ਫੌਜ ਦੀ ਪੰਜਾਬ ਰੈਜੀਮੈਂਟ ਨੂੰ ਮਿਲਿਆ ਬੈਸਟ ਮਾਰਚਿੰਗ ਦਸਤੇ ਦਾ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਪਰੇਡ ਦੌਰਾਨ ਕਰਤਵਯ ਪਥ ’ਤੇ ਪ੍ਰਦਰਸ਼ਿਤ ਕੀਤੀਆਂ ਗਈਆਂ ਸਾਰੀਆਂ ਝਾਕੀਆਂ ਵਿਚੋਂ ਉਤਰਾਖੰਡ ਦੀ ਝਾਕੀ ਨੂੰ ਪਹਿਲਾ ਪੁਰਸਕਾਰ ਮਿਲਿਆ ਹੈ। ਉਤਰਾਖੰਡ ਨੇ ਰਾਜ ਦੇ ਧਾਰਮਿਕ ਸਥਾਨਾਂ ਅਤੇ ਵਣਜੀਵਾਂ ਦੀ ਥੀਮ ’ਤੇ ਝਾਕੀ ਦਿਖਾਈ ਸੀ। ਉਤਰਾਖੰਡ ਦੀ ਝਾਕੀ ਵਿਚ ਸਭ ਤੋਂ ਅੱਗੇ ਕੌਰਬਟ ਨੈਸ਼ਨਲ ਪਾਰਕ ਵਿਚ ਹਿਰਨ, ਬਾਰਾਂਸਿੰਗਾ ਅਤੇ ਕਈ ਪ੍ਰਕਾਰ ਦੇ ਪੰਛੀਆਂ ਨੂੰ ਦਿਖਾਇਆ ਗਿਆ ਸੀ। ਝਾਕੀ ਦੇ ਕੇਂਦਰ ਵਿਚ ਉਤਰਾਖੰਡ ਨਾਲ ਸਬੰਧਤ ਕਸਤੂਰੀ ਮੁਰਗ, ਰਾਸ਼ਟਰੀ ਪੰਛੀ ਮੋਰ ਅਤੇ ਘੋਰਲ ਨੂੰ ਦਿਖਾਇਆ ਗਿਆ ਸੀ। ਇਸ ਤੋਂ ਅੱਗੇ ਝਾਕੀ ਵਿਚ 125 ਛੋਟੇ ਅਤੇ ਵੱਡੇ ਪ੍ਰਾਚੀਨ ਮੰਦਿਰ ਦਿਖਾਏ ਗਏ ਹਨ। ਇਸੇ ਦੌਰਾਨ ਸਭ ਤੋਂ ਪਿੱਛੇ ਦੇਵਦਾਰ ਦੇ ਦਰੱਖਤ ਦਿਖਾਏ ਗਏ ਸਨ। ਧਿਆਨ ਰਹੇ ਕਿ ਗਣਤੰਤਰ ਦਿਵਸ ਮੌਕੇ ਪਰੇਡ ਵਿਚ 23 ਝਾਕੀਆਂ ਨੂੰ ਸ਼ਾਮਲ ਕੀਤਾ ਗਿਆ ਸੀ, ਪਰ ਪੰਜਾਬ ਦੀ ਝਾਕੀ ਨੂੰੂ ਇਸ ਵਾਰ ਪਰੇਡ ਵਿਚ ਸ਼ਾਮਲ ਨਹੀਂ ਕੀਤਾ ਗਿਆ। ਇਸੇ ਦੌਰਾਨ ਤਿੰਨੋ ਭਾਰਤੀ ਫੌਜਾਂ ਵਿਚੋਂ ਗਣਤੰਤਰ ਦਿਵਸ ਮੌਕੇ ਪੰਜਾਬ ਰੈਜੀਮੈਂਟ ਨੂੰ ਬੈਸਟ ਮਾਰਚਿੰਗ ਦਸਤੇ ਦਾ ਐਵਾਰਡ ਮਿਲਿਆ ਹੈ।