ਪਹਿਲਵਾਨਾਂ ਮੁਤਾਬਕ ਸਰਕਾਰ ਨੇ ਚਾਰਜਸ਼ੀਟ ਦਾਖਲ ਕਰਨ ਦਾ ਵਾਅਦਾ ਪੂਰਾ ਕੀਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਹਿਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨੇ ਆਪਣਾ ਸੰਘਰਸ਼ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਚਾਰਜਸ਼ੀਟ ਦਾਇਰ ਕਰਨ ਦਾ ਵਾਅਦਾ ਪੂਰਾ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ‘ਤੇ ਜਿਨਸੀ ਛੇੜਛਾੜ ਦੇ ਆਰੋਪ ਲਾਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੜਾਈ ਹੁਣ ਅਦਾਲਤ ਵਿਚ ਲੜੀ ਜਾਵੇਗੀ ਨਾ ਕਿ ਸੜਕਾਂ ਉਤੇ।
ਵਿਨੇਸ਼ ਤੇ ਸਾਕਸ਼ੀ ਨੇ ਨਾਲ ਹੀ ਕਿਹਾ ਕਿ ਉਹ ਥੋੜ੍ਹੇ ਸਮੇਂ ਲਈ ਸੋਸ਼ਲ ਮੀਡੀਆ ਤੋਂ ਵੀ ਹਟ ਰਹੇ ਹਨ। ਮਲਿਕ ਨੇ ਪਿਛਲੇ ਦਿਨੀਂ ਟਵਿੱਟਰ ‘ਤੇ ਲਿਖਿਆ ਕਿ ਉਹ ਹੁਣ ਅਦਾਲਤ ਵਿਚ ਇਨਸਾਫ਼ ਦੀ ਲੜਾਈ ਲੜਨਗੇ। ਬਾਕੀ ਪਹਿਲਵਾਨਾਂ ਨੇ ਵੀ ਇਸੇ ਤਰ੍ਹਾਂ ਦੇ ਟਵੀਟ ਕੀਤੇ ਜਿਸ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਜਪਾ ਸੰਸਦ ਮੈਂਬਰ ਖਿਲਾਫ ਚਾਰਜਸ਼ੀਟ ਦਾਖਲ ਕਰਨ ਦਾ ਵਾਅਦਾ ਪੂਰਾ ਕੀਤਾ ਹੈ।
ਤਿੰਨ ਪਹਿਲਵਾਨਾਂ ਵੱਲੋਂ ਕੀਤੇ ਟਵੀਟ ਮੁਤਾਬਕ, ‘ਸੱਤ ਜੂਨ ਨੂੰ ਹੋਈ ਗੱਲਬਾਤ ਅਨੁਸਾਰ ਸਰਕਾਰ ਨੇ ਸਾਡੀਆਂ ਮੰਗਾਂ ਮੰਨ ਲਈਆਂ ਹਨ। ਦਿੱਲੀ ਪੁਲਿਸ ਨੇ ਛੇ ਮਹਿਲਾ ਪਹਿਲਵਾਨਾਂ ਵੱਲੋਂ ਦਰਜ ਕਰਵਾਈ ਐਫਆਈਆਰ ਦੇ ਆਧਾਰ ‘ਤੇ ਜਾਂਚ ਮਗਰੋਂ 15 ਜੂਨ ਨੂੰ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਉਹ ਕੁਸ਼ਤੀ ਫੈਡਰੇਸ਼ਨ ਦੀਆਂ ਨਵੇਂ ਸਿਰਿਓਂ ਹੋਣ ਵਾਲੀਆਂ ਚੋਣਾਂ ਦੀ ਉਡੀਕ ਕਰਨਗੇ ਜੋ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ 11 ਜੁਲਾਈ ਨੂੰ ਹੋਣੀਆਂ ਹਨ। ਪਹਿਲਵਾਨਾਂ ਨੇ ਕਿਹਾ ਕਿ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਮਹਿਲਾ ਪਹਿਲਵਾਨਾਂ ਨੇ ਦਿੱਲੀ ਹਾਈ ਕੋਰਟ ਦਾ ਰੁਖ਼ ਕਰ ਕੇ ਬ੍ਰਿਜ ਭੂਸ਼ਣ ਖਿਲਾਫ ਦਾਇਰ ਚਾਰਜਸ਼ੀਟ ਦੀ ਨਕਲ ਮੰਗੀ ਹੈ। ਪੁਲਿਸ ਨੇ ਬ੍ਰਿਜ ਭੂਸ਼ਣ ਖਿਲਾਫ 15 ਜੂਨ ਨੂੰ ਆਈਪੀਸੀ ਧਾਰਾ 354, 354ਏ, 354ਡੀ ਤੇ 506 ਤਹਿਤ ਐਫਆਈਆਰ ਦਰਜ ਕੀਤੀ ਸੀ। ਵਧੀਕ ਮੁੱਖ ਮੈਟਰੋਪੌਲੀਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੇ ਸ਼ਿਕਾਇਤਕਰਤਾਵਾਂ ਦੇ ਵਕੀਲ ਨੂੰ ਅਦਾਲਤ ਤੋਂ ਐਫਆਈਆਰ ਦੀ ਕਾਪੀ ਲੈਣ ਲਈ ਅਰਜ਼ੀ ਦੇਣ ਲਈ ਕਿਹਾ ਹੈ। ਉਨ੍ਹਾਂ ਹੀ ਚਾਰਜਸ਼ੀਟ ‘ਤੇ ਵਿਚਾਰ ਕਰਨਾ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …