲੀ ਡੋਜ਼ ਲਗਵਾਈ ਸੀ। ਪਹਿਲੀ ਡੋਜ਼ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਡਾਕਟਰ ਦੀ ਸਲਾਹ ਅਨੁਸਾਰ ਦੂਜੀ ਡੋਜ਼ ਲੈਣ ਲਈ ਵੀ ਤਿਆਰ ਹਨ। ਕੰਸਰਵੇਟਿਵ ਐਮਪੀ ਤੇ ਹੈਲਥ ਕ੍ਰਿਟਿਕ ਮਿਸੇਲ ਰੈਂਪਲ ਗਾਰਨਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਆਖਿਆ ਕਿ ਉਨ੍ਹਾਂ ਦੇ ਡਾਕਟਰਾਂ ਦੀ ਸਲਾਹ ਅਨੁਸਾਰ ਜਦੋਂ ਵੀ ਉਨ੍ਹਾਂ ਨੂੰ ਵੈਕਸੀਨੇਸ਼ਨ ਦੀ ਪੇਸ਼ਕਸ਼ ਕੀਤੀ ਜਾਵੇ ਉਹ ਦੂਜੀ ਡੋਜ਼ ਲਵਾ ਲੈਣ।
ਕਈ ਕੈਨੇਡੀਅਨ ਇਹ ਪੁੱਛ ਰਹੇ ਹਨ ਕਿ ਉਨ੍ਹਾਂ ਵੱਲੋਂ ਐਸਟ੍ਰਾਜ਼ੈਨੇਕਾ ਦੀ ਪਹਿਲੀ ਡੋਜ਼ ਲਵਾਈ ਗਈ ਹੈ ਤੇ ਹੁਣ ਉਨ੍ਹਾਂ ਨੂੰ ਇਸੇ ਵੈਕਸੀਨ ਦੀ ਦੂਜੀ ਡੋਜ਼ ਲਵਾਉਣੀ ਚਾਹੀਦੀ ਹੈ ਜਾਂ ਕਿਸੇ ਦੂਜੀ ਵੈਕਸੀਨ ਦੀ ਡੋਜ਼ ਲਵਾਉਣੀ ਚਾਹੀਦੀ ਹੈ।
ਇਹ ਸਵਾਲ ਇਸ ਲਈ ਉੱਠ ਰਹੇ ਹਨ ਕਿਉਂਕਿ ਕਈ ਪ੍ਰੋਵਿੰਸਾਂ ਵੱਲੋਂ ਇਸ ਹਫਤੇ ਇਸ ਵੈਕਸੀਨ ਦੀ ਵਰਤੋਂ ਸੀਮਤ ਕਰ ਦਿੱਤੀ ਗਈ ਹੈ। ਇਸ ਪਿੱਛੇ ਵੀ ਦੋ ਕਾਰਨ ਹਨ ਇੱਕ ਤਾਂ ਐਸਟ੍ਰਾਜ਼ੈਨੇਕਾ ਦੀ ਸਪਲਾਈ ਘੱਟ ਮਿਲ ਰਹੀ ਹੈ ਤੇ ਦੂਜਾ ਬਲੱਡ ਕਲੌਟ ਦੀਆਂ ਮਿਲ ਰਹੀਆਂ ਰਿਪੋਰਟਾਂ ਕਾਰਨ ਡਾਕਟਰ ਅਹਿਤਿਆਤ ਵਰਤਣੀ ਚਾਹੁੰਦੇ ਹਨ। ਕਈ ਪ੍ਰੋਵਿੰਸਾਂ ਵੱਲੋਂ ਐਸਟ੍ਰਾਜੈਨੇਕਾ ਦੀ ਪਹਿਲੀ ਡੋਜ਼ ਹੀ ਰੋਕਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਕਿ ਉਨ੍ਹਾਂ ਲੋਕਾਂ ਨੂੰ ਇਸ ਵੈਕਸੀਨ ਦੀ ਦੂਜੀ ਡੋਜ਼ ਦਿੱਤੀ ਜਾ ਸਕੇ ਜਿਹੜੇ ਪਹਿਲਾਂ ਇਹੋ ਵੈਕਸੀਨ ਲਵਾ ਚੁੱਕੇ ਹਨ। ਹਾਲਾਂਕਿ ਓਨਟਾਰੀਓ, ਜਿੱਥੇ ਟਰੂਡੋ ਨੇ ਆਪਣੀ ਪਹਿਲੀ ਡੋਜ਼ ਲਈ ਸੀ, ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਅਜੇ ਤੱਕ ਇਸ ਸਬੰਧ ਵਿੱਚ ਫੈਸਲਾ ਨਹੀਂ ਕੀਤਾ ਗਿਆ ਹੈ ਕਿ ਕੀ ਐਸਟ੍ਰਾਜ਼ੈਨੇਕਾ ਦੀ ਦੂਜੀ ਡੋਜ਼ ਲਗਾਈ ਜਾਵੇ ਜਾਂ ਨਹੀਂ। ਇਸ ਨਾਲ ਵਾਇਲਾਂ ਦੇ ਐਕਸਪਾਇਰ ਹੋਣ ਦਾ ਖਤਰਾ ਵੀ ਬਣਿਆ ਹੋਇਆ ਹੈ।
ਇਸ ਦੌਰਾਨ ਵੈਕਸੀਨ ਦੀਆਂ ਡੋਜ਼ਾਂ ਮਿਕਸ ਕਰਕੇ ਦੇਣ ਦੇ ਸਬੰਧ ਵਿੱਚ ਵੀ ਚਰਚਾ ਚੱਲ ਰਹੀ ਹੈ। ਇਹ ਪਤਾ ਲਾਉਣ ਦੀ ਵੀ ਕੋਸ਼ਿਸ਼ ਚੱਲ ਰਹੀ ਹੈ ਕਿ ਐਸਟ੍ਰਾਜ਼ੈਨੇਕਾ ਦੀ ਪਹਿਲੀ ਡੋਜ਼ ਲਵਾਉਣ ਵਾਲਿਆਂ ਲਈ ਕਿਸੇ ਹੋਰ ਵੈਕਸੀਨ ਦੀ ਦੂਜੀ ਡੋਜ਼ ਲਵਾਉਣੀ ਫਾਇਦੇਮੰਦ ਹੋਵੇਗਾ ਜਾਂ ਨਹੀਂ। ਪ੍ਰੋਵਿੰਸ਼ੀਅਲ ਹੈਲਥ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹੈਲਥ ਕੈਨੇਡਾ ਤੇ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਵੱਲੋਂ ਦਿੱਤੀ ਜਾਣ ਵਾਲੀ ਕਿਸੇ ਸੇਧ ਦੀ ਉਡੀਕ ਕਰ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …