
ਕਪਿੱਲ ਸਿੱਬਲ ਨੇ ਕਿਹਾ – ਕਾਂਗਰਸ ਆਪਣਿਆਂ ‘ਤੇ ਨਹੀਂ, ਸਗੋਂ ਭਾਜਪਾ ਊਪਰ ਸਰਜੀਕਲ ਸਟ੍ਰਾਈਕ ਕਰੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਵਿਚ ਚੱਲ ਰਿਹਾ ਅੰਦਰੂਨੀ ਕਲੇਸ਼ ਹੌਲੀ-ਹੌਲੀ ਸਾਹਮਣੇ ਆ ਰਿਹਾ ਹੈ। ਸੀਨੀਅਰ ਆਗੂ ਕਪਿੱਲ ਸਿੱਬਲ ਨੇ ਉਤਰ ਪ੍ਰਦੇਸ਼ ਕਾਂਗਰਸ ਵਲੋਂ ਪਾਰਟੀ ਦੇ ਹੀ ਆਗੂ ਜਤਿਨ ਪ੍ਰਸਾਦ ‘ਤੇ ਨਿਸ਼ਾਨਾ ਸਾਧੇ ਜਾਣ ਦੀ ਆਲੋਚਨਾ ਕੀਤੀ ਹੈ। ਸਿੱਬਲ ਨੇ ਟਵੀਟ ਕਰਕੇ ਕਿਹਾ ਕਿ ਜਤਿਨ ਪ੍ਰਸਾਦ ਨੂੰ ਕਾਂਗਰਸ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕਾਂਗਰਸ ਨੂੰ ਆਪਣਿਆਂ ‘ਤੇ ਨਹੀਂ ਸਗੋਂ ਭਾਜਪਾ ਉਪਰ ਸਰਜੀਕਲ ਸਟ੍ਰਾਈਕ ਕਰਨੀ ਚਾਹੀਦੀ ਹੈ। ਧਿਆਨ ਰਹੇ ਕਿ ਜਤਿਨ ਪ੍ਰਸਾਦ ਉਨ੍ਹਾਂ 23 ਆਗੂਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਪਾਰਟੀ ਪ੍ਰਧਾਨ ਬਦਲਣ ਲਈ ਸੋਨੀਆ ਗਾਂਧੀ ਨੂੰ ਚਿਠੀ ਲਿਖੀ ਸੀ। ਸਿੱਬਲ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਪ੍ਰਸਾਦ ਨੂੰ ਅਧਿਕਾਰਤ ਤੌਰ ‘ਤੇ ਨਿਸ਼ਾਨਾ ਬਣਾਉਣਾ ਮੰਦਭਾਗਾ ਹੈ।