ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਪਵਨ ਬਾਂਸਲ ਨੈਸ਼ਨਲ ਹੈਰਾਲਡ ਅਖ਼ਬਾਰ ਦੀ ਮਾਲਕੀ ਤੇ ਪਾਰਟੀ ਹਮਾਇਤੀ ‘ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ’ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ‘ਚ ਪੁੱਛ ਪੜਤਾਲ ਲਈ ਨਵੀਂ ਦਿੱਲੀ ਵਿਖੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਏ।
ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਮੰਗਲਵਾਰ ਸਵੇਰੇ ਕਰੀਬ 10 ਵਜੇ ਮੱਧ ਦਿੱਲੀ ਸਥਿਤ ਏਜੰਸੀ ਦੇ ਨਵੇਂ ਹੈਡਕੁਆਰਟਰ ‘ਚ ਕਈ ਫਾਈਲਾਂ ਆਪਣੇ ਨਾਲ ਲੈ ਕੇ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਐਕਟ ਤਹਿਤ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਈਡੀ ਨੇ ਬੀਤੇ ਦਿਨ ਸੀਨੀਅਰ ਕਾਂਗਰਸ ਆਗੂ ਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਤੋਂ ਵੀ ਇਸ ਮਾਮਲੇ ‘ਚ ਪੰਜ ਘੰਟੇ ਪੁੱਛ ਪੜਤਾਲ ਕੀਤੀ ਸੀ। ਨੈਸ਼ਨਲ ਹੈਰਾਲਡ ਦਾ ਪ੍ਰਕਾਸ਼ਨ ‘ਐਸੋਸੀਏਟਿਡ ਜਰਨਲਜ਼ ਲਿਮਿਟਡ’ (ਏਜੇਐੱਲ) ਕਰਦੀ ਹੈ ਅਤੇ ਉਸ ਦਾ ਮਾਲਕਾਨਾ ਹੱਕ ‘ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ’ ਕੋਲ ਹੈ।
ਅਜਿਹਾ ਦੱਸਿਆ ਜਾਂਦਾ ਹੈ ਕਿ ਖੜਗੇ ‘ਯੰਗ ਇੰਡੀਅਨ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪਵਨ ਬਾਂਸਲ ਏਜੇਐੱਲ ਦੇ ਡਾਇਰੈਕਟਰ ਜਨਰਲ ਤੇ ਕਾਂਗਰਸ ਦੇ ਅੰਤਰਿਮ ਖਜ਼ਾਨਚੀ ਵੀ ਹਨ।