Breaking News
Home / ਭਾਰਤ / ਪ੍ਰਧਾਨ ਮੰਤਰੀ ਮੋਦੀ ਨੂੰ ਮਿਸਰ ਦਾ ਸਰਵਉਚ ਸਨਮਾਨ

ਪ੍ਰਧਾਨ ਮੰਤਰੀ ਮੋਦੀ ਨੂੰ ਮਿਸਰ ਦਾ ਸਰਵਉਚ ਸਨਮਾਨ

ਮੋਦੀ ਵੱਲੋਂ ‘ਆਰਡਰ ਆਫ ਦਿ ਨਾਇਲ’ ਲਈ ਮਿਸਰ ਦਾ ਸ਼ੁਕਰਾਨਾ
ਕਾਹਿਰਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਸਰ ਦੇ ਸਰਵਉੱਚ ਸਨਮਾਨ ‘ਆਰਡਰ ਆਫ ਦਿ ਨਾਇਲ’ ਨਾਲ ਸਨਮਾਨਿਤ ਕੀਤਾ ਗਿਆ ਹੈ।
ਰਾਸ਼ਟਰਪਤੀ ਅਬਦੇਲ ਫਤਹਿ ਅਲ-ਸੀਸੀ ਨੇ ਪ੍ਰਧਾਨ ਮੰਤਰੀ ਨੂੰ ਇਹ ਸਨਮਾਨ ਉਨ੍ਹਾਂ ਦੀ ਮਿਸਰ ਯਾਤਰਾ ਦੌਰਾਨ ਦਿੱਤਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਬਹੁਤ ਹੀ ਨਿਰਮਾਣਤਾ ਨਾਲ ਮੈਂ ‘ਆਰਡਰ ਆਫ ਦਿ ਨਾਇਲ’ ਸਵੀਕਾਰ ਕਰਦਾ ਹਾਂ। ਮੈਂ ਇਸ ਸਨਮਾਨ ਲਈ ਮਿਸਰ ਸਰਕਾਰ ਤੇ ਇੱਥੋਂ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਇਹ ਭਾਰਤ ਤੇ ਸਾਡੇ ਦੇਸ਼ ਦੇ ਲੋਕਾਂ ਪ੍ਰਤੀ ਉਨ੍ਹਾਂ ਦੀ ਗਰਮਜੋਸ਼ੀ ਤੇ ਪਿਆਰ ਨੂੰ ਦਰਸਾਉਂਦਾ ਹੈ।’
ਸਾਲ 1915 ‘ਚ ਸ਼ੁਰੂ ਕੀਤਾ ਗਿਆ ਇਹ ਸਨਮਾਨ ਉਨ੍ਹਾਂ ਮੁਲਕਾਂ ਦੇ ਮੁਖੀਆਂ, ਸ਼ਹਿਜ਼ਾਦਿਆਂ ਤੇ ਉੱਪ ਰਾਸ਼ਟਰਪਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਮਿਸਰ ਜਾਂ ਮਨੁੱਖਤਾ ਦੀ ਵੱਡਮੁੱਲੀ ਸੇਵਾ ਕੀਤੀ ਹੋਵੇ। ਵੱਖ ਵੱਖ ਮੁਲਕਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਇਹ 13ਵਾਂ ਸਰਵਉੱਚ ਸਰਕਾਰੀ ਸਨਮਾਨ ਹੈ। ਰਾਸ਼ਟਰਪਤੀ ਅਬਦੇਲ ਫਤਹਿ ਅਲ-ਸੀਸੀ ਦੇ ਸੱਦੇ ‘ਤੇ ਮਿਸਰ ਦੀ ਉਨ੍ਹਾਂ ਦੀ ਦੋ ਰੋਜ਼ਾ ਸਰਕਾਰੀ ਯਾਤਰਾ 1997 ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੈ। ਉਨ੍ਹਾਂ ਰਾਸ਼ਟਰਪਤੀ ਅਲ-ਸੀਸੀ ਨਾਲ ਗੱਲਬਾਤ ਕੀਤੀ ਅਤੇ ਵਪਾਰ ਤੇ ਨਿਵੇਸ਼, ਊਰਜਾ ਸਬੰਧਾਂ ਤੇ ਲੋਕਾਂ ਵਿਚਾਲੇ ਸਬੰਧਾਂ ‘ਚ ਸੁਧਾਰ ਦੇਣ ਦੇ ਨਾਲ ਨਾਲ ਦੋਵਾਂ ਮੁਲਕਾਂ ਵਿਚਾਲੇ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਗੱਲਬਾਤ ਦੌਰਾਨ ਦੁਨੀਆਂ ਭਰ ‘ਚ ਵਾਪਰ ਰਹੀਆਂ ਅਹਿਮ ਘਟਨਾਵਾਂ ਦੀ ਸਮੀਖਿਆ ਵੀ ਕੀਤੀ। ਮੋਦੀ ਤੇ ਅਲ-ਸੀਸੀ ਨੇ ਇਸ ਦੌਰਾਨ ਇੱਕ ਰਣਨੀਤਕ ਭਾਈਵਾਲੀ ਸਬੰਧੀ ਦਸਤਾਵੇਜ਼ ‘ਤੇ ਦਸਤਖ਼ਤ ਵੀ ਕੀਤੇ।
ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਦੱਸਿਆ, ‘ਰਣਨੀਤਕ ਭਾਈਵਾਲੀ ਬਾਰੇ ਸਮਝੌਤੇ ਤੋਂ ਇਲਾਵਾ ਦੋਵਾਂ ਮੁਲਕਾਂ ਨੇ ਖੇਤੀ ਤੇ ਸਬੰਧਤ ਖੇਤਰਾਂ, ਸਮਾਰਕਾਂ ਤੇ ਪੁਰਾਤੱਤਵ ਥਾਵਾਂ ਦੀ ਸੁਰੱਖਿਆ ਤੇ ਸੰਭਾਲ ਅਤੇ ਕੌਮਾਂਤਰੀ ਕਾਨੂੰਨ ਬਾਰੇ ਤਿੰਨ ਹੋਰ ਸਮਝੌਤਿਆਂ ‘ਤੇ ਵੀ ਦਸਤਖਤ ਕੀਤੇ।’ ਦੋਵਾਂ ਆਗੂਆਂ ਨੇ ਜੀ-20 ‘ਚ ਅਗਲੇਰੇ ਸਹਿਯੋਗ ਬਾਰੇ ਵੀ ਚਰਚਾ ਕੀਤੀ ਜਿਸ ‘ਚ ਖੁਰਾਕ ਤੇ ਊਰਜਾ ਸੁਰੱਖਿਆ, ਵਾਤਾਵਰਨ ਤਬਦੀਲੀ ਦੇ ਮੁੱਦੇ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਅਲ-ਸੀਸੀ ਨੂੰ ਸਤੰਬਰ ‘ਚ ਨਵੀਂ ਦਿੱਲੀ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਪ੍ਰਧਾਨ ਮੰਤਰੀ ਵੱਲੋਂ ਮਿਸਰ ਦੀਯਾਤਰਾ ਇਤਿਹਾਸਕ ਕਰਾਰ
ਪ੍ਰਧਾਨ ਮੰਤਰੀ ਨੇ ਮਿਸਰ ਦੀ ਆਪਣੀ ਪਹਿਲੀ ਯਾਤਰਾ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਯਾਤਰਾ ਨਾਲ ਭਾਰਤ ਤੇ ਮਿਸਰ ਦੇ ਲੋਕਾਂ ਦੇ ਸਬੰਧਾਂ ‘ਚ ਨਵੀਂ ਊਰਜਾ ਆਵੇਗੀ ਅਤੇ ਇਸ ਨਾਲ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਲਾਹਾ ਮਿਲੇਗਾ।

 

Check Also

‘ਆਪ’ ਦਾ ਦਾਅਵਾ : ਕੇਜਰੀਵਾਲ ਦਾ ਸ਼ੂਗਰ ਲੈਵਲ 50 ਤੱਕ ਘਟਿਆ

‘ਇੰਡੀਆ’ ਬਲਾਕ 30 ਜੁਲਾਈ ਨੂੰ ਕੇਜਰੀਵਾਲ ਦੇ ਸਮਰਥਨ ’ਚ ਕਰੇਗਾ ਰੈਲੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ …