ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਕਿ 2021 ਲਖੀਮਪੁਰ ਖੀਰੀ ਹਿੰਸਾ ਕੇਸ, ਜਿਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ, ‘ਚ ਸੁਣਵਾਈ ਦੀ ਕਾਰਵਾਈ ‘ਸੁਸਤ’ ਰਫ਼ਤਾਰ ਨਹੀਂ ਹੈ। ਸਿਖਰਲੀ ਕੋਰਟ ਨੇ ਸਬੰਧਤ ਸੈਸ਼ਨ ਜੱਜ ਨੂੰ ਇਸ ਕੇਸ ਦੇ ਟਰਾਇਲ ਨਾਲ ਜੁੜੀ ਭਵਿੱਖੀ ਜਾਣਕਾਰੀ ਦਿੰਦੇ ਰਹਿਣ ਦੀ ਹਦਾਇਤ ਕੀਤੀ ਹੈ। ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਉਹ ਕੇਸ ਦੇ ਟਰਾਇਲ ਦੀ ਭਾਵੇਂ ਨਿਗਰਾਨੀ ਨਹੀਂ ਕਰ ਰਹੀ, ਪਰ ਉਸ ਦੀ ਇਸ ਉਤੇ ‘ਅਸਿੱਧੀ ਨਜ਼ਰ’ ਜ਼ਰੂਰ ਹੈ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ.ਕੇ.ਮਹੇਸ਼ਵਰੀ ਦੇ ਬੈਂਚ ਨੇ ਕਿਹਾ ਕਿ 25 ਜਨਵਰੀ ਨੂੰ ਇਸ ਕੇਸ ਵਿੱਚ ਆਸ਼ੀਸ਼ ਮਿਸ਼ਰਾ ਨੂੰ ਅੱਠ ਹਫ਼ਤਿਆਂ ਲਈ ਦਿੱਤੀ ਅੰਤਰਿਮ ਜ਼ਮਾਨਤ ਦੇ ਹੁਕਮ ਅੱਗੋਂ ਵੀ ਅਮਲ ਵਿੱਚ ਰਹਿਣਗੇ।
ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਪੀੜਤ ਪਰਿਵਾਰਾਂ ਵੱਲੋਂ ਪੇਸ਼ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਬੈਂਚ ਨੂੰ ਦੱਸਿਆ ਕਿ ਲਗਪਗ 200 ਪ੍ਰੋਸੀਕਿਊਸ਼ਨ ਗਵਾਹਾਂ ਤੋਂ ਅਜੇ ਸਵਾਲ ਜਵਾਬ ਕੀਤੇ ਜਾਣੇ ਹਨ ਤੇ ਉਹ ਕੇਸ ਦੇ ‘ਟਰਾਇਲ ਦੀ ਸੁਸਤ ਰਫ਼ਤਾਰ’ ਤੋਂ ਫਿਕਰਮੰਦ ਹਨ। ਇਸ ‘ਤੇ ਬੈਂਚ ਨੇ ਕਿਹਾ, ”ਟਰਾਇਲ ਸੁਸਤ ਰਫ਼ਤਾਰ ਨਹੀਂ ਹੈ। ਸਾਨੂੰ ਟਰਾਇਲ ਜੱਜ ਵੱਲੋਂ ਤਿੰਨ ਪੱਤਰ ਮਿਲੇ ਹਨ।” ਬੈਂਚ ਨੇ ਕਿਹਾ ਕਿ ਉਸ ਨੇ ਪਹਿਲਾ ਦਰਜਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਲਖੀਮਪੁਰ ਖੀਰੀ ਵੱਲੋਂ ਮਿਲੇ ਪੱਤਰਾਂ ਦੇ ਵਿਸ਼ਾ-ਵਸਤੂ ਨੂੰ ਪੜ੍ਹਿਆ ਹੈ। ਸਿਖਰਲੀ ਕੋਰਟ ਨੇ ਕਿਹਾ ਕਿ ਇਨ੍ਹਾਂ ਪੱਤਰਾਂ ਮੁਤਾਬਕ ਤਿੰਨ ਗਵਾਹਾਂ ਤੋਂ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ ਜਦੋਂਕਿ ਇਨ੍ਹਾਂ ਵਿਚੋਂ ਇਕ ਗਵਾਹ ਤੋਂ ਦੂਜੀ ਧਿਰ ਵੱਲੋਂ ਮੋੜਵੇਂ ਸਵਾਲ ਜਵਾਬ ਕੀਤੇ ਜਾ ਰਹੇ ਹਨ। ਕੋਰਟ ਨੇ ਕਿਹਾ, ”ਅਸੀਂ ਇਥੇ ਮੋਨੀਟਰਿੰਗ (ਨਿਗਰਾਨੀ) ਸ਼ਬਦ ਨਹੀਂ ਵਰਤੇ ਰਹੇ, ਪਰ ਅਸੀਂ ਟਰਾਇਲ ਦੀ ਅਸਿੱਧੀ ਦੇਖ-ਰੇਖ ਕਰ ਰਹੇ ਹਾਂ ਤੇ ਅਸੀਂ ਇਹ ਕਰਾਂਗੇ। ਕੁਝ ਹੋਰ ਸਮੇਂ ਲਈ ਕੇਸ ਦਾ ਸਟੇਟਸ ਇਹੀ ਰਹਿਣ ਦਿੱਤਾ ਜਾਵੇ।” ਉਂਜ ਸੁਣਵਾਈ ਦੌਰਾਨ ਆਸ਼ੀਸ਼ ਮਿਸ਼ਰਾ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਪੇਸ਼ ਹੋਏ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …