ਓਨਟਾਰੀਓ/ਬਿਊਰੋ ਨਿਊਜ਼ : 11ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹਾਈ ਸਕੂਲ ਛੱਡ ਕੇ ਪੂਰੀ ਤਰ੍ਹਾਂ ਅਪਰੈਂਟਸ਼ਿਪ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਦੇ ਪ੍ਰੋਵਿੰਸ ਦੇ ਪ੍ਰਸਤਾਵਿਤ ਪਲੈਨ ਐਜੂਕੇਸ਼ਨ ਐਡਵੋਕੇਸੀ ਗਰੁੱਪ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਪ੍ਰੋਵਿੰਸ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਵਿਦਿਆਰਥੀਆਂ ਨੂੰ ਹਾਈ ਸਕੂਲ ਦੇ ਆਪਣੇ ਫਾਈਨਲ ਦੋ ਸਾਲਾਂ ਨੂੰ ਛੱਡ ਕੇ ਸਕਿੱਲਡ ਟਰੇਡਜ਼ ਵਿੱਚ ਅਪਰੈਂਟਿਸਸ਼ਿਪ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਵੇਗਾ। ਪਰ ਬੁੱਧਵਾਰ ਨੂੰ ਪੀਪਲ ਫੌਰ ਐਜੂਕੇਸ਼ਨ ਵੱਲੋਂ ਇਸ ਤਬਦੀਲੀ ਨਾਲ ਜੁੜੀਆਂ ਆਪਣੀਆਂ ਚਿੰਤਾਵਾਂ ਨੂੰ ਪ੍ਰਗਟਾਉਂਦੀ ਰਿਪੋਰਟ ਜਾਰੀ ਕੀਤੀ ਗਈ।
ਇੱਕ ਨਿਊਜ਼ ਰਲੀਜ਼ ਵਿੱਚ ਇਸ ਗਰੁੱਪ ਨੇ ਆਖਿਆ ਕਿ ਜੇ ਇਹ ਪਲੈਨ ਲਾਗੂ ਹੁੰਦਾ ਹੈ ਤਾਂ ਇਸ ਨਾਲ ਓਨਟਾਰੀਓ ਹੀ ਕੈਨੇਡਾ ਦਾ ਅਜਿਹਾ ਇੱਕਮਾਤਰ ਪ੍ਰੋਵਿੰਸ ਬਣ ਜਾਵੇਗਾ ਜਿਹੜਾ ਵਿਦਿਆਰਥੀਆਂ ਨੂੰ ਹਾਈ ਸਕੂਲ ਦੀ ਆਪਣੀ ਪੜ੍ਹਾਈ ਛੱਡ ਕੇ ਫੁੱਲ ਟਾਈਮ ਅਪਰੈਂਟਿਸਸ਼ਿਪ ਵਿੱਚ ਦਾਖਲ ਹੋਣ ਦੀ ਖੁੱਲ੍ਹ ਦੇਵੇਗਾ। ਸਗੋਂ ਹੋਣਾ ਇਹ ਚਾਹੀਦਾ ਹੈ ਕਿ ਬੱਚਿਆਂ ਨੂੰ ਆਪਣੇ ਹਾਈ ਸਕੂਲ ਦਾ ਡਿਪਲੋਮਾ ਕਰਨ ਦੇ ਨਾਲ ਨਾਲ ਅਪਰੈਂਟਿਸਸ਼ਿਪ ਕਰਵਾਉਣੀ ਚਾਹੀਦੀ ਹੈ।ਪੀਪਲ ਫੌਰ ਐਜੂਕੇਸ਼ਨ ਨੇ ਇਹ ਮੰਨਿਆ ਕਿ ਤਬਦੀਲੀ ਦੀ ਲੋੜ ਹੈ ਤੇ ਬੱਚਿਆਂ ਨੂੰ ਸਕਿੱਲਡ ਟਰੇਡਜ਼ ਵਿੱਚ ਕਰੀਅਰ ਬਣਾਉਣ ਲਈ ਹੱਲਾਸੇਰੀ ਦੇਣ ਤੇ ਉਤਸਾਹਿਤ ਕਰਨ ਦੀ ਲੋੜ ਵੀ ਹੈ। ਪਰ ਪ੍ਰੋਵਿੰਸ ਦਾ ਇਹ ਪ੍ਰਸਤਾਵ ਪੂਰੀ ਤਰ੍ਹਾਂ ਸਹੀ ਨਹੀਂ ਹੈ ਸਗੋਂ ਇਸ ਵਿੱਚ ਕਈ ਊਣਤਾਈਆਂ ਹਨ।
ਗਰੁੱਪ ਨੇ ਆਖਿਆ ਕਿ ਹਾਈ ਸਕੂਲ ਡਿਪਲੋਮਾ ਕਈ ਤਰ੍ਹਾਂ ਦੀਆਂ ਚੰਗੀਆਂ ਨੌਕਰੀਆਂ ਲਈ ਪਹਿਲੀ ਸ਼ਰਤ ਹੈ, ਇਨ੍ਹਾਂ ਵਿੱਚ ਸਕਿੱਲਡ ਟਰੇਡਜ਼ ਵੀ ਸ਼ਾਮਲ ਹਨ, ਵਿਦਿਆਰਥੀ 11ਵੀਂ ਤੇ 12ਵੀਂ ਦੇ ਕੋਰਸਾਂ ਵਿੱਚ ਕਈ ਤਰ੍ਹਾਂ ਦੇ ਹੁਨਰ ਸਿੱਖਦੇ ਹਨ ਤੇ ਗਿਆਨ ਹਾਸਲ ਕਰਦੇ ਹਨ।
ਗਰੁੱਪ ਨੇ ਇਹ ਵੀ ਆਖਿਆ ਕਿ ਜਿਹੜੇ ਵਿਦਿਆਰਥੀ ਐਪਲਾਈਡ ਕੋਰਸ ਲੈਂਦੇ ਹਨ ਉਨ੍ਹਾਂ ਦਾ ਗ੍ਰੈਜੂਏਟ ਹੋਣਾ ਸੰਭਵ ਨਹੀਂ ਹੈ ਤੇ ਨਾ ਹੀ ਉਹ ਪੋਸਟ ਗ੍ਰੈਜੂਏਸ਼ਨ ਵੱਲ ਹੀ ਮੂੰਹ ਕਰਦੇ ਹਨ।