ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਨਰਿੰਦਰ ਤੋਮਰ ਅਤੇ ਪ੍ਰਹਿਲਾਦ ਸਿੰਘ ਪਟੇਲ ਨੇ ਲੋਕ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਲਿਆ ਹੈ ਕਿ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ‘ਚ ਚੁਣੇ ਗਏ ਸਾਰੇ ਸੰਸਦ ਮੈਂਬਰ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਗੇ। ਇਸ ਮਹੱਤਵਪੂਰਨ ਘਟਨਾਕ੍ਰਮ ਦੇ ਨਾਲ ਸਪੱਸ਼ਟ ਸੰਕੇਤ ਮਿਲੇ ਹਨ ਕਿ ਅਸਤੀਫਾ ਦੇਣ ਵਾਲੇ ਸੰਸਦ ਮੈਂਬਰ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀ ਭਵਿੱਖ ਦੀ ਸਰਕਾਰ ਵਿੱਚ ਸ਼ਾਮਲ ਹੋਣਗੇ। ਇਸ ਕਦਮ ਨਾਲ ਇਹ ਵਿਚਾਰ ਵੀ ਪੈਦਾ ਹੋਇਆ ਹੈ ਕਿ ਪਾਰਟੀ ਦੀ ਲੀਡਰਸ਼ਿਪ ਤਿੰਨੋਂ ਸੂਬਿਆਂ ਵਿੱਚ ਨਵੇਂ ਚਿਹਰਿਆਂ ਨੂੰ ਮੁੱਖ ਮੰਤਰੀ ਦੇ ਅਹੁਦਿਆਂ ‘ਤੇ ਮੌਕਾ ਦੇ ਸਕਦੀ ਹੈ, ਹਾਲਾਂਕਿ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੇ ਨਾਲ 10 ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਸੰਸਦ ਮੈਂਬਰਾਂ ਨੇ ਆਪੋ-ਆਪਣੇ ਅਸਤੀਫੇ ਸੌਂਪੇ ਅਤੇ ਫਿਰ ਸਾਰਿਆਂ ਨੇ ਸੰਸਦ ਭਵਨ ਕੰਪਲੈਕਸ ਵਿੱਚ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪਾਰਟੀ ਆਗੂਆਂ ਨੇ ਕਿਹਾ ਕਿ ਦੋ ਹੋਰ ਕੇਂਦਰੀ ਮੰਤਰੀ ਰੇਣੂਕਾ ਸਿੰਘ ਅਤੇ ਮਹੰਤ ਬਾਲਕਨਾਥ ਵੀ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਗੇ। ਅਸਤੀਫਾ ਦੇਣ ਵਾਲੇ 10 ਸੰਸਦ ਮੈਂਬਰਾਂ ਵਿੱਚ ਤੋਮਰ ਤੇ ਪਟੇਲ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਸੰਸਦ ਮੈਂਬਰ ਰਾਕੇਸ਼ ਸਿੰਘ, ਉਦੈ ਪ੍ਰਤਾਪ ਸਿੰਘ ਤੇ ਰਿਤੀ ਪਾਠਕ, ਰਾਜਸਥਾਨ ਤੋਂ ਕਿਰੋੜੀ ਲਾਲ ਮੀਣਾ, ਦੀਯਾ ਕੁਮਾਰੀ ਤੇ ਰਾਜਵਰਧਨ ਸਿੰਘ ਰਾਠੌਰ ਅਤੇ ਛੱਤੀਸਗੜ੍ਹ ਤੋਂ ਗੋਮਤੀ ਸਾਈ ਤੇ ਅਰੁਣ ਸਾਓ ਸ਼ਾਮਲ ਹਨ। ਮੀਣਾ ਨੂੰ ਛੱਡ ਕੇ ਬਾਕੀ ਸਾਰੇ ਲੋਕ ਸਭਾ ਮੈਂਬਰ ਹਨ ਜਦਕਿ ਮੀਣਾ ਰਾਜ ਸਭਾ ਮੈਂਬਰ ਹਨ।